ਈ.ਡੀ ਦੀ ਰੇਡ 'ਤੇ ਰਾਘਵ ਚੱਢਾ ਦਾ ਵੱਡਾ ਬਿਆਨ, ਨਿਸ਼ਾਨੇ 'ਤੇ ਮੁੱਖ ਮੰਤਰੀ ਚੰਨੀ

ਏਜੰਸੀ

ਖ਼ਬਰਾਂ, ਪੰਜਾਬ

ਈ.ਡੀ ਦੀ ਰੇਡ 'ਤੇ ਰਾਘਵ ਚੱਢਾ ਦਾ ਵੱਡਾ ਬਿਆਨ, ਨਿਸ਼ਾਨੇ 'ਤੇ ਮੁੱਖ ਮੰਤਰੀ ਚੰਨੀ

image


111 ਦਿਨਾਂ 'ਚ ਕਰੋੜਾਂ ਰੁਪਏ ਕਮਾ ਕੇ ਚੰਨੀ ਨੇ ਬਾਦਲਾਂ ਤੇ ਕੈਪਟਨ ਨੂੰ  ਵੀ ਪਿੱਛੇ ਛੱਡ ਦਿਤਾ

ਚੰਡੀਗੜ੍ਹ, 19 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ) : ਈ.ਡੀ ਦੀ ਰੇਡ ਦੌਰਾਨ ਬਰਾਮਦ ਹੋਏ ਪੈਸੇ ਨੂੰ  ਲੈ ਕੇ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚੰਨੀ 'ਤੇ ਵੱਡਾ ਹਮਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰ ਅਤੇ ਹੋਰ ਥਾਵਾਂ 'ਤੇ ਈ.ਡੀ. ਵਲੋਂ ਬੀਤੇ ਦਿਨ ਛਾਪੇਮਾਰੀ ਕੀਤੀ ਗਈ ਸੀ, ਜਿਸ ਦੌਰਾਨ 10 ਕਰੋੜ ਰੁਪਏ ਬਰਾਮਦ ਹੋਏ ਹਨ | ਕਰੋੜਾਂ ਰੁਪਏ ਦੇ ਨਾਲ-ਨਾਲ ਵੱਡੀ ਮਾਤਰਾ 'ਚ ਸੋਨੇ ਦੇ ਗਹਿਣੇ  ਅਤੇ ਕਾਗ਼ਜ਼ਾਤ ਵੀ ਬਰਾਮਦ ਹੋਏ ਹਨ | 
ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ 'ਤੇ ਵਿਅੰਗ ਕਸਦੇ ਹੋਏ ਕਿਹਾ ਕਿ ਉਹ ਦੱਸ ਦੇਣ ਕਿ ਉਨ੍ਹਾਂ ਦੇ ਪਰਵਾਰ 'ਚ ਹੋਰ ਕੌਣ-ਕੌਣ ਹੈ, ਜਿਸ ਕੋਲ ਇੰਨੇ ਪੈਸੇ ਹਨ | ਉਨ੍ਹਾਂ ਕਿਹਾ ਕਿ ਪਿਛਲੇ 111 ਦਿਨਾਂ 'ਚ ਮੁੱਖ ਮੰਤਰੀ ਚੰਨੀ ਨੇ ਕਰੋੜਾਂ ਰੁਪਏ ਕਮਾਏ ਹਨ, ਜੋ ਉਨ੍ਹਾਂ ਨੇ ਅਪਣੇ ਰਿਸ਼ਤੇਦਾਰਾਂ ਦੇ ਘਰ ਰਖਵਾ ਦਿਤੇ | 111 ਦਿਨਾਂ 'ਚ ਕਰੋੜਾਂ ਰੁਪਏ ਕਮਾ ਕੇ ਚੰਨੀ ਨੇ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ  ਵੀ ਪਿੱਛੇ ਛੱਡ ਦਿਤਾ | ਰਾਘਵ ਚੱਢਾ ਨੇ ਕਿਹਾ ਕਿ ਚੰਨੀ ਅਜੇ ਸਿਰਫ਼ 111 ਦਿਨ ਪੰਜਾਬ ਦੇ ਮੁੱਖ ਮੰਤਰੀ ਬਣੇ, ਜੇਕਰ ਉਹ 5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਤਾਂ ਉਹ ਕਿੰਨੇ ਪੈਸੇ ਕਮਾਉਂਦੇ?
ਮੁੱਖ ਮੰਤਰੀ ਚੰਨੀ 'ਤੇ ਵਿਅੰਗ ਕਸਦਿਆਂ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਕਹਿ ਰਹੇ ਹਨ ਕਿ ਇਹ ਸਿਆਸੀ ਬਦਲਾਖੋਰੀ ਕਰ ਕੇ ਹੋ ਰਿਹਾ ਹੈ | ਉਨ੍ਹਾਂ ਯਾਦ ਕਰਵਾਇਆ ਕਿ ਆਮ ਆਦਮੀ ਪਾਰਟੀ ਇਕ ਵਾਰ ਮੰਨ ਲੈਂਦੀ ਹੈ ਕਿ ਇਹ ਸਿਆਸੀ ਬਦਲਾਖੋਰੀ ਕਰ ਕੇ ਹੋ ਰਿਹਾ ਹੈ ਪਰ ਮੁੱਖ ਮੰਤਰੀ ਇਹ ਦੱਸਣ ਕਿ ਜਿਹੜਾ ਪੈਸਾ ਮਿਲਿਆ ਹੈ, ਉਹ ਕਿਸ ਦਾ ਹੈ? 
ਉਨ੍ਹਾਂ ਦਸਿਆ ਕਿ ਇਸ ਤਰ੍ਹਾਂ ਦੀਆਂ ਛਾਪੇਮਾਰੀਆਂ ਕੇਂਦਰ ਦੀ ਭਾਜਪਾ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰਾਂ 'ਤੇ ਵੀ ਕਰਵਾਈਆਂ ਸਨ ਪਰ ਉਥੋਂ ਉਨ੍ਹਾਂ ਨੂੰ  ਕੁੱਝ ਵੀ ਨਹੀਂ ਮਿਲਿਆ | ਉਨ੍ਹਾਂ ਦਸਿਆ ਕਿ ਅਜਿਹੇ ਹੀ ਛਾਪੇ 'ਚ ਕੇਜਰੀਵਾਲ ਦੇ ਘਰੋਂ ਈ.ਡੀ ਨੂੰ  10 ਮਫ਼ਲਰ ਮਿਲੇ ਸਨ ਪਰ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ 10 ਕਰੋੜ ਰੁਪਏ ਮਿਲੇ ਹਨ, ਮੁੱਖ ਮੰਤਰੀ ਇਸ ਬਾਰੇ ਸਪੱਸ਼ਟੀਕਰਨ ਦੇਣ |