ਬੁਖ਼ਾਰ ਪੀੜਤ ਲੋਕ, ਗਰਭਵਤੀ ਔਰਤਾਂ ਨਾ ਲਗਵਾਉਣ ਟੀਕਾ

ਏਜੰਸੀ

ਖ਼ਬਰਾਂ, ਪੰਜਾਬ

ਬੁਖ਼ਾਰ ਪੀੜਤ ਲੋਕ, ਗਰਭਵਤੀ ਔਰਤਾਂ ਨਾ ਲਗਵਾਉਣ ਟੀਕਾ

image

ਹੈਦਰਾਬਾਦ, 19 ਜਨਵਰੀ : ਭਾਰਤ ਬਾਇਓਟੈਕ ਨੇ ਅਪਣੇ ਕੋਵਿਡ 19 ਟੀਕੇ ‘ਕੋਵੈਕਸੀਨ’ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤ ਹੈ ਅਤੇ ਅਪਣੀ ਫੈਕਟਸ਼ੀਟ ’ਚ ਬੁਖ਼ਾਰ ਪੀੜਤ ਲੋਕਾਂ, ਗਰਭਵਤੀ ਔਰਤਾਂ ਅਤੇ ਖ਼ੂਨ ਦੀ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਟੀਕਾ ਨਹੀਂ ਲਗਵਾਉਣ ਦੀ ਸਲਾਹ ਦਿਤੀ ਹੈ। 
  ਅਪਣੀ ਵੈਬਸਾਈਟ ’ਤੇ ਪੋਸਟ ਕੀਤੀ ਫੈਕਟਸ਼ੀਟ ’ਚ ਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਕਿਹਾ ਕਿ ਵੈਕਸੀਨ ਦਾ ਟ੍ਰਾਇਲ ਤੀਸਰੇ ਫੇਜ਼ ’ਚ ਹੈ ਤੇ ਇਸ ਦਾ ਪ੍ਰਭਾਵ ਅਜੇ ਪੂਰੀ ਤਰ੍ਹਾਂ ਨਾਲ ਸਾਬਿਤ ਨਹੀਂ ਹੋਇਆ ਹੈ। ਤੀਸਰੇ ਫੇਜ਼ ਦੇ ਕਲੀਨੀਕਲ ਟ੍ਰਾਇਲ ਦੇ ਅੰਕੜਿਆਂ ਦਾ ਅਧਿਐਨ ਜਾਰੀ ਹੈ। 
  ਕੰਪਨੀ ਨੇ ਇਹ ਵੀ ਕਿਹਾ ਹੈ ਕਿ ਵੈਕਸੀਨ ਲਗਵਾਉਣ ਦਾ ਮਤਲਬ ਇਹ ਨਹੀਂ ਹੈ ਕਿ ਇਸ ਤੋਂ ਬਾਅਦ ਕੋਰੋਨਾ ਨੂੰ ਲੈ ਕੇ ਸਾਵਧਾਨੀਆਂ ਵਰਤਣੀਆਂ ਛੱਡ ਦਿਤੀਆਂ ਜਾਣ। ਐਡਵਾਈਜ਼ਰੀ ’ਚ ਕੰਪਨੀ ਨੇ ਲੋਕਾਂ ਨੂੰ ਕਿਹਾ ਹੈ ਕਿ ਵੈਕਸੀਨ ਲਗਵਾਉਣ ਤੋਂ ਪਹਿਲਾਂ ਵੈਕਸੀਨੇਟਰ ਜਾਂ ਟੀਕਾਕਰਨ ਅਧਿਕਾਰੀ ਨੂੰ ਅਪਣੀ ਮੈਡੀਕਲ ਕੰਡੀਸ਼ਨ ਬਾਰੇ ਜਾਣਕਾਰੀ ਦਿਉ।
 ਭਾਰਤ ਬਾਇਓਟੈਕ ਨੇ ਕਿਹਾ ਕਿ ਜਾਰੀ ਕਲੀਨੀਕਲ ਟ੍ਰਾਇਲ ਦੌਰਾਨ ਪਾਇਆ ਗਿਆ ਕਿ ਚਾਰ ਹਫ਼ਤਿਆਂ ’ਚ ਦਿਤੀਆਂ ਗਈਆਂ ਦੋ ਖ਼ੁਰਾਕਾਂ ਤੋਂ ਬਾਅਦ ਕੋਵੈਕਸੀਨ ਪ੍ਰਤੀਰੋਧੀ ਸ਼ਕਤੀ ਪੈਦਾ ਕਰਦੀ ਹੈ। ਕੋਵੈਕਸੀਨ ਨੂੰ ਅਮਰਜੈਂਸੀ ’ਚ ਇਸਤੇਮਾਲ ਕਰਨ ਦੀ ਮਨਜ਼ੂਰੀ ਦਿਤੀ ਗਈ ਹੈ।                      (ਪੀਟੀਆਈ)