ਬਾਗ਼ੀ ਸੁਰਾਂ ਕੱਢਣ ਵਾਲਿਆਂ ਨੂੰ ਕੈਪਟਨ ਦਾ ਸਖ਼ਤ ਸੰਕੇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਲਵਾ ਜ਼ੋਨ-2 ਦੇ ਕਾਂਗਰਸੀ ਵਿਧਾਇਕਾਂ ਦੀ ਮੀਟਿੰਗ ਵਿਚ ਜ਼ੀਰਾ ਨੂੰ ਸ਼ਾਮਲ ਹੋਣ ਤੋਂ ਰੋਕਿਆ......

Kulbir Singh Zira

ਚੰਡੀਗੜ੍ਹ : ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਿਰੁਧ ਸਖ਼ਤੀ ਵਿਖਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਗ਼ੀ ਸੁਰਾਂ ਕੱਢਣ ਵਾਲੇ ਕਾਂਗਰਸੀ ਨੇਤਾਵਾਂ ਅਤੇ ਵਿਧਾਇਕਾਂ ਨੂੰ ਕਰੜਾ ਸੰਦੇਸ਼ ਦਿਤਾ ਹੈ। ਪਿਛਲੇ ਦਿਨ ਸ. ਜ਼ੀਰਾ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਮਾਫ਼ੀ ਵੀ ਮੰਗ ਲਈ  ਸੀ ਅਤੇ ਫਿਰ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਆਸ਼ਾ ਕੁਮਾਰੀ ਨਾਲ ਹੋਈ ਮੀਟਿੰਗ ਵਿਚ ਫਿਰ ਉਸ ਨੇ ਮਾਫ਼ੀ ਮੰਗ ਲਈ ਅਤੇ ਉਨ੍ਹਾਂ ਨੂੰ ਮਾਫ਼ ਕਰਨ ਦਾ ਇਸ਼ਾਰਾ ਵੀ ਦੇ ਦਿਤਾ ਸੀ ਪਰ ਉਸ ਦੀ ਬਹਾਲੀ ਅਜੇ ਤਕ ਨਹੀਂ ਹੋਈ।  

ਮੁੱਖ ਮੰਤਰੀ ਨੂੰ ਉਨ੍ਹਾਂ ਦੇ ਕਮਰੇ ਵਿਚ ਮਿਲ ਕੇ ਸ. ਜ਼ੀਰਾ ਨੇ ਅਪਣੇ ਹਲਕੇ ਦੇ ਵਿਕਾਸ ਕੰਮਾਂ ਦੀ ਸੂਚੀ ਸੌਂਪੀ ਵੀ ਸੌਂਪੀ ਸੀ। ਵਿਧਾਇਕਾਂ ਦੀ ਮੀਟਿੰਗ ਤੋਂ ਬਾਅਦ ਸੁਨੀਲ ਜਾਖੜ, ਹਰੀਸ਼ ਚੌਧਰੀ ਅਤੇ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਇੰਦਰ ਸਿੰਘ ਬਾਜਵਾ ਨੇ ਸ. ਜ਼ੀਰਾ ਦੇ ਮੁੱਦੇ 'ਤੇ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੇ ਤ੍ਰਿਪਤ ਇੰਦਰ ਸਿੰਘ ਬਾਜਵਾ ਨੂੰ ਪੁਛਿਆ ਕਿ ਜ਼ੀਰਾ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਰੋਕਿਆ ਕਿਉਂ ਗਿਆ।

ਸ. ਬਾਜਵਾ ਨੇ ਕੁੱਝ ਵੀ ਸਪੱਸ਼ਟ ਨਾ ਕੀਤਾ ਅਤੇ ਸਿਰਫ਼ ਇਤਨਾ ਹੀ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹਾਂ ਇਤਨੀ ਜ਼ਰੂਰ ਜਾਣਕਾਰੀ ਹੈ ਕਿ ਉਨ੍ਹਾਂ ਨੇ ਅਪਣੇ ਹਲਕੇ ਕੀਆਂ ਮੰਗਾਂ ਦੀ ਸੂਚੀ ਮੁੱਖ ਮੰਤਰੀ ਨੂੰ ਸੌਂਪ ਦਿਤੀ ਹੈ।  ਜਦ ਸੁਨੀਲ ਜਾਖੜ ਨੂੰ ਪੁਛਿਆ ਗਿਆ ਕਿ ਜ਼ੀਰਾ ਦੀ ਬਹਾਲੀ ਹੋ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਅਜੇ ਵਿਚਾਰ ਅਧੀਨ ਹੈ।

ਬੇਸ਼ਕ ਪਿਛਲੇ ਦਿਨਾਂ ਦੀਆਂ ਮੀਟਿੰਗਾਂ ਤੋਂ ਪਹਿਲਾਂ ਕੇਂਦਰੀ ਹਾਈ ਕਮਾਨ ਨੇ ਵੀ ਆਸ਼ਾ ਕੁਮਾਰੀ ਨੂੰ ਇਸੇ ਲਈ ਪੰਜਾਬ ਭੇਜਿਆ ਸੀ ਕਿ ਇਸ ਮਾਮਲੇ ਨੂੰ ਖ਼ਤਮ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬਾਗੀ ਸੁਰਾਂ ਕਢਣ ਵਾਲੇ ਵਿਧਾਇਕਾਂ ਅਤੇ ਨੇਤਾਵਾਂ ਨੂੰ ਸਖ਼ਤ ਸੰਦੇਸ਼ ਦੇਣਾ ਚਾਹੁੰਦੇ ਸਨ, ਇਸੀ ਕਾਰਨ ਅੱਜ ਜ਼ੀਰਾ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਦੀ ਆਗਿਆ ਨਹੀਂ ਮਿਲੀ।