ਸਰਕਾਰ ਦੀ ਸਰਪ੍ਰਸਤੀ ਨਾਲ ਮਾਈਨਿੰਗ ਮਾਫ਼ੀਆ ਲੁੱਟ ਰਿਹੈ ਪੰਜਾਬ ਦੀ ਸੰਪਤੀ : ‘ਆਪ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਸੂਬੇ ਭਰ ਵਿਚ ਚੱਲ ਰਹੇ ਬੇਲਗਾਮ ਵੱਖ-ਵੱਖ ਮਾਫ਼ੀਏ ਨੂੰ ਨੱਥ ਪਾਉਣ 

Harpal Singh Cheema

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਸੂਬੇ ਭਰ ਵਿਚ ਚੱਲ ਰਹੇ ਮਾਈਨਿੰਗ ਮਾਫ਼ੀਆ ਸਬੰਧੀ ਦੋਸ਼ ਲਗਾਇਆ ਹੈ ਕਿ ਸੂਬੇ ਭਰ ’ਚ ਕੈਪਟਨ ਸਰਕਾਰ ਦੀ ਸਰਪ੍ਰਸਤੀ ਨਾਲ ਮਾਈਨਿੰਗ ਮਾਫ਼ੀਆ ਪੰਜਾਬ ਦੀ ਸੰਪਤੀ ਨੂੰ ਲੁੱਟ ਕੇ ਅਪਣੀਆਂ ਤਿਜੋਰੀਆਂ ਭਰ ਰਿਹਾ ਹੈ। ਸੀਨੀਅਰ ਆਗੂ ਤੇ ਵਿਰੋਧੀ ਦਲ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਆਰਟੀਆਈ ਐਕਟੀਵਿਸਟ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਵਿਚ ਮਾਈਨਿੰਗ ਮਾਫ਼ੀਆ ਘਟਣ ਦੀ ਬਜਾਏ ਹੋਰ ਵਧ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਸਮੇਤ ਪੰਜਾਬ ਭਰ ਵਿਚ ਕੈਪਟਨ ਅਮਰਿੰਦਰ ਇਸ ਮਾਈਨਿੰਗ ਮਾਫ਼ੀਏ ਸਮੇਤ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਸਰਗਰਮ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮਾਈਨਿੰਗ ਮਾਫ਼ੀਏ ਨੇ ਦਰਿਆਵਾਂ ਵਿਚ ਅਪਣੀਆਂ ਸੜਕਾਂ ਤਕ ਬਣਾ ਲਈਆਂ ਜਦੋਂ ਕਿ ਪਾਣੀ ਨੂੰ ਕੱਢਣ ਵਾਸਤੇ ਪਾਈਪਾਂ ਪਾਈਆਂ ਗਈਆਂ ਹਨ, ਪ੍ਰੰਤੂ ਸਰਕਾਰੀ ਤੰਤਰ ਨੇ ਅੱਖਾਂ ਉੱਤੇ ਪੱਟੀ ਬੰਨੀ ਹੋਈ ਹੈ, ਜਿਸ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ।

ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਵਾਂਗ ਮੌਜੂਦਾ ਸਰਕਾਰ ਵਿਚ ਵੀ ਸਰਕਾਰੀ ਸੰਪਤੀਆਂ ਨੂੰ ਲੁੱਟਣ ਦਾ ਧੰਦਾ ਜੋਰਾਂ ਉੱਤੇ ਚੱਲ ਰਿਹਾ। ਆਗੂਆਂ ਨੇ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਦੀ ਨਿਸ਼ਾਨੀ ਹੈ ਕਿ ਪਿਛਲੇ ਦਿਨੀਂ ਸਰਕਾਰ ਨੇ ਮੰਨਿਆ ਹੈ ਕਿ ਪਿਛਲੇ 4 ਚਾਲਾਂ ਵਿਚ ਮਾਈਨਿੰਗ ਮਾਫ਼ੀਆ ਸਬੰਧੀ ਸਿਰਫ 3 ਕੇਸ ਦਰਜ ਕੀਤੇ ਹਨ, ਜਦੋਂ ਕਿ ਨਾਜਾਇਜ਼ ਚਲ ਰਹੀ ਮਾਈਨਿੰਗ ਦਾ ਮਾਮਲਾ ਕਿਸੇ ਤੋਂ ਲੁਕਿਆ ਨਹੀਂ ਹੋਇਆ। 

‘ਆਪ’ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਸੂਬੇ ਭਰ ਵਿਚ ਚੱਲ ਰਹੇ ਬੇਲਗਾਮ ਵੱਖ-ਵੱਖ ਮਾਫ਼ੀਏ ਨੂੰ ਨੱਥ ਪਾਉਣ ਲਈ ਆਪਣੀ ਸਹੀ ਜ਼ਿੰਮੇਵਾਰੀ ਨਿਭਾਉਣ।  ‘ਆਪ’ ਆਗੂਆਂ ਨੇ ਕਿਹਾ ਕਿ ਇਕ ਪਾਸੇ ਤਾਂ ਸੂਬੇ ਦੇ ਆਰਥਿਕਤਾ ਦਿਨੋਂ ਦਿਨ ਡਾਵਾਂਡੋਲ ਹੋ ਰਹੀ ਹੈ, ਦੂਜੇ ਪਾਸੇ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਦੇ ਲਈ ਸਰਕਾਰ ਤਰ੍ਹਾਂ ਤਰ੍ਹਾਂ ਦਾ ਮਾਫ਼ੀਆ ਚਲਾਉਣ ਵਾਲਿਆਂ ਨੂੰ ਸੁਰੱਖਿਆ ਪ੍ਰਦਾਨ ਕਰਵਾ ਰਹੀ ਹਨ।