ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਲੱਗੇ ਬਹਿਬਲ ਮੋਰਚੇ 'ਚ ਪੰਥਕ ਇਕੱਤਰਤਾ ਅੱਜ

ਏਜੰਸੀ

ਖ਼ਬਰਾਂ, ਪੰਜਾਬ

ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਲੱਗੇ ਬਹਿਬਲ ਮੋਰਚੇ 'ਚ ਪੰਥਕ ਇਕੱਤਰਤਾ ਅੱਜ

image


ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਰਾਜਨੀਤਕ ਧਿਰਾਂ ਦੀਆਂ ਟਿਕੀਆਂ ਨਜ਼ਰਾਂ

ਕੋਟਕਪੂਰਾ, 19 ਜਨਵਰੀ (ਗੁਰਿੰਦਰ ਸਿੰਘ) : ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਨਿਰੰਤਰ ਚਲ ਰਹੇ ਬਹਿਬਲ ਇਨਸਾਫ਼ ਮੋਰਚਾ ਵਿਖੇ 20 ਜਨਵਰੀ ਨੂੰ  ਸਵੇਰੇ 11:00 ਵਜੇ ਹੋ ਰਹੀ ਪੰਥਕ ਇਕੱਤਰਤਾ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਕੋਈ ਫ਼ੈਸਲਾ ਸੁਣਾਵੇਗੀ, ਨਵਾਂ ਪ੍ਰੋਗਰਾਮ ਉਲੀਕੇਗੀ ਜਾਂ ਪੰਜਾਬ ਭਰ ਦੇ ਵੋਟਰਾਂ ਨੂੰ  ਕੋਈ ਅਪੀਲ ਕਰੇਗੀ, ਇਸ ਉਪਰ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਪੰਥਦਰਦੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ | ਬੇਅਦਬੀ ਕਾਂਡ ਦਾ ਇਨਸਾਫ਼ ਮੰਗ ਰਹੇ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਨੂੰ  14 ਅਕਤੂਬਰ 2015 ਨੂੰ  ਬਾਦਲ ਸਰਕਾਰ ਦੀ ਪੁਲਿਸ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਸੀ | 
ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਸ਼ਹੀਦ ਗੁਰਜੀਤ ਸਿੰਘ ਬਿੱਟੂ ਤੇ ਪਿਤਾ ਸਾਧੂ ਸਿੰਘ ਸਰਾਵਾਂ ਵਲੋਂ ਲਾਏ ਗਏ ਇਨਸਾਫ਼ ਮੋਰਚੇ ਦੇ 34ਵੇਂ ਦਿਨ ਅੱਜ ਉਨ੍ਹਾਂ ਸਮੂਹ ਪੰਥਦਰਦੀਆਂ ਨੂੰ  ਉਕਤ ਪੰਥਕ ਇਕੱਤਰਤਾ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਆਖਿਆ ਕਿ ਪਿਛਲੇ 6 ਸਾਲਾਂ ਤੋਂ ਇਨਸਾਫ਼ ਦੀ ਉਡੀਕ ਵਿਚ 16 ਦਸੰਬਰ ਤੋਂ ਸ਼ੁਰੂ ਕੀਤੇ ਬੇਅਦਬੀ ਇਨਸਾਫ਼ ਮੋਰਚੇ ਵਿਚ ਪਾਵਨ ਸਰੂਪ ਦੀ ਬੇਅਦਬੀ ਅਤੇ ਬੇਅਦਬੀ ਦੇ ਰੋਸ ਵਿਚ ਬੈਠੇ ਸ਼ਹੀਦ ਪ੍ਰਵਾਰਾਂ ਨੂੰ  ਇਨਸਾਫ਼, ਸਮੇਂ ਦੀਆਂ ਸਰਕਾਰਾਂ ਵਲੋਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਕਿਉਂ ਕੀਤਾ ਜਾ ਰਿਹੈ ਖਿਲਵਾੜ ਵਰਗੇ ਅਹਿਮ ਮੁੱਦਿਆਂ 'ਤੇ ਵਿਚਾਰਾਂ ਕਰਨ ਲਈ ਪੰਥਕ ਇਕੱਤਰਤਾ ਵਿਚ ਪੁੱਜਣਾ ਸਾਰਿਆਂ ਲਈ ਬਹੁਤ ਜ਼ਰੂਰੀ ਹੈ | 
ਰਾਸ਼ਟਰੀ ਰਾਜ ਮਾਰਗ ਨੰਬਰ 54 'ਤੇ ਸਥਿਤ ਪਿੰਡ ਬਹਿਬਲ ਕਲਾਂ ਵਿਖੇ ਲਾਏ ਗਏ ਬਹਿਬਲ ਇਨਸਾਫ਼ ਮੋਰਚਾ ਦੀ ਉਕਤ ਪੰਥਕ ਇਕੱਤਰਤਾ ਉਪਰ ਸਾਰੀਆਂ ਸਿਆਸੀ ਤੇ ਗ਼ੈਰ ਰਾਜਨੀਤਕ ਧਿਰਾਂ ਦੀਆਂ ਨਜ਼ਰਾਂ ਟਿਕਣੀਆਂ ਸੁਭਾਵਕ ਹਨ, ਕਿਉਂਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾ ਦੇ ਸਬੰਧ 'ਚ ਮੋਰਚੇ ਦੇ ਆਗੂਆਂ ਵਲੋਂ ਕੋਈ ਐਲਾਨ ਕੀਤਾ ਜਾ ਸਕਦਾ ਹੈ |