ਸੁਪਰੀਮ ਕੋਰਟ ਦੀ ਟਰੈਕਟਰ ਰੈਲੀ ਰੋਕਣ ਤੋਂ ਕੋਰੀ ਨਾਂਹ

ਏਜੰਸੀ

ਖ਼ਬਰਾਂ, ਪੰਜਾਬ

ਸੁਪਰੀਮ ਕੋਰਟ ਦੀ ਟਰੈਕਟਰ ਰੈਲੀ ਰੋਕਣ ਤੋਂ ਕੋਰੀ ਨਾਂਹ

image

image

image

ਪ੍ਰਸਤਾਵਿਤ ਟਰੈਕਟਰ ਰੈਲੀ ਪੂਰੀ ਤਰ੍ਹਾਂ ਅਮਨ ਕਾਨੂੰਨ ਦਾ ਮਾਮਲਾ : ਅਦਾਲਤ

ਨਵੀਂ ਦਿੱਲੀ, 20 ਜਨਵਰੀ: ਗਣਤੰਤਰ ਦਿਵਸ ਮੌਕੇ ਕਿਸਾਨਾਂ ਦੇ ਟਰੈਕਟਰ ਮਾਰਚ ਕੱਢਣ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨਾਂ ਉੱਤੇ ਬੁਧਵਾਰ ਨੂੰ ਸੁਣਵਾਈ ਹੋਈ | ਕੇਂਦਰ ਨੇ ਸੁਪਰੀਮ ਕੋਰਟ ਵਿਚ ਦਾਇਰ ਅਪਣੀਆਂ ਪਟੀਸ਼ਨਾਂ ਵਾਪਸ ਲੈ ਲਈਆਂ, ਜਿਨ੍ਹਾਂ ਵਿਚ 26 ਜਨਵਰੀ ਨੂੰ ਕਿਸਾਨਾਂ ਵਲੋਂ ਪ੍ਰਸਤਾਵਿਤ ਰੈਲੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ | ਦਰਅਸਲ, ਸੁਪਰੀਮ ਕੋਰਟ ਨੇ ਇਸ ਨੂੰ ਪੁਲਿਸ ਦਾ ਮਾਮਲਾ ਦਸਿਆ ਅਤੇ ਕਿਹਾ ਕਿ ਅਦਾਲਤ ਇਸ ਮਾਮਲੇ ਵਿਚ ਦਖ਼ਲ ਨਹੀਂ ਦੇਵੇਗੀ |
ਇਸ ਨਾਲ ਹੀ ਕਮੇਟੀ ਦੇ ਮੁੜ ਗਠਨ ਬਾਰੇ ਕਿਸਾਨ ਮਹਾਂਪੰਚਾਇਤ ਵਲੋਂ ਪਾਈ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ | ਦਸਣਯੋਗ ਹੈ ਕਿ ਇਸ ਕਮੇਟੀ ਦੇ ਚਾਰ ਮੈਂਬਰਾਂ ਵਿਚੋਂ ਇਕ ਨੇ ਅਪਣੇ ਆਪ ਨੂੰ ਵੱਖ ਕਰ ਲਿਆ | ਭਾਰਤ ਦੇ ਚੀਫ਼ ਜਸਟਿਸ ਆਫ਼ ਇੰਡੀਆ ਐਸ.ਏ. ਬੋਬੜੇ, ਜਸਟਿਸ ਏ ਐਸ ਬੋਪੰਨਾ ਅਤੇ ਵੀ ਰਾਮਸੂਬ੍ਰਾਹਮਣਯਮ ਇਸ ਕੇਸ ਦੀ ਸੁਣਵਾਈ ਕਰ ਰਹੇ ਹਨ | ਅਦਾਲਤ ਨੇ ਕਿਹਾ ਕਿ ਪ੍ਰਸਤਾਵਿਤ ਟਰੈਕਟਰ ਰੈਲੀ ਪੂਰੀ ਤਰ੍ਹਾਂ ਕਾਰਜਪਾਲਿਕਾ ਨਾਲ ਜੁੜਿਆ ਮਾਮਲਾ ਹੈ |  ਕਿਸਾਨਾਂ ਵਲੋਂ ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਦੁਸ਼ਯੰਤ ਦਵੇ ਨੇ ਸੁਪਰੀਮ ਕੋਰਟ ਵਿਚ ਕਿਹਾ ਕਿ ਇਸ ਕਮੇਟੀ ਸਾਹਮਣੇ ਕਿਸਾਨ ਪੇਸ਼ ਨਹੀਂ ਹੋਣਗੇ | ਸੁਪਰੀਮ ਕੋਰਟ ਨੇ ਕਿਹਾ ਕਿ ਪੇਸ਼ ਹੋਣਾ ਨਾ ਹੋਣਾ ਉਨ੍ਹਾਂ ਦੀ ਮਰਜ਼ੀ ਹੈ, ਪਰ ਕਮੇਟੀ ਉਪਰ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਲਗਾ ਸਕਦਾ | ਇਹ ਕਮੇਟੀ ਬਣੀ ਰਹੇਗੀ ਅਤੇ ਤੈਅ ਸਮੇਂ ਉੱਤੇ ਅਪਣੀ ਰੀਪੋਰਟ ਪੇਸ਼ ਕਰੇਗੀ | 
 ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਕਿਸਾਨ ਖੇਤੀਬਾੜੀ ਕਾਨੂੰਨਾਂ ਵਿਚ ਸੋਧ ਨਹੀਂ ਕਰਨਾ ਚਾਹੁੰਦੇ ਸਗੋਂ ਉਨ੍ਹਾਂ ਨੂੰ ਰੱਦ ਕਰਨਾ ਚਾਹੁੰਦੇ ਹਨ | ਕਿਸਾਨ ਅਪਣੀਆਂ ਮੰਗਾਂ ਲੋਕਤੰਤਰੀ ਢੰਗ ਨਾਲ ਚੁਕ ਰਹੇ ਹਨ |