1960 ਵਿਚ ਮਿਲੀ ਸੀ ਮੇਰੇ ਦਾਦਾ ਜੀ ਨੂੰ ਡੇਰੇ ਦੀ ਗੱਦੀ : ਭਾਈ ਭੁਪਿੰਦਰ ਸਿੰਘ

ਖ਼ਬਰਾਂ, ਪੰਜਾਬ


ਸਿਰਸਾ, 2 ਸਤੰਬਰ (ਕਰਨੈਲ ਸਿੰਘ, ਨਛੱਤਰ ਸਿੰਘ ਬੋਸ, ਸ.ਸ.ਬੇਦੀ): ਅੱਜ ਸਿਰਸੇ ਤੋਂ ਸਪੋਕਸਮੈਨ ਦੀ ਟੀਮ ਪਿੰਡ ਜਲਾਲਆਨਾ ਵਿਖੇ ਸ਼ਾਹ ਸਤਿਨਾਮ ਦੇ ਪਰਵਾਰ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚੀ। ਸ਼ਾਹ ਸਤਿਨਾਮ ਦੇ ਪੋਤਰੇ ਭਾਈ ਭੁਪਿੰਦਰ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਦੇ ਪਰਵਾਰ ਬਾਰੇ ਜਾਣਕਾਰੀ ਹਾਸਲ ਕੀਤੀ ।
ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੇਰੇ ਦਾਦਾ ਸ਼ਾਹ ਸਤਿਨਾਮ ਜਿਨ੍ਹਾਂ ਦਾ ਪਹਿਲਾ ਨਾਮ ਸ. ਗੁਰਬੰਤ ਸਿੰਘ ਸੀ ਬੜੇ ਧਾਰਮਕ ਬਿਰਤੀ ਵਾਲੇ ਸਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਸਨ ਅਤੇ ਹੋਰਨਾਂ ਨੂੰ ਵੀ ਗੁਰਬਾਣੀ ਦੀ ਸਿਖਿਆ ਦਿੰਦੇ ਸਨ। ਪਿੰਡ ਦਾ ਗੁਰਦਵਾਰਾ ਵੀ ਉਨ੍ਹਾਂ ਦੇ ਉਦਮ ਸਦਕਾ ਹੀ ਬਣਿਆ ਹੈ । ਉਨ੍ਹਾਂ ਨੇ ਸ਼ਾਹ ਮਸਤਾਨਾ ਬਾਰੇ ਸੁਣਿਆ ਹੋਇਆ ਸੀ ਅਤੇ ਇਕ ਦਿਨ ਸ਼ਾਹ ਮਸਤਾਨਾ ਦਾ ਸਤਿਸੰਗ ਪਿੰਡ ਚੋਰਮਾਰ ਵਿਖੇ ਹੋਇਆ ਜਿਸ ਵਿਚ ਮੇਰੇ ਦਾਦਾ ਵੀ ਗਏ ਉਥੇ ਜਦੋਂ ਸ਼ਾਹ ਮਸਤਾਨਾ ਨਾਲ ਬਚਨ ਬਿਲਾਸ ਹੋਏ ਤਾਂ ਉਸ ਤੋਂ ਬਾਅਦ ਮੇਰੇ ਦਾਦਾ ਉਨ੍ਹਾਂ ਦੇ ਪੱਕੇ ਸੇਵਕ ਬਣ ਗਏ। 1960 ਵਿਚ ਸ਼ਾਹ ਮਸਤਾਨਾ ਨੇ ਅਪਣੀ ਬਿਰਧ ਅਵਸਥਾ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਅਤੇ ਸ਼ਾਹ ਸਤਿਨਾਮ ਨੂੰ ਚੰਗੀ ਤਰ੍ਹਾਂ ਪਰਖ ਕੇ  ਕਾਬਲ, ਸਮਝਦਿਆਂ ਹੋਇਆਂ ਗੱਦੀ ਸੌਂਪ ਦਿਤੀ।
ਮੇਰੇ ਦਾਦਾ ਜੀ ਨੇ ਡੇਰੇ ਵਿਚ ਹੋਰ ਕਾਫ਼ੀ ਸਾਰੇ ਸੁਧਾਰ ਕੀਤੇ, ਕਾਫ਼ੀ ਕਮਰੇ ਵੀ ਬਣਵਾਏ ਅਤੇ ਉਹ ਹਮੇਸ਼ਾ ਇਹ ਉਪਦੇਸ਼ ਦਿੰਦੇ ਸਨ ਕਿ ਮਨੁੱਖ ਨੂੰ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰ ਕੇ ਕੁੱਝ ਦਾਨ ਪੁੰਨ ਵੀ ਕਰਦੇ ਰਹਿਣਾ ਚਾਹੀਦਾ ਹੈ। ਵੱਡਿਆਂ ਦਾ ਸਤਿਕਾਰ ਅਤੇ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਅਪਣੇ ਪਿਤਾ ਭਾਈ ਰਣਜੀਤ ਸਿੰਘ ਬਾਰੇ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਉਹ ਇਕ ਸੇਵਕ ਦੇ ਤੌਰ 'ਤੇ ਹੀ ਡੇਰੇ ਵਿਚ ਕਦੇ ਕਦਾਈ ਜਾਂਦੇ ਸਨ। ਜਦੋਂ ਮੇਰੇ ਦਾਦਾ 70 ਸਾਲ ਦੀ ਉਮਰ ਦੇ ਹੋ ਗਏ ਤਾਂ ਉਨ੍ਹਾਂ ਨੇ ਪ੍ਰੇਮੀਆਂ ਦੀ ਮੀਟਿੰਗ ਬੁਲਾ ਕੇ ਅਗਲੇ ਡੇਰਾ ਮੁਖੀ ਬਾਰੇ ਵਿਚਾਰ ਕੀਤਾ ਤਾਂ ਪ੍ਰੇਮੀਆਂ ਦੀ ਰਾਏ ਸੀ ਕਿ ਮੇਰੇ ਪਿਤਾ ਸ. ਰਣਜੀਤ ਸਿੰਘ ਨੂੰ ਗੱਦੀ ਸੰਭਾਲੀ ਜਾਵੇ ਪਰ ਮੇਰੇ ਦਾਦਾ ਨੇ ਕਿਹਾ ਕਿ ਭਾਈ ਇਹ ਕੋਈ ਜੱਦੀ ਜਾਇਦਾਦ ਨਹੀਂ ਜੋ ਪਰਵਾਰ ਨੂੰ ਦਿਤੀ ਜਾ ਸਕਦੀ ਹੋਵੇ। (ਬਾਕੀ ਸਫ਼ਾ 11 'ਤੇ)
ਜਦੋਂ ਮੇਰੇ ਦਾਦਾ ਜੀ ਨੇ ਗੱਦੀ ਵਾਸਤੇ ਮੇਰੇ ਪਿਤਾ ਦੇ ਹੱਕ ਨਾ ਹੋਣ ਬਾਰੇ ਕਿਹਾ ਤਾਂ ਉਸ ਤੋਂ ਬਾਅਦ ਮੇਰੇ ਪਿਤਾ ਨੇ ਇਸ ਵਾਸਤੇ ਕੋਈ ਦਾਅਵਾ ਨਹੀਂ ਕੀਤਾ ਅਤੇ 2007 ਤੋਂ ਬਾਅਦ ਕਦੇ ਡੇਰੇ ਨਹੀਂ ਗਏ ਅਤੇ 2008 ਵਿਚ ਉਨ੍ਹਾਂ ਦਾ ਅਕਾਲ ਚਲਾਣਾ ਹੋ ਗਿਆ। ਉਨ੍ਹਾਂ ਕਿਹਾ ਕਿ ਸਾਡਾ ਪੂਰਾ ਪਰਵਾਰ ਸਿੱਖ ਮੱਤ ਨੂੰ ਸਮਰਪਿਤ ਹੈ ਅਤੇ ਅਸੀਂ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਹਾਂ। ਸਾਡਾ ਕਾਰੋਬਾਰ ਖੇਤੀ ਹੈ। ਪਿਛਲੇ ਸਮੇਂ ਅੰਦਰ ਡੇਰੇ ਵਿਚ ਵਾਪਰੀਆਂ ਘਟਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਹਨ ਜਿਸ ਵਿਚ ਪ੍ਰਸ਼ਾਸਨ ਦੀ ਢਿੱਲ ਕਰ ਕੇ ਬਹੁਤ ਸਾਰੀਆਂ ਕੀਮਤੀ ਜਾਨਾਂ ਅਤੇ ਜਾਨ ਮਾਲ ਦਾ ਨੁਕਸਾਨ ਹੋਇਆ ਹੈ ਜੋ ਨਹੀਂ ਹੋਣਾ ਚਾਹੀਦਾ ਸੀ। ਕਿਸੇ ਵੀ ਧਾਰਮਕ ਅਖਵਾਉਂਦੇ ਡੇਰੇ ਵਾਸਤੇ ਇਹ ਹੋਰ ਵੀ ਬਹੁਤ ਮਾੜੀਆਂ ਹਨ। ਸਿੱਖਾਂ ਅਤੇ ਪ੍ਰੇਮੀਆਂ ਬਾਰੇ ਅਪਣੇ ਵਿਚਾਰ ਪਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸੱਭ ਨੂੰ ਆਪਸੀ ਭਾਈਚਾਰਾ ਬਣਾਈ ਰੱਖਣਾ ਚਾਹੀਦਾ ਹੈ।