ਨਵਜੋਤ ਸਿੱਧੂ ਦੀ ਕੇਜਰੀਵਾਲ ਨੂੰ ਬਹਿਸ ਦੀ ਚੁਨੌਤੀ, ਕਿਹਾ - ਜੇ ਹਾਰ ਗਿਆ ਤਾਂ ਛੱਡ ਦੇਵਾਂਗਾ ਸਿਆਸਤ
ਇੰਨੀ ਜਲਦੀ ਤਾਂ ਗਿਰਗਿਟ ਵੀ ਰੰਗ ਨਹੀਂ ਬਦਲਦਾ ਜਿੰਨੀ ਜਲਦੀ ਕੇਜਰੀਵਾਲ ਨੇ ਬਦਲਿਆ ਹੈ
ਸੁਲਤਾਨਪੁਰ ਲੋਧੀ (ਪਪ) : ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ’ਤੇ ਵੱਡੇ ਹਮਲੇ ਬੋਲੇ ਹਨ। ਸਿੱਧੂ ਨੇ ਕਿਹਾ ਕਿ ਬਾਦਲ ਪ੍ਰਵਾਰ ਨੇ ਜਿਥੇ ਹਮੇਸ਼ਾ ਪੰਜਾਬ ਨੂੰ ਲੁਟਿਆ ਹੈ, ਉਥੇ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਝੂਠੇ ਵਾਅਦੇ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਨਵਜੋਤ ਸਿੱਧੂ ਸੁਲਤਾਨਪੁਰ ਲੋਧੀ ਵਿਚ ਵਿਧਾਇਕ ਨਵਤੇਜ ਚੀਮਾ ਦੇ ਹੱਕ ਵਿਚ ਰੈਲੀ ਕਰਨ ਪਹੁੰਚੇ ਹੋਏ ਸਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਰੇਤਾ ਚੋਰੀ ਕਰਨ ਵਾਲੇ ਅੱਜ ਕਾਰਪੋਰੇਸ਼ਨ ਖੋਲ੍ਹਣ ਦੀਆਂ ਗੱਲਾਂ ਕਰ ਰਹੇ ਹਨ। ਬਾਦਲ ਪ੍ਰਵਾਰ ਨੇ ਸੱਭ ਤੋਂ ਵੱਧ ਪੰਜਾਬ ਨੂੰ ਲੁਟਿਆ ਹੈ। ਸੁਖਬੀਰ ਬਾਦਲ ਨੂੰ ਗੁਰੂ ਦਾ ਦੋਖੀ ਦਸਦੇ ਹੋਏ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸੁੱਖ ਵਿਲਾਸ ਹੋਟਲ ਬਣਿਆ, 6 ਹਜ਼ਾਰ ਬਸਾਂ ਪਈਆਂ ਜਦਕਿ ਹੁਣ ਸੁਖਬੀਰ ਫ਼ੁਟਬਾਲ ਖੇਡ ਕੇ ਮੁੜ ਪੰਜਾਬੀਆਂ ਨੂੰ ਮੂਰਖ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਦੌਰਾਨ ਸਿੱਧੂ ਨੇ ਕੇਜਰੀਵਾਲ ਨੂੰ ਟੀ. ਵੀ. ’ਤੇ ਬਹਿਸ ਕਰਨ ਦੀ ਖੁੱਲ੍ਹੀ ਚੁਣੌਤੀ ਵੀ ਦਿਤੀ ਅਤੇ ਕਿਹਾ ਕਿ ਜੇਕਰ ਉਹ ਬਹਿਸ ਵਿਚ ਹਾਰ ਗਏ ਤਾਂ ਉਹ ਸਿਆਸਤ ਛੱਡ ਦੇਣਗੇ।
