ਪੰਜਾਬ ਦੇ ਹਜ਼ਾਰਾਂ ਟਰੱਕ ਆਪਰੇਟਰ ਲਾਡੋਵਾਲ ਟੋਲ ਪਲਾਜ਼ਾ 'ਤੇ ਲਗਾਉਣਗੇ ਅਣਮਿੱਥੇ ਸਮੇਂ ਲਈ ਧਰਨਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਸਾਰੇ ਟਰੱਕ ਆਪਰੇਟਰ ਇਕ ਝੰਡੇ ਥੱਲੇ ਇਕੱਠੇ ਹੋ ਗਏ ਹਨ ਅਤੇ 20 ਦਸੰਬਰ ਤੋਂ ਲਾਡੋਵਾਲ (ਫਿਲੌਰ) ਟੋਲ ਪਲਾਜ਼ਾ ’ਤੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਰਹੇ ਹਨ

Truck Operators

 

ਪਟਿਆਲਾ : ਮਾਨ ਸਰਕਾਰ ਵੱਲੋਂ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸੂਬੇ 'ਚ ਸਾਰੀਆਂ ਟਰੱਕ ਯੂਨੀਅਨਾਂ ਭੰਗ ਕਰਨ ਦੇ ਫ਼ੈਸਲੇ ਨੂੰ ਲਾਗੂ ਕਰਨ ਦੇ ਐਲਾਨ ਕਾਰਨ 4 ਪ੍ਰਮੁੱਖ ਟਰੱਕ ਆਪਰੇਟਰ ਯੂਨੀਅਨਾਂ ਨੇ ਸੰਘਰਸ਼ ਦਾ ਐਲਾਨ ਕੀਤਾ ਹੈ। ਯੂਨੀਅਨਾਂ ਵਲੋਂ ਬਣਾਏ ਸੰਯੁਕਤ ਮੋਰਚੇ ਟਰੱਕ ਆਪਰੇਟਰ ਯੂਨੀਅਨ ਨੇ 20 ਦਸੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ’ਤੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਦੇ ਆਗੂ ਤੇ ਟਰਾਂਸਪੋਰਟ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਫਾਜ਼ਿਲਕਾ, ਆਲ ਪੰਜਾਬ ਟਰੱਕ ਯੂਨੀਅਨ ਦੇ ਹੈਪੀ ਸੰਧੂ, ਆਲ ਪੰਜਾਬ ਟਰੱਕ ਏਕਤਾ ਦੇ ਗੁਰਨਾਮ ਸਿੰਘ ਜੌਹਲ ਅਤੇ ਪੰਜਾਬ ਟਰੱਕ ਏਕਤਾ ਦੇ ਰੇਸ਼ਮ ਸਿੰਘ ਨੇ ਦੱਸਿਆ ਕਿ ਪਿਛਲੀ ਕੈਪਟਨ ਅਮਰਿੰਦਰ ਸਰਕਾਰ ਵਲੋਂ ਟਰੱਕ ਯੂਨੀਅਨਾਂ ਭੰਗ ਕਰਨ ਦੇ ਫ਼ੈਸਲੇ ਨਾਲ ਸੂਬੇ 'ਚ 55 ਹਜ਼ਾਰ ਤੋਂ ਵੱਧ ਟਰੱਕ ਕਬਾੜ 'ਚ ਵਿਕ ਗਏ ਸਨ ਤੇ ਟਰੱਕ ਆਪਰੇਟਰ ਵਿਹਲੇ ਹੋ ਗਏ ਸਨ।

ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਜਾਣਗੀਆਂ ਪਰ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਅਮਰਿੰਦਰ ਸਰਕਾਰ ਦਾ ਫ਼ੈਸਲਾ ਹੀ ਲਾਗੂ ਕੀਤਾ ਗਿਆ ਹੈ। ਇਸ ਫ਼ੈਸਲੇ ਨਾਲ ਰਹਿੰਦੇ-ਖੂੰਹਦੇ ਟਰੱਕ ਆਪਰੇਟਰ ਵੀ ਤਬਾਹੀ ਦੇ ਰਾਹ ਪੈ ਗਏ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕਰਦੇ ਹਨ ਤੇ ਦੂਜੇ ਪਾਸੇ ਜਿਹੜੇ ਟਰੱਕ ਆਪਰੇਟਰਾਂ ਕੋਲ ਆਪਣੇ ਰੁਜ਼ਗਾਰ ਹਨ, ਉਹ ਖੋਹੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ 'ਚ ਪੰਜਾਬ ਦੇ ਸਾਰੇ ਟਰੱਕ ਆਪਰੇਟਰ ਇਕ ਝੰਡੇ ਥੱਲੇ ਇਕੱਠੇ ਹੋ ਗਏ ਹਨ ਅਤੇ 20 ਦਸੰਬਰ ਤੋਂ ਲਾਡੋਵਾਲ (ਫਿਲੌਰ) ਟੋਲ ਪਲਾਜ਼ਾ ’ਤੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਰਹੇ ਹਨ।ਇਸ ’ਚ ਸਮੁੱਚੇ ਪੰਜਾਬ ਦੇ ਟਰੱਕ ਆਪਰੇਟਰ ਸ਼ਾਮਲ ਹੋਣਗੇ ਤੇ ਸਰਕਾਰ ’ਤੇ ਯੂਨੀਅਨਾਂ ਬਹਾਲ ਕਰਨ ਲਈ ਦਬਾਅ ਬਣਾਉਣਗੇ।