ਵਿਜੀਲੈਂਸ ਨੇ ਪੰਚਾਇਤ ਸਕੱਤਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਮਾਮਲਾ ਕੀਤਾ ਦਰਜ
ਗ੍ਰਿਫਤਾਰ ਕਰਨ ਲਈ ਵਿਜੀਲੈਂਸ ਦੀਆਂ ਟੀਮਾਂ ਰਵਾਨਾ
ਚੰਡੀਗੜ੍ਹ: ਵਿਜੀਲੈਂਸ ਨੇ ਪੰਚਾਇਤ ਸਕੱਤਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਵਿਜੀਲੈਂਸ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਲਾਚੌਰ ਵਿਕਾਸ ਅਤੇ ਪੰਚਾਇਤ ਦਫਤਰ (ਬੀ.ਡੀ.ਪੀ.ਓ.), ਬਲਾਚੌਰ, ਐਸ.ਬੀ.ਐਸ.ਨਗਰ ਵਿਖੇ ਪੰਚਾਇਤ ਸਕੱਤਰ ਵਜੋਂ ਤਾਇਨਾਤ ਤਰਨਜੀਤ ਸਿੰਘ ਵਿਰੁੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਭ੍ਰਿਸ਼ਟਾਚਾਰ ਰਾਹੀਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਸਬੰਧੀ ਰਿਪੋਰਟਾਂ ਦੀ ਪੜਤਾਲ ਉਪਰੰਤ ਉਪਰੋਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ 01.04.2010 ਤੋਂ 30.06.2017 ਤੱਕ ਦੀ ਆਮਦਨ/ਖਰਚ ਦੀ ਜਾਂਚ ਕੀਤੀ ਗਈ ਅਤੇ ਇਹ ਪਾਇਆ ਗਿਆ ਕਿ ਉਕਤ ਸਮੇਂ ਦੌਰਾਨ ਦੋਸ਼ੀ ਤਰਨਜੀਤ ਸਿੰਘ ਦੀ ਕੁੱਲ ਆਮਦਨ 57,50,879 ਰੁਪਏ ਸੀ ਅਤੇ ਉਸ ਨੇ 69,09,616 ਰੁਪਏ ਖਰਚ ਕੀਤੇ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਪਾਇਆ ਗਿਆ ਹੈ ਕਿ ਆਮਦਨ/ਖਰਚ ਲਈ ਨਿਰਧਾਰਿਤ ਸਮੇਂ ਦੌਰਾਨ ਮੁਲਜ਼ਮ ਵੱਲੋਂ ਕੀਤੇ ਗਏ ਕੁੱਲ ਖਰਚੇ 11,58,737 ਰੁਪਏ ਦੀ ਆਮਦਨ ਤੋਂ ਵੱਧ ਹਨ। ਉਕਤ ਸਮੇਂ ਦੌਰਾਨ ਦੋਸ਼ੀ ਵੱਲੋਂ ਕੀਤੇ ਗਏ ਕੁੱਲ ਖਰਚੇ ਆਮਦਨ ਦੇ ਸਰੋਤਾਂ ਤੋਂ 20.14 ਫੀਸਦੀ ਵੱਧ ਸਨ। ਉਕਤ ਸਮੇਂ ਦੌਰਾਨ ਦੋਸ਼ੀ ਵੱਲੋਂ ਕੀਤੇ ਗਏ ਕੁੱਲ ਖਰਚੇ ਆਮਦਨ ਦੇ ਸਰੋਤਾਂ ਤੋਂ 20.14 ਫੀਸਦੀ ਵੱਧ ਸਨ। ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਤਰਨਜੀਤ ਸਿੰਘ ਖਿਲਾਫ ਵਿਜੀਲੈਂਸ ਬਿਓਰੋ ਦੇ ਜਲੰਧਰ ਥਾਣੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਵਿਜੀਲੈਂਸ ਬਿਊਰੋ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਹਨ।