26 ਜਨਵਰੀ ਨੂੰ ਦਿੱਲੀ ਅੰਦਰ ਸ਼ਾਂਤਮਈ ਢੰਗ ਨਾਲ ਹੋਵੇਗੀ ਕਿਸਾਨਾਂ ਦੀ ਟਰੈਕਟਰ ਪਰੇਡ

ਏਜੰਸੀ

ਖ਼ਬਰਾਂ, ਪੰਜਾਬ

26 ਜਨਵਰੀ ਨੂੰ ਦਿੱਲੀ ਅੰਦਰ ਸ਼ਾਂਤਮਈ ਢੰਗ ਨਾਲ ਹੋਵੇਗੀ ਕਿਸਾਨਾਂ ਦੀ ਟਰੈਕਟਰ ਪਰੇਡ

image

ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਨੂੰ ਦਸਿਆ ਅਪਣਾ ਪਲਾਨ
 

ਨਵੀਂ ਦਿੱਲੀ, 19 ਜਨਵਰੀ : 26 ਜਨਵਰੀ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਸਬੰਧੀ ਅੱਜ ਕਿਸਾਨ ਆਗੂਆਂ ਤੇ ਪੁਲਿਸ ਅਧਿਕਾਰੀਆਂ ਵਿਚਾਲੇ ਅਹਿਮ ਬੈਠਕ ਹੋਈ। ਇਸ ਬੈਠਕ ਦੌਰਾਨ ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਨੂੰ ਅਪਣਾ 26 ਜਨਵਰੀ ਦਾ ਪੂਰਾ ਰੋਡਮੈਪ ਦਸਿਆ। ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਉਮੀਦ ਜਤਾਈ ਕਿ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਹਰੀ ਝੰਡੀ ਮਿਲ ਸਕਦੀ ਹੈ। 
ਕਿਸਾਨ ਆਗੂ ਯੋਗਿੰਦਰ ਸਿੰਘ ਯਾਦਵ ਨੇ ਕਿਹਾ ਕਿ ਕਿਸਾਨ 26 ਜਨਵਰੀ ਨੂੰ ਸ਼ਾਂਤਮਈ ਢੰਗ ਨਾਲ ਦਿੱਲੀ ਵਿਚ ਜਾਣਗੇ ਤੇ ਟਰੈਕਟਰ ਪਰੇਡ ਕਰਨਗੇ। ਇਸ ਮੀਟਿੰਗ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜਗਜੀਤ  ਸਿੰਘ ਡੱਲੇਵਾਲ, ਰਜਿੰਦਰਦੀਪ ਸਿੰਘ ਸਮੇਤ ਕਈ ਆਗੂ ਸ਼ਾਮਲ ਸਨ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕੱਲ ਫਿਰ ਤੋਂ ਕਿਸਾਨ ਜਥੇਬੰਦੀਆਂ ਤੇ ਦਿੱਲੀ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਹੋਵੇਗੀ। ਦਰਅਸਲ ਦਿੱਲੀ ਪੁਲਿਸ ਨੇ ਕਿਸਾਨਾਂ ਦੀ ਟਰੈਕਟਰ ਪਰੇਡ ਸਬੰਧੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ 26 ਜਨਵਰੀ ਦੀ ਟਰੈਕਟਰ ਪਰੇਡ ਨਾਲ ਕਾਨੂੰਨ ਤੇ ਵਿਵਸਥਾ ਖ਼ਰਾਬ ਹੋ ਜਾਵੇਗੀ। ਇਸ ’ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਦਿੱਲੀ ਵਿਚ ਕਿਸ ਨੂੰ ਐਂਟਰੀ ਦੇਣੀ ਹੈ ਤੇ ਕਿਸ ਨੂੰ ਨਹੀਂ ਇਹ ਤੈਅ ਕਰਨਾ ਦਿੱਲੀ ਪੁਲਿਸ ਦਾ ਕੰਮ ਹੈ। (ਪੀਟੀਆਈ)