IPL Auction: ਕਪਤਾਨ ਕਮਿੰਸ ਨੂੰ ਪਛਾੜ ਕੇ ਸਟਾਰਕ IPL ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣਿਆ

ਏਜੰਸੀ

ਖ਼ਬਰਾਂ, ਖੇਡਾਂ

ਸਟਾਰਕ 24 ਕਰੋੜ 75 ਲੱਖ ਰੁਪਏ ਦੇ ਨਾਲ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ

Mitchell Starc, Pat Cummins

IPL Auction: ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਮੰਗਲਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਖਿਡਾਰੀਆਂ ਦੀ ਨਿਲਾਮੀ ਵਿਚ ਆਪਣੇ ਗੇਂਦਬਾਜ਼ ਸਾਥੀ ਅਤੇ ਕਪਤਾਨ ਪੈਟ ਕਮਿੰਸ ਨੂੰ ਪਛਾੜਦੇ ਹੋਏ 24 ਕਰੋੜ 75 ਲੱਖ ਰੁਪਏ ਦੇ ਨਾਲ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ, ਜਦਕਿ ਇਸ ਦੌਰਾਨ ਤੇਜ਼ ਗੇਂਦਬਾਜ਼ਾਂ ਲਈ ਵੱਡੀਆਂ ਬੋਲੀਆਂ ਸਨ। 

ਸਨਰਾਈਜ਼ਰਸ ਹੈਦਰਾਬਾਦ ਨੇ ਕਮਿੰਸ ਨੂੰ ਰਿਕਾਰਡ 20 ਕਰੋੜ 50 ਲੱਖ ਰੁਪਏ ਵਿਚ ਸਾਈਨ ਕਰਨ ਤੋਂ ਕੁਝ ਘੰਟੇ ਬਾਅਦ, ਕੋਲਕਾਤਾ ਨਾਈਟ ਰਾਈਡਰਜ਼ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸਟਾਰਕ ਲਈ 24 ਕਰੋੜ 75 ਲੱਖ ਰੁਪਏ ਦੀ ਬੋਲੀ ਲਗਾਈ। ਸਟਾਰਕ ਨੇ ਆਖਰੀ ਵਾਰ 2015 'ਚ ਆਈ.ਪੀ.ਐੱਲ. ਖੇਡਿਆ ਸੀ। ਸਟਾਰਕ ਨੂੰ ਪਿਛਲੇ ਸਾਲ 18 ਕਰੋੜ 50 ਲੱਖ ਰੁਪਏ ਦੀ ਰਿਕਾਰਡ ਬੋਲੀ ਲਗਾਉਣ ਵਾਲੇ ਇੰਗਲੈਂਡ ਦੇ ਸੈਮ ਕੁਰਾਨ ਤੋਂ ਕਾਫੀ ਜ਼ਿਆਦਾ ਰਕਮ ਮਿਲੀ ਸੀ। ਕੁਰਾਨ ਨੂੰ ਪੰਜਾਬ ਕਿੰਗਜ਼ ਨੇ ਖਰੀਦਿਆ ਸੀ।   

ਆਈਪੀਐਲ ਦੀ ਹੈਰਾਨੀਜਨਕ ਬੋਲੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਿਸ਼ਵ ਚੈਂਪੀਅਨ ਆਸਟਰੇਲੀਆ ਦੀ ਤੇਜ਼ ਗੇਂਦਬਾਜ਼ ਤਿਕੜੀ ਵਿਚ ਸ਼ਾਮਲ ਜੋਸ਼ ਹੇਜ਼ਲਵੁੱਡ ਲਈ ਕਿਸੇ ਟੀਮ ਨੇ ਬੋਲੀ ਨਹੀਂ ਲਗਾਈ। ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਸਟਾਰਕ ਨੂੰ ਲੈ ਕੇ ਗੁਜਰਾਤ ਟਾਈਟਨਸ ਅਤੇ ਨਾਈਟ ਰਾਈਡਰਜ਼ ਵਿਚਾਲੇ ਰੱਸਾਕਸ਼ੀ ਚੱਲ ਰਹੀ ਸੀ ਪਰ ਆਖ਼ਰਕਾਰ ਕੋਲਕਾਤਾ ਦੀ ਟੀਮ ਜਿੱਤ ਹਾਸਲ ਕਰਨ 'ਚ ਸਫ਼ਲ ਰਹੀ।

33 ਸਾਲਾ ਸਟਾਰਕ ਆਮ ਤੌਰ 'ਤੇ ਆਈਪੀਐਲ ਨਾਲੋਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਤਰਜੀਹ ਦਿੰਦਾ ਹੈ ਪਰ ਆਈਪੀਐਲ ਤੋਂ ਤੁਰੰਤ ਬਾਅਦ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਉਸ ਨੇ ਇਸ ਲਾਹੇਵੰਦ ਟੀ-20 ਲੀਗ ਦੀ ਨਿਲਾਮੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਸਟਾਰਕ ਨੇ ਆਈਪੀਐਲ ਦੇ ਸਿਰਫ਼ ਦੋ ਸੀਜ਼ਨ ਖੇਡੇ ਹਨ ਜਿਸ ਵਿਚ ਉਸ ਨੇ 27 ਮੈਚਾਂ ਵਿਚ 20.38 ਦੀ ਔਸਤ ਨਾਲ 34 ਵਿਕਟਾਂ ਲਈਆਂ ਹਨ। 

ਇਸ ਦੇ ਉਲਟ, ਕਮਿੰਸ ਨੇ ਨਿਯਮਤ ਤੌਰ 'ਤੇ ਆਈਪੀਐਲ ਵਿੱਚ ਖੇਡਿਆ ਹੈ ਪਰ ਏਸ਼ੇਜ਼ ਅਤੇ ਵਨਡੇ ਵਿਸ਼ਵ ਕੱਪ 'ਤੇ ਧਿਆਨ ਕੇਂਦਰਿਤ ਕਰਨ ਲਈ 2023 ਟੂਰਨਾਮੈਂਟ ਵਿੱਚ ਨਹੀਂ ਖੇਡਿਆ। ਕਮਿੰਸ ਲਈ ਵੀ ਫ੍ਰੈਂਚਾਇਜ਼ੀ ਵਿਚਾਲੇ ਸਖ਼ਤ ਟੱਕਰ ਸੀ। ਮੁੰਬਈ ਇੰਡੀਅਨਜ਼, ਰਾਇਲ ਚੈਲੰਜਰਜ਼ ਬੰਗਲੌਰ, ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਨੇ ਉਸ ਲਈ ਲਗਾਤਾਰ ਬੋਲੀ ਲਗਾਈ। ਅੰਤ ਵਿੱਚ, ਕਮਿੰਸ ਸਨਰਾਈਜ਼ਰਸ ਵਿਚ ਗਏ ਅਤੇ ਉਸ ਸਮੇਂ ਦੇ ਆਈਪੀਐਲ ਇਤਿਹਾਸ ਵਿਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਏ।