ਸਿਰਫ ਤੇ ਸਿਰਫ ਕਾਂਗਰਸ ਪਾਰਟੀ ਨੇ ਹੀ ਦਲਿਤਾਂ ਨੂੰ ਸੀਐਮ ਚਿਹਰਾ ਬਣਾਇਆ: ਸਾਧੂ ਸਿੰਘ ਧਰਮਸੋਤ
‘ਅੱਜ ਤੱਕ ਕਿਸੇ ਪਾਰਟੀ ਨੇ ਸਿੱਖ ਚਿਹਰੇ ਨੂੰ ਗ੍ਰਹਿ ਮੰਤਰੀ ਨਹੀਂ ਬਣਾਇਆ ਅਤੇ ਸਿਰਫ ਕਾਂਗਰਸ ਪਾਰਟੀ ਨੇ ਹੀ ਵੱਡੇ ਅਹੁਦੇ ਦੇ ਕੇ ਨਿਵਾਜਿਆ’
ਮੋਹਾਲੀ: ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿੱਚਕਾਰ ਚੱਲ ਰਹੇ ਕਾਟੋ ਕਲੇਸ਼ ਤੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵੱਡਾ ਬਿਆਨ ਆਇਆ ਸਾਹਮਣੇ। ਧਰਮਸੋਤ ਨੇ ਕਿਹਾ ਕਿ ਪੰਜਾਬ ਦੀਆਂ ਸਮੁੱਚੀਆਂ ਪਾਰਟੀਆਂ ਗੱਲਾਂ ਤਾਂ ਵੱਡੀਆਂ ਵੱਡੀਆਂ ਕਰਦੀਆਂ ਹਨ ਪਰ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਨੇ ਹੀ ਦਲਿਤਾਂ ਨੂੰ ਸੀਐਮ ਚਿਹਰਾ ਬਣਾਇਆ। ਕਾਂਗਰਸ ਪਾਰਟੀ ਨੇ ਸਵਰਗਵਾਸੀ ਸਰਦਾਰ ਬੂਟਾ ਸਿੰਘ ਜੀ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ। ਅੱਜ ਤੱਕ ਕਿਸੇ ਵੀ ਪਾਰਟੀ ਨੇ ਸਿੱਖ ਚਿਹਰੇ ਨੂੰ ਗ੍ਰਹਿ ਮੰਤਰੀ ਕਦੇ ਨਹੀਂ ਬਣਾਇਆ ਅਤੇ ਸਿਰਫ ਕਾਂਗਰਸ ਪਾਰਟੀ ਨੇ ਹੀ ਵੱਡੇ ਅਹੁਦੇ ਦੇ ਕੇ ਨਿਵਾਜਿਆ। ਧਰਮਸੋਤ ਨੇ ਵੱਡੇ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਹੀ ਜਾਤਾਂ ਧਰਮਾਂ ਦੇ ਵਿੱਚ ਪੈ ਗਈ ਤਾਂ ਫਿਰ ਦੇਸ਼ ਦੀ ਰਾਖੀ ਕੌਣ ਕਰੇਗਾ। ਕਾਂਗਰਸ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ।
ਸਾਬਕਾ ਮੰਤਰੀ ਧਰਮਸੋਤ ਨੇ ਭਾਜਪਾ ’ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਤਾਂ ਸਿਰਫ ਹਿੰਦੂ ਰਾਸ਼ਟਰ ਹੀ ਚਾਹੁੰਦੀ ਹੈ। ਉਹਨਾਂ ਕਿਹਾ ਕਿ ਜਦੋਂ-ਜਦੋਂ ਦੇਸ਼ ਦੇ ਵਿੱਚ ਕਾਂਗਰਸ ਕਮਜ਼ੋਰ ਹੋਈ ਹੈ, ਉਦੋਂ ਦੇਸ਼ ਵੀ ਕਮਜ਼ੋਰ ਹੋਇਆ ਹੈ।
ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਬੋਲਦਿਆਂ ਸਾਬਕਾ ਮੰਤਰੀ ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ। ਕੌਣ ਕਿਸੇ ਨੂੰ ਕਿੱਥੇ ਮਾਰ ਜੇ, ਕਿਸੇ ਨੂੰ ਕੁਝ ਵੀ ਨਹੀਂ ਪਤਾ। ਕੋਈ ਵੀ ਪੈਸੇ ਲੈ ਕੇ ਘਰੋਂ ਬਾਹਰ ਨਿਕਲ ਨਹੀਂ ਸਕਦਾ। ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ, ਜੋ ਇਹਨਾਂ ਨੂੰ ਤਕੜੇ ਹੋ ਕੇ ਕਰਨੀ ਚਾਹੀਦੀ ਹੈ।