ਸਮਝ ਆ ਗਈ ਹੁਣ ਕਿਵੇਂ ਵਧੇਗਾ ਮਾਲੀਆ: ਮਨਪ੍ਰੀਤ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਬਜਟ 2019 ਤਹਿਤ ਸੂਬੇ ਵਿਚ ਪੈਟਰੋਲੀਅਮ ਪਦਾਰਥਾਂ ਖ਼ਾਸਕਰ ਡੀਜ਼ਲ ਉਤੇ ਰਾਜ ਸਰਕਾਰ ਵਲੋਂ ਲਾਗੂ ਵੈਟ ਦਰ ਵਿਚ ਵੱਡੀ ਕਟੌਤੀ ਜਿਥੇ ਲੋਕਾਂ ਲਈ ਵੱਡੀ ਸੌਗਾਤ ਮੰਨੀ......

Manpreet Singh Badal

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ) : ਪੰਜਾਬ ਬਜਟ 2019 ਤਹਿਤ ਸੂਬੇ ਵਿਚ ਪੈਟਰੋਲੀਅਮ ਪਦਾਰਥਾਂ ਖ਼ਾਸਕਰ ਡੀਜ਼ਲ ਉਤੇ ਰਾਜ ਸਰਕਾਰ ਵਲੋਂ ਲਾਗੂ ਵੈਟ ਦਰ ਵਿਚ ਵੱਡੀ ਕਟੌਤੀ ਜਿਥੇ ਲੋਕਾਂ ਲਈ ਵੱਡੀ ਸੌਗਾਤ ਮੰਨੀ ਜਾ ਰਹੀ ਹੈ, ਉਥੇ ਹੀ ਸਰਕਾਰ ਅਤੇ ਪਟਰੌਲ ਪੰਪਾਂ ਵਾਲਿਆਂ ਲਈ ਇਸ ਨੂੰ ਵੱਡੀ ਨਿਆਮਤ ਸਾਬਤ ਹੋਣ ਜਾ ਰਹੀ ਵਜੋਂ ਵੇਖਿਆ ਜਾ ਰਿਹਾ ਹੈ। ਵੈਟ ਦਰ ਘਟਾਉਣ ਪਿੱਛੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁਣ ਜੋ 'ਤਰਕ' ਅਤੇ 'ਕਾਰਨ' ਜਾਇਜ਼ ਕਰਾਰ ਦੇ ਰਹੇ ਹਨ, ਉਸ ਦਾ ਪ੍ਰਗਟਾਵਾ 'ਸਪੋਕਸਮੈਨ ਵੈਬ ਟੀਵੀ' ਨੇ 7 ਅਕਤੂਬਰ 2018 ਨੂੰ ਅਪਣੀ ਇਕ ਖ਼ਾਸ ਰੀਪੋਰਟ ਵਿਚ ਕਰ ਦਿਤਾ ਸੀ

ਜਿਸ ਤਹਿਤ ਪੰਜਾਬ ਵਿਚ ਡੀਜ਼ਲ ਉਤੇ ਕਰੀਬ 17 ਫ਼ੀ ਸਦੀ ਪ੍ਰਤੀ ਲੀਟਰ ਵੈਟ ਹੋਣ ਕਾਰਨ ਗੁਆਂਢੀ ਸੂਬਿਆਂ ਨਾਲੋਂ ਤੇਲ ਦੇ ਭਾਅ ਕਿਤੇ ਉਚੇ ਹੋਣ ਦਾ ਪ੍ਰਗਟਾਵਾ ਕੀਤਾ ਗਿਆ ਸੀ। ਭਾਰਤੀ ਪੈਟਰੋਲੀਅਮ ਮੰਤਰਾਲੇ ਦੇ ਅੰਕੜਿਆਂ ਦੇ ਆਧਾਰ ਉਤੇ ਹੀ ਇਹ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਵਲੋਂ ਡੀਜ਼ਲ ਉਤੇ ਉੱਚ ਵੈਟ ਦਰ ਕਾਰਨ ਉਲਟਾ ਵਿਕਰੀ ਘੱਟ ਰਹੀ ਹੈ। ਦੂਜਾ ਇਹ ਹੈ ਕਿ ਪੰਜਾਬ ਵਿਚ ਗੁਆਂਢੀ ਰਾਜਾਂ ਤੋਂ ਤੇਲ ਦੀ ਸਮਗਲਿੰਗ ਹੋ ਰਹੀ ਹੈ। ਹੁਣ ਵੈਟ ਦਰ ਘਟਾਉਣ ਨਾਲ ਪੰਜਾਬ ਵਿਚ ਪਟਰੌਲ ਦੀ ਕੀਮਤ 5.50 ਅਤੇ ਡੀਜ਼ਲ ਦੀ ਕੀਮਤ 1.30 ਪੈਸੇ (ਕਿਉਂਕਿ 10 ਫ਼ੀ ਸਦੀ ਸਰਚਾਰਜ ਵੀ ਲਗਦਾ ਹੈ) ਥੱਲੇ ਜ਼ਰੂਰ ਡਿੱਗ ਗਈ ਹੈ,

