MP ਰਾਘਵ ਚੱਢਾ ਨੇ ਪੰਜਾਬ ਤੋਂ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਕੀਤੀ ਮੰਗ
ਬੰਦ ਪਏ ਆਦਮਪੁਰ ਏਅਰਪੋਰਟ ਨੂੰ ਚਾਲੂ ਕਰਨ ਦੀ ਵੀ ਕੀਤੀ ਅਪੀਲ
ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਪੰਜਾਬ ਤੋਂ ਸੰਸਦ ਮੈਂਬਰ ਰਾਘਵ ਚੱਢਾ ਨੇ ਸਦਨ ਵਿਚ ਪੰਜਾਬ ਤੋਂ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਚੁੱਕਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਬੰਦ ਪਏ ਆਦਮਪੁਰ ਹਵਾਈ ਅੱਡੇ ਨੂੰ ਚਾਲੂ ਕਰਨ ਦੀ ਮੰਗ ਵੀ ਉਠਾਈ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਪੰਜਾਬੀ ਪੂਰੀ ਦੁਨੀਆਂ ਵਿਚ ਰਹਿੰਦੇ ਹਨ। ਕੈਨੇਡਾ, ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਸਣੇ ਵੱਡੇ ਮੁਲਕਾਂ ਵਿਚ ਪੰਜਾਬੀ ਵੱਸਦੇ ਹਨ ਪਰ ਪੰਜਾਬ ਅਤੇ ਇਹਨਾਂ ਦੇਸ਼ਾਂ ਵਿਚਾਲੇ ਅੰਤਰਰਾਸ਼ਟਰੀ ਸੰਪਰਕ ਨਹੀਂ ਹੈ। ਪੰਜਾਬ ਵਿਚ ਦੋ ਕੌਮਾਂਤਰੀ ਹਵਾਈ ਅੱਡੇ ਮੁਹਾਲੀ ਅਤੇ ਅੰਮ੍ਰਿਤਸਰ ਵਿਚ ਹਨ।
ਇਹ ਦੋਵੇਂ ਨਾਂਅ ਦੇ ਹੀ ਕੌਮਾਂਤਰੀ ਹਨ, ਇੱਥੋਂ ਕੌਮਾਂਤਰੀ ਅਤੇ ਰਾਸ਼ਟਰੀ ਏਅਰਲਾਈਨਜ਼ ਨਾ ਦੇ ਬਰਾਬਰ ਹੀ ਉਡਾਣਾਂ ਭਰਦੀਆਂ ਹਨ। ਜੇਕਰ ਕਿਸੇ ਦੇਸ਼ ਲਈ ਉਡਾਣਾਂ ਜਾਂਦੀਆਂ ਵੀ ਹਨ ਤਾਂ ਜ਼ਿਆਦਾਤਰ ਲੋਕ ਉਹਨਾਂ ਦੀ ਸਹੂਲਤ ਤੋਂ ਵਾਂਝੇ ਰਹਿ ਜਾਂਦੇ ਹਨ। ਰਾਘਵ ਚੱਢਾ ਨੇ ਕਿਹਾ ਕਿ ਪੰਜਾਬੀ ਕਈ ਵੱਡੇ ਦੇਸ਼ਾਂ ਦੀ ਅਰਥਵਿਵਸਥਾ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਇਸ ਲਈ ਪੰਜਾਬੀਆਂ ਦੀ ਇਸ ਮੰਗ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।