ਦੇਸ਼ ਦੀ ਆਜ਼ਾਦੀ ਲਈ ਮੇਰੇ ਪਰਿਵਾਰ ਨੇ ਜੇਲਾਂ ਕੱਟਣ ਦੇ ਨਾਲ ਤਸੀਹੇ ਝੱਲੇ : ਬੀਬੀ ਭੱਠਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਨਾਲਾ ਵਿਖੇ ਔਰਤਾਂ ਦੀ ਸਮਾਜ ਅੰਦਰ ਭਾਗੇਦਾਰੀ ਅਤੇ ਮਾਨ-ਸਨਮਾਨ ਨੂੰ ਲੈ ਕੇ ਰਾਹੁਲ ਗਾਂਧੀ ਵਲੋਂ ਭੇਜੀ ਗਈ.........

For freedom of country, my family suffered due to jail term: Bibi Bhattal

ਬਰਨਾਲਾ : ਬਰਨਾਲਾ ਵਿਖੇ ਔਰਤਾਂ ਦੀ ਸਮਾਜ ਅੰਦਰ ਭਾਗੇਦਾਰੀ ਅਤੇ ਮਾਨ-ਸਨਮਾਨ ਨੂੰ ਲੈ ਕੇ ਰਾਹੁਲ ਗਾਂਧੀ ਵਲੋਂ ਭੇਜੀ ਗਈ, ਕੇਂਦਰੀ ਟੀਮ ਵਲੋਂ ਸਮਾਜ ਦੇ ਹਰ ਵਰਗ 'ਚ ਔਰਤ ਨੂੰ ਅੱਗੇ ਆਉਣ ਨਹੀਂ ਦਿਤਾ ਜਾ ਰਿਹਾ ਤਹਿਤ 'ਅੱਧੀ ਆਬਾਦੀ ਪੂਰਾ ਹੱਕ' ਦੇ ਨਾਹਰੇ ਹੇਠ ਕਿੰਗਜ਼ ਕਾਲਜ ਬਰਨਾਲਾ ਚ ਹੋਏ ਸਮਾਗਮ ਵਿਚ ਬੋਲਦਿਆਂ ਸਾਬਕਾ ਮੁੱਖ ਮੰਤਰੀ ਅਤੇ ਆਜ਼ਾਦੀ ਘੁਲਾਟੀਆ ਪਰਿਵਾਰ ਦੀ ਧੀ ਬੀਬੀ ਰਜਿੰਦਰ ਕੌਰ ਭੱਠਲ ਨੇ ਹਜ਼ਾਰਾਂ ਦੇ ਇੱਕਠ ਨੂੰ ਭਾਵੁਕ ਹੁੰਦਿਆਂ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਮੇਰੇ ਪਰਿਵਾਰ ਨੇ ਜੇਲਾਂ ਕੱਟੀਆਂ ਅਤੇ ਤਸ਼ੀਹੇ ਝੱਲੇ, ਪ੍ਰੰਤੂ ਅਸੀਂ ਹਿੰਮਤ ਨਹੀਂ ਹਾਰੀ। 

ਉਨ੍ਹਾਂ ਕਿਹਾ ਕਿ ਇਸ ਉਪਰੰਤ ਉਨ੍ਹਾਂ ਦੇ ਮਾਂ-ਬਾਪ ਦਾ ਸਾਇਆ ਵੀ ਸਿਰ ਤੋਂ ਚਲਾ ਗਿਆ ਅਤੇ ਮੇਰਾ ਹਮਸਫ਼ਰ ਪਤੀ ਮੈਨੂੰ ਸਦੀਵੀਂ ਵਿਛੋੜਾ ਦੇ ਗਿਆ। ਇਸ ਸਭ ਕੁੱਝ ਦੇ ਬਾਵਜੂਦ ਵੀ ਮੈਂ ਹਿੰਮਤ ਨਹੀਂ ਹਾਰੀ। ਸਗੋਂ ਇੱਕ ਔਰਤ ਹੁੰਦਿਆਂ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਜ਼ਬਰ ਜ਼ੁਲਮ ਖਿਲਾਫ਼ ਡਟੀ ਰਹੀ। ਇਸ ਮੌਕੇ 'ਅੱਧੀ ਅਬਾਦੀ ਪੂਰਾ ਹੱਕ' ਮੁਹਿੰਮ ਦਾ ਅਗਾਜ਼ ਕਰਦਿਆਂ ਪੰਜਾਬ ਦੀ ਕੋਆਰਡੀਨੇਟਰ ਸਿਮਰਤ ਕੌਰ ਖੰਘੂੜਾ ਨੇ ਔਰਤਾਂ ਨੂੰ ਅਗਾਂਹਵਧੂ ਸੋਚ ਨਾਲ ਜੋੜਦਿਆਂ ਕਿਹਾ ਕਿ ਉਹ ਆਪਣੇ ਫ਼ੈਸਲੇ ਖ਼ੁਦ ਕਰਨ।

ਉਨ੍ਹਾਂ ਕਿਹਾ ਕਿ ਜੇਕਰ ਔਰਤ ਸੜਕ 'ਤੇ ਨਿਕਲਦੀ ਹੈ ਤਾਂ ਝੁੰਡਾਂ ਦੇ ਝੁੰਡ ਗੈਂਗ ਬਲਾਤਕਾਰ ਦੀ ਨੀਅਤ ਨਾਲ ਔਰਤਾਂ ਖਿਲਾਫ ਸੜਕਾਂ ਤੇ ਉੱਤਰਦੇ ਹਨ। ਧੀਆਂ ਦੇ ਅੱਗੇ ਵਧਦੇ ਕਦਮਾਂ 'ਚ ਪਰਿਵਾਰ ਮਾਂ ਪਿਓ ਤੇ ਭਰਾ ਮਦਦ ਕਰਨ ਤੇ ਉਨ੍ਹਾਂ ਦਾ ਹੌਸਲਾ ਵਧਾਉਣ। ਔਰਤਾਂ ਪੜ੍ਹ-ਲਿਖ ਕੇ ਵਿਦੇਸ਼ਾਂ ਵੱਲ ਨੂੰ ਜਾ ਰਹੀਆਂ ਹਨ। ਬੇਗਾਨੇ ਮੁਲਕਾਂ ਚ ਧੱਕੇ ਖਾਣ ਨੂੰ ਔਰਤ ਮਜ਼ਬੂਰ ਕਿਉਂ ਹੈ? ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿਚ ਕਿਸੇ ਔਰਤ ਨੂੰ ਕੋਈ ਮਾਣ ਸਨਮਾਨ ਮਿਲਦਾ ਹੈ ਤਾਂ ਉਸ ਦਾ ਮਰਦ ਪ੍ਰਧਾਨ ਅੱਗੇ ਹੋ ਕੇ ਮੁੜ ਔਰਤ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਦਾ ਹੈ।

ਪਰ ਸਮਾਜ ਅੰਦਰ ਅਜਿਹੀਆਂ ਪਿਰਤਾਂ ਨੂੰ ਖਤਮ ਕਰਨ ਲਈ ਸਾਨੂੰ ਇੱਕਜੁਟ ਹੋਣ ਦੀ ਵਧੇਰੇ ਲੋੜ ਹੈ। ਉਨ੍ਹਾਂ ਕਿਹਾ ਕਿ ਔਰਤਾਂ ਸਮਾਜ ਉਹ ਹਿੱਸਾ ਹਨ, ਜਿਸ ਬਿਨਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਕਿੰਗਜ਼ ਗਰੁੱਪ ਚੇਅਰਮੈਨ ਹਰਦੇਵ ਸਿੰਘ ਬਾਜਵਾ ਨੇ ਪਹੁੰਚੀਆਂ ਸਖ਼ਸ਼ੀਅਤਾਂ ਦਾ ਸਵਾਗਤ ਕੀਤਾ।  ਇਸ ਮੌਕੇ ਕਿੰਗਜ਼ ਗਰੁੱਪ ਦੇ ਐਮ.ਡੀ ਗੁਰਵਿੰਦਰ ਸਿੰਘ ਬਾਜਵਾ, ਅਮਰਜੀਤ ਸਿੰਘ ਕਾਕਾ (ਸੂਚ) ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਸਖ਼ਸ਼ੀਅਤਾਂ ਹਾਜ਼ਰ ਸਨ।

ਇਸ ਮੌਕੇ ਕੇਂਦਰੀ ਟੀਮ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਕੇਸ਼ਵ ਸਿੰਘ ਯਾਦਵ ਅਤੇ ਬੀਬੀ ਜੇ.ਪੀ ਨੇ ਦਸਿਆ ਕਿ ਇਸ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਅਤੇ ਔਰਤਾਂ ਨੂੰ ਲਾਮਬੰਦ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਬੀਬੀ ਪ੍ਰਨੀਤ ਕੌਰ ਨੂੰ ਚੇਅਰਮੈਨ ਅਤੇ ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮ ਪਤਨੀ ਸਿਮਰਤ ਕੌਰ ਖੰਘੂੜਾ ਨੂੰ ਪੰਜਾਬ ਕੋਆਰਡੀਨੇਟਰ ਲਗਾਇਆ ਗਿਆ। ਜਦੋਂ ਕਿ ਇਸ ਦੀ ਦੇਖ ਰੇਖ ਰਾਹੁਲ ਗਾਂਧੀ ਦੇ ਸੈਕਟਰੀ ਕ੍ਰਿਸ਼ਨ ਅਡਾਲੂ ਹਨ।