ਸਿੱਧੂ ਨੇ ਕਿਹਾ ਕਿ ਇੰਨੀ ਜਲਦੀ ਤਾਂ ਗਿਰਗਿਟ ਵੀ ਰੰਗ ਨਹੀਂ ਬਦਲਦਾ ਜਿੰਨੀ ਜਲਦੀ ਕੇਜਰੀਵਾਲ ਨੇ ਬਦਲਿਆ ਹੈ। ਕੇਜਰੀਵਾਲ ਸੁਖਬੀਰ ਬਾਦਲ ਤੋਂ ਵੀ ਵੱਡਾ ਗੱਪੀ ਹੈ। ਕੇਜਰੀਵਾਲ ਸਿਰਫ਼ ਇਸ਼ਤਿਹਾਰੀ ਮੁੱਖ ਮੰਤਰੀ ਬਣ ਕੇ ਰਹਿ ਗਿਆ ਹੈ। ਉਹ ਪੰਜਾਬ ਵਿਚ ਔਰਤਾਂ ਨੂੰ ਸਨਮਾਨ ਦੇਣ ਦੀ ਗੱਲ ਕਰ ਰਿਹਾ ਹੈ ਪਰ ਪਹਿਲਾਂ ਦੱਸਣ ਕਿ ਦਿੱਲੀ ਸਰਕਾਰ ਦੀ ਕੈਬਨਿਟ ਵਿਚ ਇਕ ਵੀ ਔਰਤ ਕਿਉਂ ਨਹੀਂ?
ਕੇਜਰੀਵਾਲ ਉਹ ਆਗੂ ਹੈ ਜਿਹੜਾ ਚੋਣਾਂ ਨੇੜੇ ਝੂਠੇ ਵਾਅਦੇ ਕਰਨ ਹੀ ਪੰਜਾਬ ਆਉਂਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਕਾਲੀ ਦਲ ਨਾਲ ਮਿਲਿਆ ਹੋਇਆ ਹੈ, ਇਸੇ ਲਈ ਉਨ੍ਹਾਂ ਬਿਕਰਮ ਮਜੀਠੀਆ ਤੋਂ ਮਾਫ਼ੀ ਮੰਗੀ। ਕੇਜਰੀਵਾਲ ਹੋਰ ਕਿਸੇ ਵੀ ਲੀਡਰ ਨੂੰ ਉੱਠਣ ਨਹੀਂ ਦੇਣਾ ਚਾਹੁੰਦਾ। ਜਿਸ ਸਮੇਂ ਉਨ੍ਹਾਂ ਰਾਜ ਸਭਾ ਛੱਡੀ ਤਾਂ ਆਮ ਆਦਮੀ ਪਾਰਟੀ ਦੇ ਆਗੂ ਉਨ੍ਹਾਂ ਕੋਲ ਵੀ ਆਏ ਸਨ ਪਰ ਉਨ੍ਹਾਂ (ਸਿੱਧੂ) ਨੇ ਸਾਫ਼ ਇਨਕਾਰ ਕਰ ਦਿਤਾ। ਕੇਜਰੀਵਾਲ ਹੁਣ ਫਿਰ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਦਾਲਾਂ ਤੇ ਤੇਲ ਬੀਜਾਂ ’ਤੇ ਦੇਵਾਂਗੇ ਐਮ.ਐਸ.ਪੀ.
ਸਿੱਧੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਫ਼ਸਲਾਂ ’ਤੇ ਐਮ.ਐਸ.ਪੀ. ਨਹੀਂ ਦਿੰਦੀ ਤਾਂ ਪੰਜਾਬ ਸਰਕਾਰ ਦਾਲਾਂ, ਆਇਲ ਸੀਡ ’ਤੇ ਐਮ.ਐਸ.ਪੀ. ਦੇਵੇਗੀ। ਇਸ ਦੌਰਾਨ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੈਪਟਨ ਆਖਦਾ ਸੀ ਕਿ ਸਿੱਧੂ ਲਈ ਹੁਣ ਸਾਰੇ ਦਰਵਾਜ਼ੇ ਬੰਦ ਹੋ ਗਏ ਹਨ ਪਰ ਹੁਣ ਉਹ ਆਪ ਘਰ ਬੈਠ ਗਿਆ ਹੈ।