ਗੁਜਰਾਤ : ਸੜਕ ਕਿਨਾਰੇ ਸੌਂ ਰਹੇ 20 ਲੋਕਾਂ ਨੂੰ ਟਰੱਕ ਨੇ ਦਰੜਿਆ, 15 ਮੌਤਾਂ

ਏਜੰਸੀ

ਖ਼ਬਰਾਂ, ਪੰਜਾਬ

ਗੁਜਰਾਤ : ਸੜਕ ਕਿਨਾਰੇ ਸੌਂ ਰਹੇ 20 ਲੋਕਾਂ ਨੂੰ ਟਰੱਕ ਨੇ ਦਰੜਿਆ, 15 ਮੌਤਾਂ

image

ਪ੍ਰਧਾਨ ਮੰਤਰੀ ਨੇ ਦੁਖ ਪ੍ਰਗਟਾਇਆ, ਮ੍ਰਿਤਕਾਂ ਦੇ ਪ੍ਰਵਾਰਾਂ ਨੂੰ ਦੋ-ਦੋ ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਕ ਮਦਦ ਦਾ ਐਲਾਨ

ਸੂਰਤ, 19 ਜਨਵਰੀ : ਗੁਜਰਾਤ ਦੇ ਸੂਰਤ ਜ਼ਿਲ੍ਹੇ ’ਚ ਮੰਗਲਵਾਰ ਨੂੰ ਸੜਕ ਕਿਨਾਰੇ ਸੌਂ ਰਹੇ ਰਾਜਸਥਾਨ ਦੇ 20 ਪ੍ਰਵਾਸੀ ਮਜ਼ਦੂਰਾਂ ਅਤੇ ਇਕ ਸਾਲ ਦੀ ਬੱਚੀ ਤੇ ਦੋ ਸਾਲ ਦੇ ਬੱਚੇ ਨੂੰ ਟਰੱਕ ਨੇ ਦਰੜ ਦਿਤਾ। ਹਾਦਸੇ ’ਚ ਦੋ ਬੱਚਿਆਂ ਸਮੇਤ 15 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦਸਿਆ ਕਿ ਹਾਦਸੇ ’ਚ ਮਾਰੇ ਗਏ 15 ਲੋਕਾਂ ’ਚ ਅੱਠ ਔਰਤਾਂ ਅਤੇ ਮੱਧ ਪ੍ਰਦੇਸ਼ ਦਾ ਇਕ ਪ੍ਰਵਾਸੀ ਮਜ਼ਦੂਰ ਵੀ ਹੈ। ਮੌਕੇ ’ਤੇ ਹੀ ਉਨ੍ਹਾਂ ਵਿਚੋਂ 12 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ ਤਿੰਨਾਂ ਨੇ ਇਲਾਜ ਦੌਰਾਨ ਹਸਪਤਲਾ ’ਚ ਦਮ ਤੋੜ ਦਿਤਾ। ਹਾਲਾਂਕਿ 6 ਮਹੀਨਿਆਂ ਦੀ ਬੱਚੀ ਇਸ ਹਾਦਸੇ ਵਿਚ ਬਚ ਗਈ ਪਰ ਉਸ ਦੇ ਮਾਂ-ਬਾਪ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ ਮ੍ਰਿਤਕਾਂ ’ਚ ਮੱਧ ਪ੍ਰਦੇਸ਼ ਦੇ 19 ਸਾਲਾ ਮਜ਼ਦੂਰ ਦੇ ਇਲਾਵਾ ਸਾਰੇ ਲੋਕ ਦਖਣੀ ਰਾਜਸਥਾਨ ’ਚ ਬਾਂਸਵਾੜਾ ਜ਼ਿਲ੍ਹੇ ਦੇ ਪਿੰਡਾਂ ਦੇ ਨਿਵਾਸੀ ਸਨ। ਇਹ ਦਰਦਨਾਕ ਹਾਦਸਾ ਸੂਰਤ ਤੋਂ ਕਰੀਬ 60 ਕਿਲੋਮੀਟਰ ਕੋਸਾਂਬਾ ਪਿੰਡ ਕੋਲ ਵਾਪਰਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗੰਨੇ ਨਾਲ ਭਰੇ ਇਕ ਟਰੈਕਟਰ ਨਾਲ ਟੱਕਰ ਦੇ ਬਾਅਦ ਟਰੱਕ ਚਾਲਕ ਗੱਡੀ ਦਾ ਕੰਟਰੋਲ ਗੁਆ ਬੈਠਾ। ਜਿਸ ਕਾਰਨ ਉਹ ਫ਼ੁੱਟਪਾਥ ’ਤੇ ਸੌਂ ਰਹੇ ਮਜ਼ਦੂਰਾਂ ਉੱਤੇ ਚੜ੍ਹ ਗਿਆ। ਪੁਲਿਸ ਨੇ ਡੰਪਰ ਦੇ ਡਰਾਈਵਰ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਡੰਪਰ ਦੇ ਡਰਾਈਵਰ ਅਤੇ ਉਸਦੇ ਹੈਲਪਰ ਵੀ ਹਾਦਸੇ ’ਚ ਜ਼ਖ਼ਮੀ ਹੋ ਗਿਆ ਅਤੇ ਦੋਨਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। 
ਸੂਰਤ ਦੀ ਪੁਲਿਸ ਐਸ.ਪੀ ਉਸ਼ਾ ਰਾਡਾ ਨੇ ਦਸਿਆ ਕਿ ਟਰੱਕ ਨੇ ਤੜਕੇ ਕਿਮ-ਮਾਂਡਵੀ ਰੋਡ ਦੇ ਕਿਨਾਰੇ ਸੌਂ ਰਹੇ ਮਜ਼ਦੂਰਾਂ ਨੂੰ ਦਰੜ ਦਿਤਾ। ਐਸਪੀ ਨੇ ਦਸਿਆ ਕਿ ਡੰਪਰ ਕਿਮ ਤੋਂ ਮਾਂਡਵੀ ਜਾ ਰਿਹਾ ਸੀ। ਦੂਜੇ ਪਾਸੇ ਤੋਂ ਆ ਰਹੇ ਟਰੈਕਟਰ ਨਾਲ ਉਸ ਦੀ ਟੱਕਰ ਦੇ ਬਾਅਦ ਡਰਾਈਵਰ ਗੱਡੀ ’ਤੇ ਅਪਣਾ ਕਟਰੋਲ ਗੁਆ ਬੈਠਾ। ਉਨ੍ਹਾਂ ਦਸਿਆ, ‘‘ਹਾਦਸੇ ’ਚ ਟਰੱਕ ਦੀ ਮੁਹਰਲੀ ਖਿੜਕੀ ਦਾ ਸ਼ੀਸ਼ਾ ਪੂਰੀ ਤਰ੍ਹਾਂ ਟੁੱਟ ਗਿਆ ਜਿਸ ਕਾਰਨ ਡਰਾਈਵਰ ਦੇਖ ਨਹੀਂ ਸਕਿਆ। ਟੱਕਰ ਕਾਰਨ ਡੰਪਰ ਦੂਜੇ ਪਾਸੇ ਪਹੁੰਚ ਗਿਆ ਅਤੇ ਸੜਕ ਕਿਨਾਰੇ ਸੌਂ ਰਹੇ ਮਜ਼ਦੂਰ ਉਸ ਦੀ ਲਪੇਟ ’ਚ ਆ ਗਏ। ’’
ਇਸ ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਖ ਪ੍ਰਗਟ ਕਰਦੇ ਹੋਏ ਮ੍ਰਿਤਕਾਂ ਦੇ ਪਰਵਾਰਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਕ ਮਦਦ ਦਾ ਐਲਾਨ ਕੀਤਾ ਹੈ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਵੀ ਮ੍ਰਿਤਕਾਂ ਦੇ ਪਰਵਾਰਾਂ ਲਈ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। 
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਹਾਦਸੇ ’ਤੇ ਦੁਖ ਪ੍ਰਗਟ ਕਰਦੇ ਹੋਏ ਮ੍ਰਿਤਕਾਂ ਦੇ ਪਰਵਾਰਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਕ ਮਦਦ ਦਾ ਐਲਾਨ ਕੀਤਾ ਹੈ।     (ਪੀਟੀਆਈ)