ਮੋਗਾ ਦੇ ਖੋਸਾ ਪਾਂਡੋ ਵਿਚ ਪੱਗ ਖੁੱਲ੍ਹਣ ਕਾਰਨ ਚੱਕੀ ਦੇ ਪਟੇ 'ਚ ਫਸੇ ਵਾਲ, ਨੌਜਵਾਨ ਦੀ ਹੋਈ ਮੌਤ
ਜਰਨੈਲ ਸਿੰਘ ਆਟਾ ਚੱਕੀ ਚਲਾ ਕੇ ਕਰਦਾ ਸੀ ਘਰ ਦਾ ਗੁਜ਼ਾਰਾ
Moga Khosa Pando atta chakki News
ਮੋਗਾ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਖੋਸਾ ਪਾਂਡੋ ਵਿਚ ਆਟਾ ਚੱਕੀ ਚਲਾਉਣ ਵਾਲੇ ਨੌਜਵਾਨ ਦੀ ਪੱਗ ਅਚਾਨਕ ਖੁੱਲ੍ਹ ਗਈ ਅਤੇ ਉਸ ਦੇ ਸਿਰ ਦੇ ਵਾਲ ਮੋਟਰ ਦੇ ਪਟੇ ਵਿਚ ਫਸ ਗਏ। ਇਸ ਹਾਦਸੇ ਵਿਚ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ।
ਇਸ ਬਾਰੇ ਏਐੱਸਆਈ ਸਮਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਸਾਲਾ ਜਰਨੈਲ ਸਿੰਘ ਪੁੱਤਰ ਮਾਨ ਸਿੰਘ ਪਿੰਡ ਖੋਸਾ ਪਾਂਡੋ ਦਾ ਨਿਵਾਸੀ ਸੀ ਤੇ ਆਟਾ ਚੱਕੀ ਚਲਾ ਕੇ ਘਰ ਦਾ ਗੁਜ਼ਾਰਾ ਕਰਦਾ ਸੀ।
ਬੁੱਧਵਾਰ ਨੂੰ ਜਦੋਂ ਉਹ ਚੱਕੀ ਚਲਾ ਰਿਹਾ ਸੀ ਤਾਂ ਅਚਾਨਕ ਉਸ ਦੀ ਪੱਗ ਖੁੱਲ੍ਹ ਗਈ ਅਤੇ ਵਾਲ ਮੋਟਰ ਦੇ ਪਟੇ ਵਿਚ ਫਸ ਗਏ। ਇਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਸਿਵਲ ਹਸਪਤਾਲ ਮੋਗਾ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।