1200 ਕਰੋੜ ਦੇ ਸਿੰਚਾਈ ਘੁਟਾਲੇ 'ਚ ਸਾਬਕਾ IAS KBS ਸਿੱਧੂ ਤੋਂ ਚਾਰ ਘੰਟੇ ਹੋਈ ਪੁੱਛਗਿੱਛ

ਏਜੰਸੀ

ਖ਼ਬਰਾਂ, ਪੰਜਾਬ

ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ ਸਾਬਕਾ ਆਈਏਐਸ ਅਧਿਕਾਰੀ ਨੂੰ ਦੋ ਵਾਰ ਤਲਬ ਕੀਤਾ ਸੀ

Former IAS KBS Sidhu

 

ਚੰਡੀਗੜ੍ਹ - ਸਾਬਕਾ ਆਈਏਐਸ ਅਧਿਕਾਰੀ ਕੇਬੀਐਸ ਸਿੱਧੂ 1200 ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਦੇ ਮਾਮਲੇ ਵਿਚ ਸੋਮਵਾਰ ਨੂੰ ਪਹਿਲੀ ਵਾਰ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਹੋਏ। ਵਿਜੀਲੈਂਸ ਬਿਊਰੋ ਵੱਲੋਂ ਉਹਨਾਂ ਤੋਂ ਚਾਰ ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਉਹਨਾਂ ਤੋਂ ਮੁੱਖ ਤੌਰ ’ਤੇ ਸਿੰਚਾਈ ਵਿਭਾਗ ਵਿਚ ਉਸ ਸਮੇਂ ਦੌਰਾਨ ਹੋਏ ਵਿਕਾਸ ਕਾਰਜਾਂ ਅਤੇ ਟੈਂਡਰ ਪ੍ਰਕਿਰਿਆ ਨਾਲ ਸਬੰਧਤ ਸਵਾਲ ਪੁੱਛੇ ਗਏ। ਸੂਤਰਾਂ ਅਨੁਸਾਰ ਵਿਜੀਲੈਂਸ ਨੇ ਕੇਬੀਐਸ ਸਿੱਧੂ ਨੂੰ ਇੱਕ ਪ੍ਰੋਫਾਰਮਾ ਵੀ ਸੌਂਪਿਆ ਹੈ ਅਤੇ ਸਵਾਲਾਂ ਦੇ ਜਵਾਬ ਭਰ ਕੇ ਭੇਜਣ ਲਈ ਕਿਹਾ ਗਿਆ ਹੈ। ਹਾਲਾਂਕਿ ਵਿਜੀਲੈਂਸ ਅਧਿਕਾਰੀ ਇਸ ਮਾਮਲੇ ਵਿਚ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। 

ਕੇਬੀਐਸ ਸਿੱਧੂ ਸੋਮਵਾਰ ਨੂੰ ਸਮੇਂ ਸਿਰ ਵਿਜੀਲੈਂਸ ਦਫ਼ਤਰ ਪੁੱਜੇ। ਇਸ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਜਾਂਚ ਦਾ ਸਾਰਾ ਧਿਆਨ ਟੈਂਡਰ ਪ੍ਰਕਿਰਿਆ 'ਤੇ ਹੀ ਰਿਹਾ। ਵਿਜੀਲੈਂਸ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜੇਕਰ ਸਿੰਚਾਈ ਵਿਭਾਗ ਵਿਚ ਕੋਈ ਵਿਕਾਸ ਕਾਰਜ ਕਰਵਾਉਣੇ ਹਨ ਤਾਂ ਉਸ ਵਿਚ ਪ੍ਰਕਿਰਿਆ ਕਿਵੇਂ ਸ਼ੁਰੂ ਹੁੰਦੀ ਹੈ। ਇਸ ਵਿਚ ਮੰਤਰੀਆਂ ਜਾਂ ਸੀਨੀਅਰ ਆਈਏਐਸ ਅਫ਼ਸਰਾਂ ਦੀ ਕੀ ਭੂਮਿਕਾ ਹੈ? ਨਾਲ ਹੀ, ਕਿਹੜੇ ਅਧਿਕਾਰੀ ਟੈਂਡਰ ਅਲਾਟ ਕਰਨ ਵੇਲੇ ਚੀਜ਼ਾਂ 'ਤੇ ਧਿਆਨ ਦਿੰਦੇ ਹਨ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ ਸਾਬਕਾ ਆਈਏਐਸ ਅਧਿਕਾਰੀ ਨੂੰ ਦੋ ਵਾਰ ਤਲਬ ਕੀਤਾ ਸੀ ਪਰ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਇੱਕ ਵਾਰ ਉਹ ਵਿਦੇਸ਼ ਗਏ ਹੋਏ ਸਨ। ਇਸ ਤੋਂ ਬਾਅਦ ਉਹ ਭਾਰਤ ਆ ਗਏ ਤੇ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਲਈ। ਹਾਈ ਕੋਰਟ ਨੇ ਵੀ ਉਹਨਾਂ ਨੂੰ ਰਾਹਤ ਦੇ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਦੁਬਾਰਾ ਪੁੱਛਗਿੱਛ ਲਈ ਬੁਲਾਇਆ ਗਿਆ ਤਾਂ ਉਹਨਾਂ ਨੇ ਵਿਜੀਲੈਂਸ ਨੂੰ ਲਿਖਤੀ ਈਮੇਲ ਭੇਜ ਦਿੱਤੀ। 

ਜਿਸ ਵਿਚ ਕਿਹਾ ਗਿਆ ਸੀ ਕਿ ਇਸ ਦੀ ਸੂਚਨਾ ਉਨ੍ਹਾਂ ਨੂੰ ਬਹੁਤ ਦੇਰ ਨਾਲ ਦਿੱਤੀ ਗਈ। ਅਜਿਹੇ 'ਚ ਉਹ ਜਾਂਚ 'ਚ ਹਿੱਸਾ ਨਹੀਂ ਲੈ ਸਕਦੇ। ਜੇਕਰ ਵਿਜੀਲੈਂਸ ਨੇ ਕੋਈ ਪੁੱਛਗਿੱਛ ਕਰਨੀ ਹੈ, ਤਾਂ ਉਚਿਤ ਸਮੇਂ 'ਤੇ ਸੂਚਿਤ ਕੀਤਾ ਜਾਵੇ। ਇਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਸੰਮਨ ਭੇਜੇ ਗਏ। ਇਸ ਮਾਮਲੇ ਵਿਚ ਹੁਣ ਤੱਕ ਸਾਬਕਾ ਆਈਏਐਸ ਅਧਿਕਾਰੀ ਕਾਹਨ ਸਿੰਘ ਪੰਨੂ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਸਾਬਕਾ ਆਈਏਐਸ ਅਧਿਕਾਰੀ ਸਰਵੇਸ਼ ਕੌਸ਼ਲ ਇਸ ਸਮੇਂ ਵਿਦੇਸ਼ ਵਿਚ ਹਨ।