ਮੋਦੀ ਤੇ ਕੈਪਟਨ ਨੂੰ  ਹੁਣ ਪੰਜਾਬ 'ਚ ਡਬਲ ਡੋਜ਼ ਦਿਆਂਗੇ : ਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਤੇ ਕੈਪਟਨ ਨੂੰ  ਹੁਣ ਪੰਜਾਬ 'ਚ ਡਬਲ ਡੋਜ਼ ਦਿਆਂਗੇ : ਰੰਧਾਵਾ

image

ਕਿਹਾ, ਪੰਜਾਬੀ ਡਰਨ ਜਾਂ ਝੁਕਣ ਵਾਲੇ ਨਹੀਂ ਅਤੇ ਕਾਂਗਰਸ ਪੂਰੀ ਲੜਾਈ ਲੜੇਗੀ 

ਚੰਡੀਗੜ੍ਹ, 19 ਜਨਵਰੀ (ਭੁੱਲਰ): ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਈ ਡੀ ਦੀ ਕਾਰਵਾਈ ਬਾਰੇ ਸਖ਼ਤ ਰੋਸ ਪ੍ਰਗਟ ਕਰਦਿਆਂ ਐਲਾਨ ਕਰ ਦਿਤਾ ਹੈ ਕਿ ਹੁਣ ਪੰਜਾਬ ਵਿਚ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ  ਡਬਲ ਡੋਜ਼ ਦਿਆਂਗੇ | 
ਅੱਜ ਸ਼ਾਮ ਇਥੇ ਮੁੱਖ ਮੰਤਰੀ ਨਾਲ ਪੰਜਾਬ ਭਵਨ ਵਿਚ ਪਹੁੰਚਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਿੱਧਾ ਦੋਸ਼ ਲਾਇਆ ਕਿ ਸਾਰੀ ਕਾਰਵਾਈ ਪਿਛੇ ਕੈਪਟਨ ਤੇ ਮਜੀਠੀਆ ਦਾ ਵੀ ਹੱਥ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਬਾਰੇ ਜ਼ਮਾਨਤ 'ਤੇ ਬਾਹਰ ਆਉਣ ਬਾਅਦ ਮਜੀਠੀਆ ਨੇ ਵੀ ਪੰਜਾਬ ਵਿਰੁਧ ਹੀ ਮੋਦੀ ਦਾ ਪੱਖ ਪੂਰਦਿਆਂ ਬਿਆਨ ਦਿਤਾ ਸੀ | ਕੈਪਟਨ ਨੇ ਤਾਂ ਪਹਿਲਾਂ ਹੀ ਡੋਜ਼ੀਅਰ ਤਿਆਰ ਕਰਨ ਦੀ ਗੱਲ ਆਖੀ ਸੀ ਤੇ ਹੁਣ ਇਸੇ ਡੋਜ਼ੀਅਰ ਦੇ ਆਧਾਰ 'ਤੇ ਕੇਂਦਰ ਤੋਂ ਕਾਂਗਰਸੀਆਂ ਨੂੰ  ਡਰਾਉਣ ਧਮਕਾਉਣ ਲਈ ਕਾਰਵਾਈ ਕਰਵਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸਲੀ ਮਸੰਦ ਤਾਂ ਬਾਦਲ ਹੀ ਹਨ ਜਿਨ੍ਹਾਂ ਨੇ ਬੇਅਦਬੀਆਂ ਤੇ ਗੋਲੀ ਕਾਂਡ ਕਰਵਾਇਆ | ਕੈਪਟਨ ਨੇ ਜੋ ਸਾਢੇ ਚਾਰ ਸਾਲ ਵਿਚ ਗੰਦ ਪਾਇਆ ਸੀ ਅਸੀ 111 ਦਿਨਾਂ ਵਿਚ ਉਹੀ ਸਾਫ਼ ਕੀਤਾ ਹੈ | ਰੰਧਾਵਾ ਨੇ ਕਿਹਾ ਕਿ ਚੰਨੀ ਇਕ ਐਸ.ਸੀ. ਵਰਗ ਨਾਲ ਸਬੰਧਤ ਮੁੱਖ ਮੰਤਰੀ ਜ਼ਰੂਰ ਹੈ ਪਰ ਕਮਜ਼ੋਰ ਨਹੀਂ ਹੈ | ਸਾਰੀ ਕੈਬਨਿਟ ਤੇ ਕਾਂਗਰਸ ਉਸ ਨਾਲ ਖੜੀ ਹੈ | 
