ਸਿੱਖ ਨੌਜਵਾਨ ਨੇ ਬਰਫ਼ੀਲੇ ਪਾਣੀ ਵਿਚ ਛਾਲ ਮਾਰ ਕੇ ਬਚਾਈ ਬੱਚੀ ਦੀ ਜਾਨ

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਨੌਜਵਾਨ ਨੇ ਬਰਫ਼ੀਲੇ ਪਾਣੀ ਵਿਚ ਛਾਲ ਮਾਰ ਕੇ ਬਚਾਈ ਬੱਚੀ ਦੀ ਜਾਨ

image


ਸ੍ਰੀਨਗਰ, 19 ਜਨਵਰੀ : ਦੁਨੀਆਂ 'ਚ ਜਿਥੇ ਵੀ ਸਿੱਖ ਵੱਸਦੇ ਹਨ, ਉੱਥੇ ਜਦੋਂ ਵੀ ਕਿਸੇ ਨੂੰ  ਮਦਦ ਦੀ ਲੋੜ ਹੁੰਦੀ ਹੈ ਤਾਂ ਸਿੱਖ ਹਮੇਸਾ ਮਦਦ ਲਈ ਸੱਭ ਤੋਂ ਅੱਗੇ ਆਉਂਦੇ ਹਨ | ਅਜਿਹੀ ਹੀ ਮਿਸਾਲ ਸਿੱਖ ਨੌਜਵਾਨ ਨੇ ਸ੍ਰੀਨਗਰ 'ਚ ਪੇਸ਼ ਕੀਤੀ | ਦਰਅਸਲ  ਸ੍ਰੀਨਗਰ ਦੇ ਬੇਮਿਨਾ ਇਲਾਕੇ 'ਚ ਹਮਦਾਨੀਆ ਕਾਲੋਨੀ 'ਚ ਇਕ ਪੰਜ ਸਾਲਾ ਬੱਚੀ ਨਹਿਰ ਦੇ ਕਿਨਾਰੇ 'ਤੇ ਜੰਮੀ ਬਰਫ਼ ਦੀ ਮੋਟੀ ਪਰਤ 'ਤੇ ਪੈਦਲ ਚੱਲ ਰਹੀ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਤੇ ਉਹ ਨਹਿਰ 'ਚ ਜਾ ਡਿੱਗੀ | ਨਹਿਰ 'ਚ ਪਾਣੀ ਬਰਫ਼ੀਲਾ ਸੀ | ਉਹ ਮਦਦ ਲਈ ਚੀਕਣ ਲੱਗੀ | ਨੇੜੇ ਅਪਣੇ ਘਰ ਦੀ ਖਿੜਕੀ 'ਚ ਖੜੇ ਸਿੱਖ ਨੌਜਵਾਨ ਸਿਮਰਨ ਪਾਲ ਸਿੰਘ ਦੀ ਨਜ਼ਰ ਬੱਚੀ 'ਤੇ ਪਈ ਤੇ ਅਗਲੇ ਹੀ ਪਲ ਉਹ ਜਾਨ ਦੀ ਪ੍ਰਵਾਹ ਕੀਤੇ ਬਗ਼ੈਰ ਬਰਫ਼ੀਲੇ ਤੇ ਡੂੰਘੇ ਪਾਣੀ 'ਚ ਉਤਰ ਗਿਆ | ਉਦੋਂ ਤਕ ਕੁੱਝ ਹੋਰ ਲੋਕ ਵੀ ਮਦਦ ਲਈ ਅੱਗੇ ਆਏ ਤੇ ਬੱਚੀ ਨੂੰ  ਬਾਹਰ ਕੱਢ ਲਿਆ | ਸਿੱਖ ਨੌਜਵਾਨ ਸਿਮਰਨ ਪਾਲ ਦੀ ਬਹਾਦਰੀ ਤੇ ਸਮਝ ਦੀ ਲੋਕ ਸ਼ਲਾਘਾ ਕਰ ਰਹੇ ਹਨ | 
ਗੱਲਬਾਤ ਕਰਦਿਆਂ ਸਿੱਖ ਨੌਜਵਾਨ ਨੇ ਕਿਹਾ ਕਿ ਮੈਂ ਸਿੱਖ ਹਾਂ ਤੇ ਗੁਰੂਆਂ ਨੇ ਸਾਨੂੰ ਸਰਬਤ ਦੇ ਭਲੇ ਦੀ ਸਿਖਿਆ ਦਿਤੀ ਹੈ, ਭਾਵੇਂ ਇਸ 'ਚ ਸਾਡੀ ਜਾਨ ਹੀ ਕਿਉਂ ਨਾਲ ਚਲੀ ਜਾਵੇ | ਬੱਚੀ ਨੂੰ  ਬਚਾਉਣ ਦੌਰਾਨ ਅਪਣੀ ਗਰਦਨ 'ਚ ਲੱਗੀ ਸੱਟ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਇਹ ਕੱੁਝ ਨਹੀਂ ਹੈ ਠੀਕ ਹੋ ਜਾਵੇਗੀ | ਜੇਕਰ ਮੈਂ ਅਪਣੀ ਸੱਟ ਦੀ ਫਿਕਰ ਕਰਦਾ ਤਾਂ ਬੱਚੀ ਨੂੰ  ਕੌਣ ਬਚਾਉਂਦਾ | ਮੈਂ ਅਪਣੇ ਗੁਰੂ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਹਿੰਮਤ ਦਿਤੀ |    (ਏਜੰਸੀ)