ਕਪੂਰਥਲਾ ‘ਚ ਬੇਅਦਬੀ ਤੋਂ ਬਾਅਦ ਪੁਲਿਸ ਦੀ ਵੱਡੀ ਕਾਰਵਾਈ, 2 FIR ਕੀਤੀਆਂ ਦਰਜ
ਪੁਲਿਸ ਦੇ ਕੰਮ ‘ਚ ਰੁਕਾਵਟ ਪਾਉਣ ‘ਤੇ ਕਤਲ ਦੀਆਂ ਧਾਰਾਵਾਂ ਲਾ 4 ਲੋਕਾਂ ਨੂੰ ਕੀਤਾ ਨਾਮਜ਼ਦ
ਕਪੂਰਥਲਾ: ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿਚ ਵਾਪਰੀ ਬੇਅਦਬੀ ਘਟਨਾ ਦੇ ਦੋਸ਼ ਵਿੱਚ ਸੰਗਤ ਵਲੋਂ ਕੁੱਟ-ਕੁੱਟ ਮਾਰੇ ਗਏ ਵਿਅਕਤੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਦੋ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਇਕ ਪੁਲਿਸ ਦੇ ਕੰਮ ਵਿਚ ਰੁਕਾਵਟ ਪਾਉਣ ਲਈ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਜਦੋਂ ਕਿ 306 ਵਿਚ 4 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। 306 ਵਿੱਚ ਕਤਲ ਦੀਆਂ ਧਾਰਾਵਾਂ ਸ਼ਾਮਲ ਹਨ। ਪੁਲਿਸ ਨੇ ਬੇਅਦਬੀ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰਦੇ ਕਿਹਾ ਕਿ ਸਖਸ਼ ਚੋਰੀ ਦੇ ਇਰਾਦੇ ਨਾਲ ਆਇਆ ਸੀ।
ਗੁਰਿੰਦਰ ਸਿੰਘ ਢਿੱਲੋਂ ਆਈ. ਜੀ. ਜਲੰਧਰ ਨੇ ਦੱਸਿਆ ਕਿ ਪਹਿਲੀ FIR 305 (295 ਏ) ਤਹਿਤ ਅਮਰਜੀਤ ਸਿੰਘ ਦੇ ਬਿਆਨ ਦੇ ਆਧਾਰ ‘ਤੇ ਕੀਤੀ ਗਈ ਹੈ, ਜੋ ਗੁਰਦੁਆਰਾ ਸਾਹਿਬ ਦੀ ਦੇਖ-ਰੇਖ ਕਰਦਾ ਹੈ। ਦੂਜੀ ਐੱਫ. ਆਈ. ਆਰ. ਐੱਸ. ਐੱਚ. ਓ. ਦੇ ਬਿਆਨ ਦੇ ਆਧਾਰ ਉਤੇ ਕੀਤੀ ਗਈ ਹੈ। ਜੋ ਮੌਕੇ ਉਤੇ ਹਾਜ਼ਰ ਸੀ, ਜਦੋਂ ਇਹ ਸਾਰਾ ਕੁਝ ਹੋਇਆ।
ਢਿੱਲੋਂ ਨੇ ਕਿਹਾ ਕਿ ਵਿਅਕਤੀ ਪ੍ਰਵਾਸੀ ਲੱਗ ਰਿਹਾ ਸੀ। ਉਸ ਨੂੰ ਭੀੜ ਨੇ ਕੁੱਟਿਆ ਤੇ ਵੀਡੀਓ ਬਣਾਈ ਅਤੇ ਉਸ ਵੀਡੀਓ ਨੂੰ ਇਮੋਟਿਵ ਮੈਸੇਜ ਦੇ ਕੇ ਲੋਕਾਂ ਨੂੰ ਇਕੱਠਾ ਕੀਤਾ ਤੇ ਵਿਅਕਤੀ ਨੂੰ ਉਥੇ ਹੀ ਰੋਕ ਲਿਆ । ਪੁਲਿਸ ਨੇ ਕਾਫੀ ਰੋਕਿਆ ਪਰ ਭੀੜ ਨੇ ਜ਼ੋਰ-ਜ਼ਬਰਦਸਤੀ ਕਰਕੇ ਵਿਅਕਤੀ ਦੀ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ। ਇਸ ਦੌਰਾਨ ਭੀੜ ਨੇ ਪੁਲਿਸ ਉਤੇ ਹਮਲਾ ਵੀ ਕੀਤਾ ਅਤੇ ਪੁਲਿਸ ਦੀ ਡਿਊਟੀ ਵਿਚ ਵੀ ਰੁਕਾਵਟ ਪਾਈ। ਇਸ ਤੋਂ ਬਾਅਦ ਉਨ੍ਹਾਂ ਨੇ ਵਿਅਕਤੀ ਨੂੰ ਹਥਿਆਰ ਵਰਤ ਕੇ ਉਸ ਦੀ ਕੁੱਟਮਾਰ ਕੀਤੀ ਤੇ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।