ਉਨ੍ਹਾਂ ਕਿਹਾ ਕਿ 70 ਹਜ਼ਾਰ ਦੀ ਥਾਂ 700 ਕੁਰਸੀਆਂ ਕਾਰਨ ਪ੍ਰਧਾਨ ਮੰਤਰੀ ਰੈਲੀ ਤੋਂ ਪਾਸਾ ਵੱਟ ਗਏ ਤੇ ਬਹਾਨਾ ਸੁਰੱਖਿਆ ਦਾ ਲਾ ਦਿਤਾ | ਹੁਣ ਇਸੇ ਨੂੰ  ਮੁੱਦਾ ਬਣਾ ਕੇ ਪੰਜਾਬ ਨੂੰ  ਬਦਨਾਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਮੈਥੋ ਤਾਂ ਕਿਸੇ ਨੇ ਸਲਾਹ ਹੀ ਨਹੀਂ ਲਈ | ਸੱਭ ਕੁੱਝ ਐਸ.ਪੀ.ਜੀ. ਨੇ ਪੁਲਿਸ ਅਫ਼ਸਰਾਂ ਨਾਲ ਮਿਲ ਕੇ ਹੀ ਕੀਤਾ |
ਉਨ੍ਹਾਂ ਕਿਹਾ ਕਿ ਐਸ.ਪੀ.ਜੀ. ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਜੇਕਰ ਪ੍ਰਧਾਨ ਮੰਤਰੀ ਨੂੰ  ਸਰਹੱਦੀ ਖੇਤਰ ਵਿਚ ਪਾਕਿਸਤਾਨ ਨੇੜੇ ਹੋਣ ਕਾਰਨ ਖ਼ਤਰਾ ਸੀ ਤਾਂ ਉਨ੍ਹਾਂ ਨੂੰ  20 ਮਿੰਟ ਸੜਕ 'ਤੇ ਰੋਕ ਕੇ ਕਿਉਂ ਰੱਖਿਆ ਗਿਆ? ਉਨ੍ਹਾਂ ਕਿਹਾ ਕਿ ਮੋਦੀ ਦੀ ਗੱਡੀ ਨੇੜੇ ਨਾਹਰੇਬਾਜ਼ੀ ਕਰਨ ਵਾਲੇ ਕਿਸਾਨ ਨਹੀਂ ਬਲਕਿ ਭਾਜਪਾ ਦੇ ਹੀ ਵਰਕਰ ਸਨ | ਜਦਕਿ ਕਿਸਾਨਾਂ ਦੇ ਇਕ ਸਾਲ ਚਲੇ ਸ਼ਾਂਤਮਈ ਅੰਦੋਲਨ ਨੇ ਦੁਨੀਆਂ ਭਰ ਵਿਚ ਮਿਸਾਲ ਬਣਾਈ ਹੈ | ਉਨ੍ਹਾਂ ਮੋਦੀ ਨੂੰ  ਇਕ ਹੰਕਾਰੀ ਤੇ ਤਾਨਾਸ਼ਾਹ ਰਾਜਾ ਦਸਿਆ | ਉਨ੍ਹਾਂ ਮੋਦੀ ਤੇ ਕੇਜਰੀਵਾਲ ਦੀ ਮਿਲੀਭੁਗਤ ਦਾ ਵੀ ਦੋਸ਼ ਲਾਇਆ ਅਤੇ ਪੁਛਿਆ ਕਿ ਕੇਜਰੀਵਾਲ 
ਦੇ ਫੜੇ ਰਿਸ਼ਤੇਦਾਰ 'ਤੇ ਈ.ਡੀ. ਨੇ 171 ਕਰੋੜ ਦੀ ਬਰਾਮਦਗੀ ਦੇ ਬਾਵਜੂਦ ਕਾਰਵਾਈ ਕਿਉਂ ਨਾ ਕੀਤੀ? ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਨੇ ਪੰਜਾਬ ਵਿਚੋਂ ਹੁੰਗਾਰਾ ਨਾ ਮਿਲਣ ਕਾਰਨ ਹੋਈ ਵਾਪਸੀ ਬਾਅਦ ਪੰਜਾਬ ਨੂੰ  ਸਿੱਧਾ ਕਰਨ ਦਾ ਮਨ ਬਣਾਇਆ ਹੈ ਪਰ ਪੰਜਾਬੀ ਡਰਨ ਜਾਂ ਝੁੁਕਣ ਵਾਲੇ ਨਹੀਂ | ਭਾਵੇਂ ਸਾਨੂੰ ਜੇਲਾਂ ਵਿਚ ਜਾਣਾ ਪਵੇ ਪਰ ਕਾਂਗਰਸ ਕੇਂਦਰ ਦੀ ਭਾਜਪਾ ਸਰਕਾਰ ਦਾ ਪੂਰਾ ਜਵਾਬ ਦੇਵੇਗੀ |