1984 ਸਿੱਖ ਨਸਲਕੁਸ਼ੀ ਦਿੱਲੀ ਸਿਹਤ ਮੰਤਰਾਲੇ ਦੀ ਝੂਠ ਫੜਨ ਵਾਲੀ ਮਸ਼ੀਨ ਖ਼ਰਾਬ ਹੋਣ ਦਾ ਕੇਜਰੀਵਾਲ ਸਰਕਾਰ ਦਾ ਤਰਕ ਸ਼ੱਕੀ

ਖ਼ਬਰਾਂ, ਪੰਜਾਬ

ਚੰਡੀਗੜ੍ਹ, 10 ਫ਼ਰਵਰੀ (ਨੀਲ ਭਲਿੰਦਰ ਸਿੰਘ) : 1994 ਦੀ ਸਿੱਖ ਨਸਲਕੁਸ਼ੀ ਤੇ ਉਪਰੋਂ-ਥਲੀ ਹੋ ਰਹੇ ਨਿੱਤ ਨਵੇਂ ਖ਼ੁਲਾਸਿਆਂ  ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਸਰਗਰਮੀ ਫੜ  ਲਈ ਹੈ। ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ  ਜੀਕੇ ਨੇ ਇਸ ਬਾਬਤ ਅੱਜ ਚੰਡੀਗੜ੍ਹ ਵਿਖੇ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਖਾਸਕਰ ਗਾਂਧੀ ਪਰਵਾਰ ਨੂੰ ਤਾਂ ਨਿਸ਼ਾਨੇ  ਉਤੇ ਰਖਿਆ ਹੀ ਸਗੋਂ ਦਿੱਲੀ 'ਚ ਅਪਣੇ ਸਿਆਸੀ ਵਿਰੋਧੀ  ਆਮ ਆਦਮੀ ਪਾਰਟੀ ਮੁਖੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਵੀ ਪੀੜਤਾਂ  ਦੇ ਇਨਸਾਫ਼ ਮਿਲਣ 'ਚ ਅੜਿਕੇ  ਢਾਹੁਣ ਦਾ ਦੋਸ਼ ਲਾਇਆ ਹੈ। ਸੁਖਬੀਰ  ਨੇ ਇਸ ਮੌਕੇ ਮੰਗ ਕੀਤੀ ਕਿ ਇਸ ਕੇਸ ਵਿਚ ਜਗਦੀਸ਼ ਟਾਈਟਲਰ ਵਿਰੁਧ ਤਾਜ਼ਾ ਐਫ਼ਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਅਤੇ ਉਸ ਦਾ ਪਾਸਪੋਰਟ ਜ਼ਬਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਦੇਸ਼ ਦੇ ਦੂਜੇ ਭਾਗਾਂ ਵਿਚ ਨਿਰਦੋਸ਼ ਸਿੱਖਾਂ ਦੇ ਕਤਲੇਆਮ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਹੋਰਾਂ ਦੀ ਭੂਮਿਕਾ ਬਾਰੇ ਪਤਾ ਲਾਉਣ ਲਈ ਟਾਈਟਲਰ ਦਾ ਪੋਲੀਗ੍ਰਾਫ਼ੀ ਅਤੇ ਨਾਰਕੋ ਕੀਤਾ ਜਾਣਾ ਚਾਹੀਦਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਇਸ ਸਮੁੱਚੇ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਸ਼ੱਕੀ ਭੂਮਿਕਾ ਨਿਭਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਗਾਂਧੀ ਪਰਵਾਰ ਤੋਂ ਇਲਾਵਾ ਇਸ ਮਾਮਲੇ ਦੀ ਜਾਂਚ 'ਚ ਕੇਜਰੀਵਾਲ ਦੀ ਭੂਮਕਾ ਵੀ ਇਸ 'ਚ ਸ਼ੱਕੀ ਲੱਗ ਰਹੀ  ਹੈ ਕਿਉਂਕਿ ਅਭਿਸ਼ੇਕ  