ਪਰ ਪਹਿਲੇ ਦਿਨ ਹੀ ਅੰਤਰਰਾਜੀ ਸਰਹੱਦਾਂ ਨਾਲ ਲਗਦੇ ਪੰਜਾਬ ਵਿਚਲੇ ਪਟਰੌਲ ਪੰਪਾਂ ਉਤੇ 'ਰੌਣਕ' ਪਰਤ ਆਈ ਹੈ, ਕਿਉਂਕਿ ਪੰਜਾਬ ਵਿਚ ਹੁਣ ਤਕ ਹਰ ਰੋਜ਼ 27 ਕਰੋੜ ਦਾ ਪਟਰੌਲ ਅਤੇ 84 ਕਰੋੜ ਦਾ ਡੀਜ਼ਲ ਵਿਕਦਾ ਹੈ । ਭਾਵ ਕਿ ਟੈਕਸ ਦੇ ਰੂਪ ਵਿਚ ਰੋਜ਼ 9.44 ਕਰੋੜ ਪਟਰੌਲ, 13.55 ਕਰੋੜ ਡੀਜ਼ਲ ਮਾਲੀਆ ਮਿਲ ਰਿਹਾ ਹੈ।  ਯਾਨੀ ਕਿ ਕੁਲ 22.99 ਕਰੋੜ ਦਾ ਮਾਲੀਆ ਆ ਰਿਹਾ ਹੈ । ਪਰ ਹੁਣ ਵੈਟ ਦਰ ਘਟਣ ਨਾਲ ਨਿਰਸੰਦੇਹ ਵਿਕਰੀ/ਖਪਤ ਵਧਣ ਨਾਲ ਇਹ ਰਾਸ਼ੀ ਹੋਰ ਵਧੇਗੀ।  ਪਟਰੌਲ ਪੰਪ ਮਾਲਕਾਂ ਮੁਤਾਬਕ ਇਹ ਕਮਾਈ 30-35 ਕਰੋੜ ਤਕ ਅੱਪੜ ਜਾਵੇਗੀ। 

ਦਸਣਯੋਗ ਹੈ ਕਿ 'ਰੋਜ਼ਾਨਾ ਸਪੋਕਸਮੈਨ' ਦੇ ਅਕਤੂਬਰ ਮਹੀਨੇ ਦੇ ਪ੍ਰਗਟਾਵਿਆਂ ਮੁਤਾਬਕ ਸੂਬੇ ਵਿਚ 18 ਫ਼ਰਵਰੀ 2019 ਰਾਤੀਂ 12 ਵਜੇ ਤਕ ਸਥਿਤੀ ਇਸ ਪ੍ਰਕਾਰ ਰਹੀ: 18 ਫ਼ਰਵਰੀ 2019 ਅੱਧੀ ਰਾਤ ਤਕ ਦੀ ਸਥਿਤੀ। ਪੰਜਾਬ ਵਿਚ ਪ੍ਰਤੀ ਲੀਟਰ ਗੁਆਂਢੀ ਰਾਜਾਂ ਮੁਕਾਬਲੇ ਵੈਟ ਅਤੇ ਭਾਅ-  ਡੀਜ਼ਲ ਉਤੇ, ਪੰਜਾਬ (ਮੁਹਾਲੀ)-17.00 ਫ਼ੀ ਸਦੀ (73 ਰੁਪਏ ਪ੍ਰਤੀ ਲੀਟਰ), ਹਿਮਾਚਲ ਪ੍ਰਦੇਸ਼ (ਦਾਰਲਾ ਘਾਟ) 11.6 ਫ਼ੀ ਸਦੀ (71.24 ਰੁਪਏ ਪ੍ਰਤੀ ਲੀਟਰ), ਚੰਡੀਗੜ੍ਹ-9.02 ਫ਼ੀ ਸਦੀ (69.69 ਰੁਪਏ),

ਇਸ ਤੋਂ ਇਲਾਵਾ ਹਰਿਆਣਾ (ਅੰਬਾਲਾ)-71.73 ਰੁਪਏ ਪ੍ਰਤੀ ਲੀਟਰ (ਪੰਜਾਬ ਤੋਂ 1.87 ਰੁਪਏ ਘੱਟ), ਜੰਮੂ ਅਤੇ ਕਸ਼ਮੀਰ ਵਿਚ 72.09 (ਪੰਜਾਬ ਤੋਂ 2.36 ਰੁਪਏ ਘੱਟ), ਪਟਰੌਲ 'ਤੇ ਪੰਜਾਬ (ਮੁਹਾਲੀ)-36.04 ਫ਼ੀ ਸਦੀ (87.67 ਰੁਪਏ ਪ੍ਰਤੀ ਲੀਟਰ), ਹਿਮਾਚਲ ਪ੍ਰਦੇਸ਼-23.1 ਫ਼ੀ ਸਦੀ (ਪੰਜਾਬ ਤੋਂ 5.65 ਰੁਪਏ ਸਸਤਾ), ਚੰਡੀਗੜ੍ਹ -17.45 ਫ਼ੀ ਸਦੀ (ਪੰਜਾਬ ਤੋਂ 10.55 ਰੁਪਏ ਸਸਤਾ), ਹਰਿਆਣਾ ਵਿਚ ਪੰਜਾਬ ਤੋਂ 6.12 ਰੁਪਏ ਸਸਤਾ।