ਫ਼ਰੰਟਲਾਈਨ ਕਰਮਚਾਰੀਆਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਕੀਤਾ ਸ਼ਲਾਘਾਯੋਗ ਕੰਮ: ਬ੍ਰਹਮ ਮਹਿੰਦਰਾ

ਏਜੰਸੀ

ਖ਼ਬਰਾਂ, ਪੰਜਾਬ

ਫ਼ਰੰਟਲਾਈਨ ਕਰਮਚਾਰੀਆਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਕੀਤਾ ਸ਼ਲਾਘਾਯੋਗ ਕੰਮ: ਬ੍ਰਹਮ ਮਹਿੰਦਰਾ

image

ਚੰਡੀਗੜ੍ਹ, 18 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕੋਰੋਨਾ ਮਹਾਂਮਾਰੀ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਤਹਿਤ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਨੇ ਮੁਹਰਲੀ ਕਤਾਰ ਵਿਚ ਅਪਣੇ ਕੰਮ ਨੂੰ ਨਿਪੁੰਨਤਾ ਨਾਲ ਪੂਰਾ ਕੀਤਾ ਜੋ ਕਿ ਸ਼ਲਾਘਾਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮਿਊਂਸੀਪਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਦੋ ਯੂਨੀਅਨਾਂ (ਪੰਜਾਬ ਸਫ਼ਾਈ ਯੂਨੀਅਨ ਅਤੇ ਮਿਊਂਸੀਪਲ ਇੰਪਲਾਈਜ਼ ਐਕਸ਼ਨ ਕਮੇਟੀ) ਨਾਲ ਮੀਟਿੰਗ ਦੌਰਾਨ ਕੀਤਾ। ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁਲਾਜ਼ਮਾਂ ਵਲੋਂ ਪੱਕੇ ਕਰਨ ਦੀ ਮੰਗ ਨੂੰ ਸਬ-ਕਮੇਟੀ ਦੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ ਅਤੇ ਮਿਊਂਸੀਪਲ ਤੇ ਕਾਰਪੋਰੇਸ਼ਨਾਂ ਵਿਚ ਸਫ਼ਾਈ ਕਰਮਚਾਰੀਆਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਨ ਸਬੰਧੀ ਜਲਦ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਮੀਟਿੰਗ ਵਿਚ ਹਾਜ਼ਰ ਉਚ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋੜ ਅਨੁਸਾਰ ਵਿਭਾਗ ਵਲੋਂ ਜਨਸੰਖਿਆ ਦੇ ਆਧਾਰ ’ਤੇ ਬੀਟਾਂ ਤੈਅ ਕਰਦੇ ਹਏ ਭਰਤੀ ਸਬੰਧੀ ਤਜਵੀਜ ਡੀ.ਡੀ.ਆਰ./ ਕਮਿਸ਼ਨਰ ਰਾਹੀਂ ਛੇਤੀ ਭੇਜੀ ਜਾਵੇ ਤਾਂ ਜੋ ਸਫ਼ਾਈ ਕਰਮਚਾਰੀਆਂ ਦੀ ਹੋਰ ਭਰਤੀ ਕੀਤੀ ਜਾ ਸਕੇ। ਸ੍ਰੀ ਬ੍ਰਹਮ ਮਹਿੰਦਰਾ ਨੇ ਸਫ਼ਾਈ ਕਰਮਚਾਰੀ ਯੂਨੀਅਨਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਦੀਆਂ ਹਰ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਫ਼ੈਸਲਾ ਲਿਆ ਜਾਵੇਗਾ।
ਸਫ਼ਾਈ ਕਰਮਚਾਰੀਆਂ ਨੂੰ ਉਨ੍ਹਾਂ ਦੀ ਸੁਰਖਿਆ ਲਈ ਸੇਫ਼ਟੀ ਕਿੱਟਾਂ ਪ੍ਰਦਾਨ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਤੋਂ ਇਸ ਬਾਰੇ ਸੁਝਾਅ ਲੈ ਕੇ ਕਮੇਟੀ ਬਣਾਈ ਜਾਵੇ। 
ਇਹ ਕਿੱਟਾਂ ਸਫ਼ਾਈ ਕਰਮਚਾਰੀਆਂ ਨੂੰ ਨਿਸ਼ਚਿਤ ਸਮੇਂ ਵਿਚ ਮੁਹਈਆ ਕਰਵਾਈਆਂ ਜਾਣ ਤਾਂ ਜੋ ਉਚ ਜੋਖ਼ਮ ਵਾਲੀਆਂ ਥਾਵਾਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਸੁਰਖਿਆ ਯਕੀਨੀ ਬਣਾਈ ਜਾ ਸਕੇ।