Derabassi ’ਚ ਪਿਸਤੌਲ ਦੀ ਨੋਕ ’ਤੇ ਕਾਰ ਲੁੱਟਣ ਦੀ ਕੀਤੀ ਗਈ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੈਟਰੋਲ ਪੰਪ ਦੇ ਕਰਮਚਾਰੀਆਂ ਦੀ ਚੌਕਸੀ ਕਰਕੇ ਟਲੀ ਵਾਰਦਾਤ

Attempted car robbery at gunpoint in Derabassi

ਡੇਰਾਬੱਸੀ : ਡੇਰਾਬੱਸੀ ਦੇ ਨੇੜੇ ਸਥਿਤ ਐਵਰਗ੍ਰੀਨ ਪੈਟਰੋਲ ਪੰਪ 'ਤੇ ਸੋਮਵਾਰ ਸਵੇਰੇ ਲਗਭਗ 5 ਵਜੇ ਪਿਸਤੌਲ ਵਿਖਾ ਕੇ ਕਾਰ ਲੁੱਟਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਐਕਟਿਵਾ 'ਤੇ ਸਵਾਰ ਤਿੰਨ ਲੁਟੇਰਿਆਂ ਨੇ ਪੈਟਰੋਲ ਭਰਵਾਉਣ ਆਏ ਇੱਕ ਕਾਰ ਚਾਲਕ ਨੂੰ ਨਿਸ਼ਾਨਾ ਬਣਾਇਆ, ਪਰ ਪੈਟਰੋਲ ਪੰਪ ਦੇ ਕਰਮਚਾਰੀਆਂ ਦੀ ਚੌਕਸੀ ਕਰਕੇ ਲੁੱਟ ਦੀ ਇਹ ਵਾਰਦਤ ਕਾਰਨ ਵਾਰਦਾਤ ਟੱਲ ਗਈ। ਪੂਰੀ ਘਟਨਾ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸੂਚਨਾ ਮਿਲਣ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਕਾਰ ਚਾਲਕ ਪੈਟਰੋਲ ਭਰਵਾਉਣ ਲਈ ਐਵਰਗ੍ਰੀਨ ਪੈਟਰੋਲ ਪੰਪ 'ਤੇ ਰੁਕਿਆ ਸੀ। ਉਸੇ ਦੌਰਾਨ ਉਸ ਦੇ ਪਿੱਛੇ ਐਕਟਿਵਾ 'ਤੇ ਸਵਾਰ ਤਿੰਨ ਨੌਜਵਾਨ ਵੀ ਪਹੁੰਚ ਗਏ ਅਤੇ ਤੇਲ ਭਰਵਾਉਣ ਲੱਗ ਪਏ। ਕਾਰ ਵਿੱਚ ਤੇਲ ਭਰਨ ਤੋਂ ਬਾਅਦ ਜਿਵੇਂ ਹੀ ਚਾਲਕ ਗੱਡੀ ਵਿੱਚ ਬੈਠਣ ਲੱਗਾ, ਤਾਂ ਦੋ ਨੌਜਵਾਨ ਉਸ ਕੋਲ ਪਹੁੰਚ ਗਏ ਅਤੇ ਪਿਸਤੌਲ ਵਿਖਾ ਕੇ ਕਾਰ ਦੀ ਚਾਬੀ ਖੋਹਣ ਦੀ ਕੋਸ਼ਿਸ਼ ਕੀਤੀ।

ਕਾਰ ਚਾਲਕ ਨੇ ਸ਼ੋਰ ਮਚਾ ਦਿੱਤਾ ਅਤੇ ਸ਼ੋਰ ਸੁਣਦਿਆਂ ਹੀ ਪੈਟਰੋਲ ਪੰਪ 'ਤੇ ਮੌਜੂਦ ਲਗਭਗ ਪੰਜ ਕਰਮਚਾਰੀ ਤੁਰੰਤ ਇਕੱਠੇ ਹੋ ਕੇ ਮੌਕੇ 'ਤੇ ਪਹੁੰਚ ਗਏ। ਕਰਮਚਾਰੀਆਂ ਨੂੰ ਆਉਂਦੇ ਵੇਖ ਲੁਟੇਰੇ ਘਬਰਾ ਗਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਿਨਾਂ ਹੀ ਐਕਟਿਵਾ 'ਤੇ ਸਵਾਰ ਹੋ ਕੇ ਡੇਰਾਬੱਸੀ ਵੱਲ ਫਰਾਰ ਹੋ ਗਏ। 
ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਦੱਸਿਆ ਕਿ ਲੁਟੇਰਿਆਂ ਨੇ ਆਪਣੇ ਚਿਹਰੇ ਢੱਕ ਰੱਖੇ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਿਸਤੌਲ ਸੀ। ਲੁਟੇਰਿਆਂ ਦੀ ਐਕਟਿਵਾ ਦੀ ਨੰਬਰ ਪਲੇਟ 'ਤੇ ਮਿੱਟੀ ਲੱਗੀ ਹੋਈ ਸੀ ਤਾਂ ਜੋ ਪਛਾਣ ਨਾ ਹੋ ਸਕੇ। ਦੱਸਿਆ ਗਿਆ ਕਿ ਕਾਰ ਚਾਲਕ ਨੇ ਟੰਕੀ ਫੁੱਲ ਕਰਵਾਈ ਸੀ, ਜਦਕਿ ਲੁਟੇਰਿਆਂ ਨੇ ਐਕਟਿਵਾ ਵਿੱਚ ਸਿਰਫ਼ 100 ਰੁਪਏ ਦਾ ਪੈਟਰੋਲ ਪਵਾਇਆ ਸੀ। ਘਟਨਾ ਦੀ ਜਾਣਕਾਰੀ ਪੈਟਰੋਲ ਪੰਪ ਮਾਲਕਾਂ ਨੇ ਤੁਰੰਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।