ਸ੍ਰੀ ਮੁਕਤਸਰ ਸਾਹਿਬ ’ਚ ਸਿਹਤ ਬੀਮਾ ਯੋਜਨਾ ਦੇ ਨਾਂ ’ਤੇ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ
ਲੰਬੀ ਦੇ ਪਿੰਡ ਭੁੱਲਰ ਵਾਲਾ ’ਚ 50-50 ਰੁਪਏ ਲੈ ਕੇ ਬਣਾ ਰਿਹਾ ਸੀ ਯੋਜਨਾ ਦੇ ਕਾਰਡ
ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵਲੋਂ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦੀ ਪ੍ਰਕਿਰਿਆ 22 ਜਨਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਪਰ ਇਸ ਸਕੀਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕਾਂ ਦੇ ਕਾਰਡ ਬਣਾਉਣ ਬਦਲੇ ਲੋਕਾਂ ਦੀਆਂ ਜੇਬਾਂ ’ਤੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਅਜਿਹਾ ਮਾਮਲਾ ਹਲਕਾ ਲੰਬੀ ਦੇ ਭੁੱਲਰ ਵਾਲਾ ਵਿਖੇ ਸਾਹਮਣੇ ਆਇਆ ਹੈ। ਇਕ ਸੀ ਐਸ ਸੀ ਸੈਂਟਰ ਚਲਾਉਣ ਵਾਲੇ ਵਿਅਕਤੀ ਵਲੋਂ 50-50 ਰੁਪਏ ਲੈ ਕੇ ਕਾਰਡ ਬਣਾਉਣ ਦੀ ਸ਼ਿਕਾਇਤ ਮਿਲੀ ਸੀ। ਥਾਣਾ ਕਿਲਿਆਂ ਵਾਲੀ ਦੀ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਉਸ ਦੇ ਸੈਂਟਰ ਨੂੰ ਰੱਦ ਕਰਦੇ ਹੋਏ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਇਸ ਬਾਬਤ ਜਾਣਕਾਰੀ ਵੀ ਸਾਂਝੀ ਕੀਤੀ ਸੀ। ਸੂਚਨਾ ਮਿਲੀ ਸੀ ਕਿ ਇਸ ਵਿਅਕਤੀ ਵਲੋਂ ਪੈਸੇ ਲੈ ਕੇ ਕਾਰਡ ਬਣਾਏ ਜਾ ਰਹੇ ਹਨ, ਜਿਸ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਸਿਹਤ ਬੀਮਾ ਯੋਜਨਾ ਕਾਰਡ ਦਾ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਅਤੇ ਬਿਲਕੁਲ ਮੁਫ਼ਤ ਬਣਾਏ ਜਾ ਰਹੇ ਹਨ।
ਇਸ ਮਾਮਲੇ ’ਤੇ ਕਾਰਵਾਈ ਕਰਦੇ ਹੋਏ ਥਾਣਾ ਕਿਲਿਆਂ ਵਾਲੀ ਦੇ ਥਾਣਾ ਮੁਖੀ ਕਰਮਜੀਤ ਕੌਰ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਲੰਬੀ ਵਲੋਂ ਸ਼ਿਕਾਇਤ ਮਿਲੀ ਸੀ ਕਿ ਪਿੰਡ ਭੁੱਲਰ ਵਾਲਾ ਦੇ ਹਰਪ੍ਰੀਤ ਸਿੰਘ ਵਿਅਕਤੀ ਵਲੋਂ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਾਉਣ ਬਦਲੇ ਪੈਸੇ ਵਸੂਲੇ ਜਾ ਰਹੇ ਸਨ, ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।