Punjab News: ਇਹ ਜਾਣਦੇ ਹੋਏ ਕਿ ਕੋਈ ਵਿਆਹਿਆ ਹੋਇਆ ਹੈ ਸਬੰਧ ਬਣਾਉਣਾ ਬਲਾਤਕਾਰ ਨਹੀਂ: ਮੁਹਾਲੀ ਕੋਰਟ
ਦੋਸ਼ ਲਗਾਉਣ ਵਾਲੀ ਔਰਤ ਨੂੰ ਪਤਾ ਸੀ ਕਿ ਜਤਿੰਦਰ ਕੁਮਾਰ ਵਿਆਹਿਆ ਹੋਇਆ ਹੈ।
Punjab News: ਮੋਹਾਲੀ/ਕਰਨਾਲ - ਮੁਹਾਲੀ ਅਦਾਲਤ ਨੇ ਬਲਾਤਕਾਰ ਦੇ ਇੱਕ ਮੁਲਜ਼ਮ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਹਰਿਆਣਾ ਦੇ ਕਰਨਾਲ ਜ਼ਿਲੇ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਖਿਲਾਫ਼ 2022 'ਚ ਇਕ ਔਰਤ ਨੇ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਮੁਹਾਲੀ ਅਦਾਲਤ ਵਿਚ ਸੁਣਵਾਈ ਚੱਲ ਰਹੀ ਸੀ। ਜਤਿੰਦਰ ਕੁਮਾਰ ਦੇ ਵਕੀਲ ਵਿਸ਼ਾਲ ਰਤਨਾ ਨੇ ਦੱਸਿਆ ਕਿ ਔਰਤ ਨੇ ਜਤਿੰਦਰ ਕੁਮਾਰ 'ਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਦਾ ਦੋਸ਼ ਲਗਾਇਆ ਸੀ।
ਉਸ ਨੇ ਅਦਾਲਤ ਨੂੰ ਦੱਸਿਆ ਕਿ ਔਰਤ ਜਤਿੰਦਰ ਕੁਮਾਰ ਨੂੰ ਪਹਿਲਾਂ ਤੋਂ ਜਾਣਦੀ ਸੀ। ਦੋਸ਼ ਲਗਾਉਣ ਵਾਲੀ ਔਰਤ ਨੂੰ ਪਤਾ ਸੀ ਕਿ ਜਤਿੰਦਰ ਕੁਮਾਰ ਵਿਆਹਿਆ ਹੋਇਆ ਹੈ। ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਕੋਈ ਔਰਤ ਸੱਚ ਜਾਣ ਕੇ ਕਿਸੇ ਵਿਅਕਤੀ ਨਾਲ ਸਰੀਰਕ ਸਬੰਧ ਬਣਾ ਰਹੀ ਹੈ ਤਾਂ ਇਸ ਨੂੰ ਬਲਾਤਕਾਰ ਨਹੀਂ ਮੰਨਿਆ ਜਾ ਸਕਦਾ। ਸੁਣਵਾਈ ਤੋਂ ਬਾਅਦ ਅਦਾਲਤ ਨੇ ਪਾਇਆ ਕਿ ਜਤਿੰਦਰ ਕੁਮਾਰ 'ਤੇ ਬਲਾਤਕਾਰ ਦੇ ਦੋਸ਼ ਝੂਠੇ ਹਨ, ਇਸ ਲਈ ਉਸ ਨੂੰ ਇਸ ਮਾਮਲੇ 'ਚ ਬਰੀ ਕੀਤਾ ਜਾਂਦਾ ਹੈ।
ਵਰਣਨਯੋਗ ਹੈ ਕਿ ਪੀੜਤ ਔਰਤ ਨੇ ਇਸ ਤੋਂ ਪਹਿਲਾਂ 25 ਮਈ 2022 ਨੂੰ ਪਿੰਜੌਰ ਥਾਣੇ ਵਿਚ ਜ਼ੀਰੋ ਐਫਆਈਆਰ ਦਰਜ ਕਰਵਾਈ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਜਤਿੰਦਰ ਕੁਮਾਰ ਨੇ ਵਿਆਹ ਦਾ ਝਾਂਸਾ ਦੇ ਕੇ ਢਕੌਲੀ ਦੇ ਇੱਕ ਹੋਟਲ ਵਿਚ ਉਸ ਨਾਲ ਬਲਾਤਕਾਰ ਕੀਤਾ। ਮਾਮਲਾ ਢਕੌਲੀ ਇਲਾਕੇ ਦਾ ਹੋਣ ਕਾਰਨ ਇਹ ਮਾਮਲਾ ਢਕੌਲੀ ਥਾਣੇ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਪੁਲਿਸ ਨੇ 25 ਮਈ ਨੂੰ ਜਤਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋ ਮਹੀਨੇ ਜੇਲ੍ਹ ਵਿਚ ਰਹਿਣ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਚੱਲ ਰਹੀ ਸੀ, ਜਿਸ ’ਤੇ ਸ਼ੁੱਕਰਵਾਰ ਨੂੰ ਫ਼ੈਸਲਾ ਸੁਣਾਇਆ ਗਿਆ।
(For more news apart from Punjab News, stay tuned to Rozana Spokesman)