ਵਰਮਾ, ਜੋ ਕਿ ਹਥਿਆਰਾਂ ਦੀ ਤਸਕਰੀ ਕਰਦਾ ਸੀ ਅਤੇ ਟਾਈਟਲਰ ਦਾ ਸਾਥੀ ਸੀ, ਖ਼ੁਦ ਕਹਿ ਰਿਹਾ  ਹੈ ਕਿ ਉਸ ਦਾ ਨਾਰਕੋ ਟੈਸਟ ਕਰ ਲਿਆ ਜਾਵੇ ਤਾਂ ਉਸ ਦਾ ਟੈਸਟ ਕਿਉਂ  ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹ ਮਸ਼ੀਨ ਦਿੱਲੀ ਸਰਕਾਰ ਦੇ ਅਧੀਨ ਆਉਂਦੀ ਹੈ ਅਤੇ ਸਰਕਾਰ ਇਹ ਬਾਰੇ ਟਾਲ ਮਟੋਲ ਕਿਉਂ  ਕਰ ਰਹੀ ਹੈ। ਉਹਨਾਂ ਕਿਹਾ ਕਿ ਦਿੱਲੀ ਸਿਹਤ ਮੰਤਰਾਲਾ ਪਿਛਲੇ ਤਿੰਨ 
ਮਹੀਨਿਆਂ ਤੋਂ ਅਦਾਲਤ ਵਿਚ ਇਹ ਕਹਿੰਦਾ ਆ ਰਿਹਾ ਹੈ ਕਿ ਇਸ ਦੀ ਝੂਠ ਫੜਨ ਵਾਲੀ ਮਸ਼ੀਨ ਖ਼ਰਾਬ ਹੈ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਨੂੰ ਬਿਨਾਂ ਦੇ ਦੇਰੀ ਕੀਤੇ ਤੁਰਤ ਇਹ ਟੈਸਟ ਕਰਨਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ 1984 ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਨਵੇਂ ਖ਼ੁਲਾਸਿਆਂ ਦੀ ਰੌਸ਼ਨੀ ਵਿਚ ਐਨਡੀਏ ਦੁਆਰਾ ਸਿਟ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਐਸ ਐਨ ਢੀਂਗਰਾ ਨੂੰ  ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁਧ ਜਾਂਚ ਵਾਸਤੇ ਆਖਣ ਲਈ ਐਨਡੀਏ ਸਰਕਾਰ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਸੰਸਾ ਵੀ ਕੀਤੀ ਹੈ।  ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਖ਼ਰ ਇਸ ਨਸਲਕੁਸ਼ੀ ਦੇ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਬਾਕੀਆਂ ਵਿਰੁਧ ਇਨਸਾਫ ਦਾ ਪਹੀਆ ਘੁੰਮਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਭੂਮਿਕਾ ਵੀ ਜਾਂਚ ਕੀਤੀ ਜਾਵੇਗੀ ਕਿਉਂਕਿ ਸਾਹਮਣੇ ਆਏ ਨਵੇਂ ਸਬੂਤ ਉਸ ਨੂੰ ਸਿੱਧੇ ਤੌਰ 'ਤੇ ਉਹਨਾਂ ਕਾਂਗਰਸੀ ਆਗੂਆਂ ਨਾਲ ਜੋੜਦੇ ਹਨ, ਜਿਨ੍ਹਾਂ ਨੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਲੀਆਂ ਭੀੜਾਂ ਦੀ ਅਗਵਾਈ ਕੀਤੀ ਸੀ। ਇਹ ਪਿਛਲੇ 33 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਕਤਲੇਆਮ ਪੀੜਤਾਂ ਲਈ ਇਕ ਵੱਡੀ ਜਿੱਤ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਕੀਤੀ ਕਾਰਵਾਈ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਐਸਆਈਟੀ ਦੇ ਚੇਅਰਮੈਨ ਨੂੰ ਉਹਨਾਂ ਤੱਥਾਂ ਦੀ ਜਾਂਚ ਲਈ ਲਿਖਿਆ ਹੈ, ਜਿਹੜੇ ਜਗਦੀਸ਼ ਟਾਈਟਲਰ ਵਲੋਂ ਇਕ ਟੀਵੀ ਇੰਟਰਵਿਊ 'ਚ ਕੀਤੇ ਖ਼ੁਲਾਸੇ ਮਗਰੋਂ ਸਾਹਮਣੇ ਆਏ ਹਨ। ਸੁਖਬੀਰ ਨੇ ਦਾਅਵਾ ਕੀਤਾ ਕਿ ਟਾਈਟਲਰ ਨੇ ਦਸਿਆ ਸੀ ਕਿ 1 ਨਵੰਬਰ 1984 ਨੂੰ ਦਿੱਲੀ ਦੇ ਜਿਹਨਾਂ ਇਲਾਕਿਆਂ ਵਿਚ ਸਿੱਖਾਂ ਉੱਤੇ ਹਮਲੇ ਕਰ ਕੇ ਉਨ੍ਹਾਂ ਦਾ ਕਤਲੇਆਮ ਕੀਤਾ ਗਿਆ ਸੀ, ਉਨ੍ਹਾਂ ਇਲਾਕਿਆਂ ਦਾ ਦੌਰਾ ਕਰਦੇ ਸਮੇਂ ਰਾਜੀਵ ਗਾਂਧੀ ਉਸ ਦੇ ਨਾਲ ਕਾਰ ਵਿਚ ਸਨ।

 ਉਹਨਾਂਂ ਕਿਹਾ ਕਿ ਸੁਪਰੀਮ ਕੋਰਟ ਦੁਆਰਾ ਕਾਇਮ ਕੀਤੀ ਸਿਟ ਨੂੰ ਲਿਖੇ ਪੱਤਰ ਵਿਚ ਕਿਹਾ  ਗਿਆ ਹੈ ਕਿ ਇਸ ਕਤਲੇਆਮ ਵਿਚ  ਟਾਈਟਲਰ, ਕਮਲ ਨਾਥ, ਐਚਕੇਐਲ ਭਗਤ ਅਤੇ ਸੱਜਣ ਕੁਮਾਰ ਦੀ ਸ਼ਮੂਲੀਅਤ ਬਾਰੇ ਹੋਏ ਤਾਜ਼ਾ ਖ਼ੁਲਾਸਿਆਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿਚ ਇਹ ਵੀ ਲਿਖਿਆ ਹੈ ਕਿ ਇਹਨਾਂ ਖ਼ੁਲਾਸਿਆਂ ਦਾ ਉਹਨਾਂ 186 ਮਾਮਲਿਆਂ ਨਾਲ ਕੋਈ ਨਾ ਕੋਈ ਸਬੰਧ ਹੋ ਸਕਦਾ ਹੈ, ਜਿਨ੍ਹਾਂ ਬਾਰੇ ਸੁਪਰੀਮ ਕੋਰਟ ਵਲੋਂ ਕਾਇਮ ਕੀਤੀ ਸਿਟ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਸੁਖਬੀਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਦਾ ਵੀ ਹਵਾਲਾ ਦਿੱਤਾ ਹੈ, ਜਿਸ ਵਿਚ ਇਹ ਗੱਲ ਦਰਜ ਹੈ ਕਿ ਉਹਨਾਂ ਇਲਾਕਿਆਂ ਵਿਚ ਸਿੱਖਾਂ ਦਾ ਸੱਭ ਤੋਂ ਵੱਧ ਕਤਲੇਆਮ ਕੀਤਾ ਗਿਆ ਸੀ, ਜਿਨ੍ਹਾਂ ਇਲਾਕਿਆਂ ਦਾ ਰਾਜੀਵ ਗਾਂਧੀ ਨੇ ਅਪਣੀ ਮਾਤਾ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਅਗਲੇ ਦਿਨ 1 ਨਵੰਬਰ 1984 ਨੂੰ ਦੌਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਨਾਨਾਵਤੀ ਕਮਿਸ਼ਨ ਕਹਿੰਦਾ ਹੈ ਕਿ ਆਦਰਸ਼ ਨਗਰ ਵਿਚ 39, ਸਬਜ਼ੀ ਮੰਡੀ ਵਿਚ 35 ਅਤੇ ਕਿੰਗਜ਼ਵੇਅ ਕੈਂਪਸ ਵਿਚ 15 ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਇਹਨਾਂ ਇਲਾਕਿਆਂ ਵਿਚ 12 ਗੁਰਦੁਆਰੇ, 64 ਫ਼ੈਕਟਰੀਆਂ, 133 ਦੁਕਾਨਾਂ ਅਤੇ 45 ਘਰ ਜਲਾਏ ਗਏ ਸਨ। ਇਹ ਟਿੱਪਣੀ ਕਰਦਿਆਂ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਹੁਣ ਸਮੁੱਚਾ ਮਾਮਲਾ ਖੁੱਲ੍ਹ ਕੇ ਸਾਹਮਣੇ ਆ ਜਾਵੇਗਾ, ਸੁਖਬੀਰ  ਨੇ ਕਿਹਾ ਕਿ 100 ਸਿੱਖਾਂ ਨੂੰ ਕਤਲ ਕਰਨ  ਬਾਰੇ ਆਈ ਟਾਈਟਲਰ ਦੀ ਇਕ ਤਾਜ਼ਾ ਵੀਡੀਉ ਨਾਲ ਕਤਲੇਆਮ ਵਿਚ ਉਸ ਦੀ ਭੂਮਿਕਾ ਬਾਰੇ ਹੋਰ ਵੀ ਕਈ ਖ਼ੁਲਾਸੇ ਹੋਏ ਹਨ। ਉਹਨਾਂ ਕਿਹਾ ਕਿ ਟਾਈਟਲਰ ਵਲੋਂ ਕੀਤਾ ਖ਼ੁਲਾਸਾ ਕਿ ਉਹ 1 ਨਵੰਬਰ ਦੀ ਰਾਤ ਨੂੰ ਰਾਜੀਵ ਗਾਂਧੀ ਨੂੰ ਦਿੱਲੀ ਦੇ ਵਿਭਿੰਨ ਇਲਾਕਿਆਂ ਵਿਚ ਲੈ ਕੇ ਗਿਆ ਸੀ, ਸਾਬਤ ਕਰਦਾ ਹੈ ਕਿ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਤਲ ਕਰਨ ਵਾਸਤੇ ਇਕ ਡੂੰਘੀ ਸਾਜ਼ਿਸ਼ ਘੜੀ ਗਈ ਸੀ, ਕਿਉਂਕਿ ਜਿਨ੍ਹਾਂ ਇਲਾਕਿਆਂ ਵਿਚ ਰਾਜੀਵ ਗਾਂਧੀ ਗਿਆ ਸੀ, ਉੱਥੇ ਤੁਰਤ ਹੀ ਸਿੱਖਾਂ ਦੀ ਕਤਲੋਗਾਰਤ ਸ਼ੁਰੂ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਪਤਾ ਲਾਉਣਾ ਲਾਜ਼ਮੀ ਹੈ ਕਿ ਉਸ ਮੰਦਭਾਗੇ ਦਿਨ ਰਾਜੀਵ ਗਾਂਧੀ ਅਤੇ ਟਾਈਟਲਰ ਨਾਲ ਪ੍ਰਧਾਨ ਮੰਤਰੀ ਦੇ ਸਾਰੇ ਸੁਰੱਖਿਆ ਵਾਹਨ ਦਿੱਲੀ ਵਿਚ ਕਿਥੇ ਕਿਥੇ ਗਏ ਸਨ। ਇਸ ਮੰਤਵ ਲਈ ਉਨ੍ਹਾਂ ਦੀਆਂ ਲਾਗਬੁੱਕਸ ਦੀ ਜਾਂਚ ਕੀਤੇ ਜਾਣ ਦੀ ਜ਼ਰੂਰਤ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਾਜਨਾਥ ਸਿੰਘ ਨੇ ਨਿੱਜੀ ਤੌਰ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਇਸ ਬਾਰੇ ਜਾਣਕਾਰੀ ਦਿਤੀ ਹੈ ਅਤੇ ਖ਼ੁਲਾਸਾ ਕੀਤਾ ਹੈ ਕਿ ਇਸ ਮਾਮਲੇ ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਪੱਤਰ ਪ੍ਰਾਪਤ ਹੋ ਜਾਣ ਮਗਰੋਂ ਇਸ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ।