Ludhiana News: ਲੁਧਿਆਣਾ 'ਚ ਸਹੁਰਿਆਂ ਦੀ ਸ਼ਰਮਨਾਕ ਕਰਤੂਤ, ਨੂੰਹ ਨੂੰ ਜ਼ਿੰਦਾ ਸਾੜਿਆ, ਹਾਲਤ ਨਾਜ਼ੁਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News: ਮੁਲਜ਼ਮ ਪਤੀ ਗ੍ਰਿਫ਼ਤਾਰ, ਸੱਸ ਤੇ ਸਹੁਰਾ ਫ਼ਰਾਰ

Ludhiana Savaddikala Woman Burnt Alive News in punjabi

ਲੁਧਿਆਣਾ 'ਚ ਧੀ ਨੂੰ ਜਨਮ ਦੇਣ 'ਤੇ ਸਹੁਰਿਆਂ ਨੇ ਆਪਣੀ ਨੂੰਹ ਨੂੰ ਜ਼ਿੰਦਾ ਸਾੜ ਦਿੱਤਾ। ਉਸ ਨੂੰ ਗੰਭੀਰ ਹਾਲਤ 'ਚ ਦਯਾਨੰਦ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੱਸ ਅਤੇ ਸਹੁਰੇ ਦੀ ਭਾਲ ਜਾਰੀ ਹੈ। ਇਹ ਘਟਨਾ ਦੋ ਦਿਨ ਪਹਿਲਾਂ ਸਿੰਧਵਾ ਬੇਟ ਥਾਣੇ ਦੇ ਪਿੰਡ ਸਵੱਦੀ ਕਲ੍ਹਾ ਵਿੱਚ ਵਾਪਰੀ ਸੀ।

ਪੀੜਤ ਸੁਖਜੀਤ ਕੌਰ ਇਸ ਸਮੇਂ ਦਯਾਨੰਦ ਮੈਡੀਕਲ ਕਾਲਜ (ਡੀਐਮਸੀ) ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਪੁਲਿਸ ਨੇ ਮ੍ਰਿਤਕਾ ਦੀ ਵੱਡੀ ਭੈਣ ਸੁਮਨਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਪਤੀ ਗੁਰਪ੍ਰੀਤ ਸਿੰਘ, ਸੱਸ ਮਨਜੀਤ ਕੌਰ ਅਤੇ ਸਹੁਰੇ ਅਮਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸੁਮਨਪ੍ਰੀਤ ਅਨੁਸਾਰ ਉਸ ਦੀ ਭੈਣ ਦਾ ਵਿਆਹ 9 ਸਾਲ ਪਹਿਲਾਂ ਟੈਂਪੂ ਚਾਲਕ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਇਕ ਸਾਲ ਬਾਅਦ ਸੁਖਜੀਤ ਨੇ ਬੇਟੀ ਗੁਰਨੂਰ ਨੂੰ ਜਨਮ ਦਿੱਤਾ, ਜੋ ਹੁਣ 8 ਸਾਲ ਦੀ ਹੈ। ਦੋ ਦਿਨ ਪਹਿਲਾਂ ਸੁਮਨਪ੍ਰੀਤ ਨੂੰ ਮੁੱਲ੍ਹਾਪੁਰ ਸਥਿਤ ਪੰਡੋਰੀ ਨਰਸਿੰਗ ਹੋਮ ਤੋਂ ਫ਼ੋਨ ਆਇਆ ਕਿ ਉਸ ਦੀ ਭੈਣ ਨੂੰ ਸੜੀ ਹਾਲਤ ਵਿਚ ਛੱਡ ਦਿੱਤਾ ਗਿਆ ਹੈ।

ਚੌਕੀ ਭੁੱਦੀ ਦੇ ਇੰਚਾਰਜ ਤੇ ਜਾਂਚ ਅਧਿਕਾਰੀ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਖ਼ੁਦ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਮੁਲਜ਼ਮ ਪਤੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।