ਇਨਕਮ ਟੈਕਸ ਦੀ ਰੇਡ ਮਗਰੋਂ ਬੋਲੇ ਅਖਿਲੇਸ਼, ‘ਅਜੇ ਤਾਂ ਈ.ਡੀ. ਤੇ ਸੀ.ਬੀ.ਆਈ. ਆਉਣੀ ਬਾਕੀ ਹੈ’

ਏਜੰਸੀ

ਖ਼ਬਰਾਂ, ਪੰਜਾਬ

ਇਨਕਮ ਟੈਕਸ ਦੀ ਰੇਡ ਮਗਰੋਂ ਬੋਲੇ ਅਖਿਲੇਸ਼, ‘ਅਜੇ ਤਾਂ ਈ.ਡੀ. ਤੇ ਸੀ.ਬੀ.ਆਈ. ਆਉਣੀ ਬਾਕੀ ਹੈ’

image

ਲਖਨਊ, 18 ਦਸੰਬਰ : ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਪਾਰਟੀ ਦੇ ਰਾਸ਼ਟਰੀ ਸਕੱਤਰ ਰਾਜੀਵ ਰਾਏ ਅਤੇ ਉਨ੍ਹਾਂ ਦੇ ਨਿਜੀ ਸਕੱਤਰ ਜੈਨੇਂਦਰ ਯਾਦਵ ਸਮੇਤ ਕਈ ਨੇਤਾਵਾਂ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵਲੋਂ ਮਾਰੇ ਗਏ ਛਾਪੇ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਚੋਣਾਂ ਆਉਂਦਿਆਂ ਹੀ ਭਾਜਪਾ ਨੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਸ਼ੁਰੂ ਕਰ ਦਿਤੀ ਹੈ।
ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਸੱਭ ਚੋਣਾਂ ਤੋਂ ਪਹਿਲਾਂ ਜਾਣਬੁੱਝ ਕੇ ਕੀਤਾ ਗਿਆ ਹੈ। ਇਹ ਸੱਭ ਕੁੱਝ ਪਹਿਲਾਂ ਵੀ ਹੋ ਸਕਦਾ ਸੀ, ਪਰ ਚੋਣਾਂ ਤੋਂ ਪਹਿਲਾਂ ਦੀ ਇਹ ਕਾਰਵਾਈ ਦਰਸ਼ਾਉਂਦੀ ਹੈ ਕਿ ਭਾਜਪਾ ਸਰਕਾਰ ਵਿਤਕਰੇ ਨਾਲ ਕੰਮ ਕਰਦੀ ਹੈ। ਉੱਤਰ ਪ੍ਰਦੇਸ਼ ਦੇ ਲੋਕ ਹੁਣ ਇਸ ਗੱਲ ਨੂੰ ਸਮਝ ਚੁੱਕੇ ਹਨ। ਅਖਿਲੇਸ਼ ਯਾਦਵ ਇਨ੍ਹੀਂ ਦਿਨੀਂ ਸਮਾਜਵਾਦੀ ਵਿਜੇ ਯਾਤਰਾ ’ਤੇ ਹਨ। ਇਸੇ ਸਿਲਸਿਲੇ ਵਿਚ ਯਾਦਵ ਨੇ ਰਾਏਬਰੇਲੀ ਵਿਚ ਪੱਤਰਕਾਰਾਂ ਨੂੰ ਕਿਹਾ, “ਅਜੇ ਤਾਂ ਆਈ.ਟੀ ਆਇਆ ਹੈ। ਹਲੇ ਈ.ਡੀ ਤੇ ਸੀ.ਬੀ.ਆਈ ਦਾ ਉੱਤਰ ਪ੍ਰਦੇਸ਼ ਵਿਚ ਆਉਣਾ ਬਾਕੀ ਹੈ। ਤੁਸੀਂ ਲੋਕ ਦੇਖਦੇ ਜਾਓ ਅਜੇ ਦਿੱਲੀ ਤੋਂ ਕੌਣ-ਕੌਣ ਭੇਜੇ ਜਾਂਦੇ ਨੇ?” ਉਨ੍ਹਾਂ ਕਿਹਾ ਕਿ ਭਾਜਪਾ ਚੋਣਾਂ ’ਚ ਹਾਰ ਦੇਖ ਕੇ ਪਰੇਸ਼ਾਨ ਹੈ। ਉਹ ਜੋ ਮਰਜ਼ੀ ਕਰ ਲਵੇ ਪਰ ਸੂਬੇ ਵਿਚ ਉਨ੍ਹਾਂ ਦੀ ਸਰਕਾਰ ਨਹੀਂ ਬਣੇਗੀ। ਯਾਦਵ ਨੇ ਕਿਹਾ ਕਿ ਸੂਬੇ ’ਚ ਫਿਰ ਤੋਂ ਸਮਾਜਵਾਦੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।
ਅਖਿਲੇਸ਼ ਨੇ ਕਿਹਾ ਕਿ ਭਾਜਪਾ ਦੀਆਂ ਇਹ ਕੋਸ਼ਿਸ਼ਾਂ ਸਾਈਕਲ ਦੀ ਰਫ਼ਤਾਰ ਨੂੰ ਨਹੀਂ ਰੋਕ ਸਕਣਗੀਆਂ। ਉਨ੍ਹਾਂ ਕਿਹਾ ਕਿ ਹੁਣ ਯੂ.ਪੀ. ’ਚ ਕਈ ਏਜੰਸੀਆਂ ਆਉਣਗੀਆਂ। ਸਪਾ ਮੁਖੀ ਨੇ ਦਸਿਆ ਕਿ ਚੋਣਾਂ ਦੇ ਮੱਦੇਨਜ਼ਰ ਆਮਦਨ ਕਰ ਵਿਭਾਗ ਵਲੋਂ ਇਹ ਛਾਪੇਮਾਰੀ ਕੀਤੀ ਗਈ ਹੈ। ਤਾਂ ਜੋ ਸਪਾ ਨੇਤਾਵਾਂ ਨੂੰ ਬਦਨਾਮ ਕੀਤਾ ਜਾ ਸਕੇ। ਯਾਦਵ ਨੇ ਕਿਹਾ ਕਿ ਸੂਬੇ ’ਚ ਠਕੋ ਰਾਜ ਚੱਲ ਰਿਹਾ ਹੈ। ਉਨ੍ਹਾਂ ਸਵਾਲ ਵੀ ਉਠਾਇਆ ਕਿ ਜਦੋਂ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਵਿਚ ਜਾਂਚ ਏਜੰਸੀ ਦੀ ਰਿਪੋਰਟ ਆ ਚੁੱਕੀ ਹੈ ਤਾਂ ਭਾਜਪਾ ਮੰਤਰੀ ਵਿਰੁਧ ਕਾਰਵਾਈ ਕਿਉਂ ਨਹੀਂ ਕਰ ਰਹੀ?     (ਏਜੰਸੀ)