ਬੇਅਦਬੀ ਮਾਮਲਾ : ਸਵੇਰੇ 11 ਵਜੇ ਹੀ ਦਰਬਾਰ ਸਾਹਿਬ ਆ ਗਿਆ ਸੀ ਮੁਲਜ਼ਮ - Dy CM ਸੁਖਜਿੰਦਰ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਸੋਚੀ-ਸਮਝੀ ਸਾਜ਼ਿਸ਼ ਤਹਿਤ ਹੋਇਆ, 295ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ 

Dy CM Sukhjinder Singh Randhawa

ਅੰਮ੍ਰਿਤਸਰ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਅੰਮ੍ਰਿਤਸਰ ਵਿਖੇ ਪੁਲਿਸ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਰੰਧਾਵਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਘਟਨਾ ਕਿਸੇ ਵੱਡੀ ਸਾਜ਼ਿਸ਼ ਦੀ ਨਿਸ਼ਾਨੀ ਹੈ। ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਕੋਈ ਫੋਨ ਜਾਂ ਪਛਾਣ ਪੱਤਰ ਬਰਾਮਦ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸਵੇਰੇ 11 ਵਜੇ ਹੀ ਦਰਬਾਰ ਸਾਹਿਬ ਆਏ ਸਨ ਅਤੇ ਕਾਫੀ ਦੇਰ ਅੰਦਰ ਰਹੇ। ਇਸ ਦੇ ਨਾਲ ਹੀ ਹੁਣ ਪੋਸਟਮਾਰਟਮ ਤੋਂ ਬਾਅਦ ਪੂਰੀ ਜਾਂਚ ਕੀਤੀ ਜਾਵੇਗੀ।

ਸਾਰੀਆਂ ਥਾਵਾਂ 'ਤੇ ਸੀਸੀਟੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਡਿਪਟੀ ਸੀਐਮ ਨੇ ਕਿਹਾ ਕਿ ਮੈਂ ਇਸ ਮਾਮਲੇ ਸਬੰਧੀ 295ਏ ਵਿਚ ਸਜ਼ਾ ਵਧਾਉਣ ਲਈ ਪੱਤਰ ਲਿਖਾਂਗਾ। ਇਸ ਅਪਰਾਧ ਲਈ ਦੋਸ਼ੀ ਨੂੰ ਘੱਟੋ-ਘੱਟ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ। ਖਬਰਾਂ ਅਨੁਸਾਰ ਮੁਲਜ਼ਮ ਯੂਪੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪਰ ਇਸ ਬਾਬਤ ਅਜੇ ਤੱਕ ਪੁਲਿਸ ਨੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ।

ਤਾਜ਼ਾ ਜਾਣਕਾਰੀ ਅਨੁਸਾਰ ਉਕਤ ਮਾਮਲੇ ਵਿਚ 295ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਰੰਧਾਵਾ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਟਾਸਕ ਫੋਰਸ ਨੇ ਵੀ ਮੁਸਤੈਦੀ ਨਾਲ ਕੰਮ ਕੀਤਾ।  ਮੁਲਜ਼ਮ ਦੀ ਪਛਾਣ ਲਈ ਹਰ ਗਲੀ ਮੁਹੱਲੇ ਦੇ CCTV ਖੰਗਾਲੇ ਜਾ ਰਹੇ ਹਨ ਅਤੇ ਸੁਰੱਖਿਆ ਵੀ ਸਖਤ ਕਰ ਦਿਤੀ ਗਈ ਹੈ।

ਰੰਧਾਵਾ ਨੇ ਦੱਸਿਆ ਕਿ ਉਕਤ ਮੁਲਜ਼ਮ ਸਵੇਰੇ ਹੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਪਹੁੰਚ ਗਿਆ ਸੀ ਅਤੇ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਲੰਮੇ ਵੀ ਪਿਆ ਰਿਹਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਉਸ ਕੋਲੋਂ ਕੋਈ ਵੀ ਸ਼ਨਾਖਤੀ ਕਾਰਡ ਬਰਾਮਦ ਨਹੀਂ ਹੋਇਆ ਅਤੇ ਉਸ ਦੇ ਮਰਨ ਨਾਲ ਇਹ ਸਭ ਗੁਪਤ ਹੀ ਰਹੇ ਗਿਆ ਪਰ ਫਿਰ ਵੀ ਇਸ ਮਸਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।  

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੂੰ ਗਲਬਾਤ ਦੌਰਾਨ ਕਿਹਾ ਗਿਆ ਹੈ ਕਿ ਦਰਬਾਰ ਸਾਹਿਬ ਆ ਕੇ ਜ਼ਿਆਦਾ ਸਮਾਂ ਬੈਠੇ ਰਹਿਣ ਜਾਂ ਲੰਮੇ ਪੈਣ ਵਾਲਿਆਂ ਦੀ ਪੂਰੀ ਜਾਣਕਾਰੀ ਰਾਖੀ ਜਾਵੇ ਅਤੇ ਪੁੱਛਗਿੱਛ ਵੀ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।