ਕਿਹੜੇ ਸਬੂਤ ਚਾਹੁੰਦੇ ਹੋ ਇਮਰਾਨ ਖ਼ਾਨ, ਕੀ ਅਸੀਂ ਲਾਸ਼ਾਂ ਤੁਹਾਡੇ ਕੋਲ ਭੇਜੀਏ?: ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਸ਼ਬਦਾਂ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਦਿਤਾ ਜਵਾਬ

Amarinder Singh

ਘਨੌਰ : ਪੁਲਵਾਮਾ ਵਿਚ ਸੀ.ਆਰ.ਪੀ.ਐਫ਼. ਦੇ ਜਵਾਨਾਂ 'ਤੇ ਹੋਏ ਦਹਿਸ਼ਤੀ ਹਮਲੇ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਸਬੰਧੀ ਭਾਰਤ ਕੋਲ ਕੋਈ ਸਬੂਤ ਨਾ ਹੋਣ ਬਾਰੇ ਇਮਰਾਨ ਖ਼ਾਨ ਵਲੋਂ ਦਿਤੇ ਬਿਆਨ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਗੁੱਸੇ ਭਰੇ ਲਹਿਜ਼ੇ ਵਿਚ ਆਖਿਆ ਕਿ ਕੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਹ ਚਾਹੁੰਦਾ ਹੈ ਕਿ ਭਾਰਤ ਸੈਨਿਕਾਂ ਦੀਆਂ ਲਾਸ਼ਾਂ ਉਥੇ ਭੇਜੇ? ਮੁੱਖ ਮੰਤਰੀ ਨੇ ਕਿਹਾ, ''ਉਹ ਕਿਹੜੇ ਸਬੂਤਾਂ ਦੀ ਗੱਲ ਕਰਦਾ ਹੈ, ਕੀ ਸਾਨੂੰ ਲਾਸ਼ਾਂ ਉਥੇ ਲਿਜਾਣੀਆਂ ਚਾਹੀਦੀਆਂ ਹਨ?

ਮਸਹੂਦ ਅਜ਼ਹਰ ਪਾਕਿਸਤਾਨ ਵਿਚ ਬੈਠਾ ਹੈ ਅਤੇ ਉਥੋਂ ਹੀ ਅਪਣੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੰਦਾ ਹੈ ਅਤੇ ਇਸ ਬਾਰੇ ਹਰ ਕੋਈ ਜਾਣਦਾ ਹੈ। ਹਰ ਰੋਜ਼ ਸਾਡੇ ਸੈਨਿਕਾਂ ਨੂੰ ਸਰਹੱਦ 'ਤੇ ਮਾਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਹਤਿਆਵਾਂ ਕੌਣ ਕਰਵਾ ਰਿਹਾ ਹੈ?'' ਮੁੱਖ ਮੰਤਰੀ ਨੇ ਕਿਹਾ ਕਿ ਇਸ ਗੱਲ ਨੂੰ ਸਾਰੀ ਦੁਨੀਆਂ ਜਾਣਦੀ ਹੈ ਕਿ ਪਾਕਿਸਤਾਨ, ਕਸ਼ਮੀਰ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਕੀ ਕੁੱਝ ਕਰਵਾ ਰਿਹਾ ਹੈ? ਕੈਪਟਨ ਨੇ ਕਿਹਾ ਕਿ 26/11 ਦੇ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਸੀ ਅਤੇ ਇਸ ਬਾਰੇ ਭਾਰਤ ਨੇ ਉਨ੍ਹਾਂ ਨੂੰ ਸਾਰੇ ਸਬੂਤ ਵੀ ਦਿਤੇ ਪਰ ਉਨ੍ਹਾਂ ਨੇ ਕੀਤਾ ਕੁੱਝ ਵੀ ਨਹੀਂ।

ਉਨ੍ਹਾਂ ਕਿਹਾ ਕਿ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ 'ਤੇ ਹੋਏ ਹਮਲੇ ਵਿਚ ਪਾਕਿਸਤਾਨ ਦਾ ਗ੍ਰਨੇਡ ਵਰਤਿਆ ਗਿਆ ਸੀ ਜਿਸ ਨਾਲ ਉਨ੍ਹਾਂ ਦੀ ਸ਼ਮੂਲੀਅਤ ਦਾ ਪਰਦਾ ਫ਼ਾਸ਼ ਹੋਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਆਈ.ਐਸ.ਆਈ. ਦੀ ਬਦੌਲਤ ਬੈਠਾ ਹੈ ਜਿਸ ਕਰ ਕੇ ਉਸ ਪਾਸੋਂ ਹੋਰ ਕਿਹੋ ਜਿਹੀ ਪ੍ਰਤੀਕ੍ਰਿਆ ਦੀ ਆਸ ਰੱਖੀ ਜਾ ਸਕਦੀ ਹੈ। ਮੁੱਖ ਮੰਤਰੀ ਪੰਜਾਬ ਅੱਜ ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ 409 ਪਿੰਡਾਂ 'ਚ ਨਹਿਰੀ ਪਾਣੀ 'ਤੇ ਆਧਾਰਤ ਜਲ ਸਪਲਾਈ ਮੁਹਈਆ ਕਰਵਾਉਣ ਲਈ ਤਿੰਨ ਵੱਡੇ ਪ੍ਰਾਜੈਕਟਾਂ ਦਾ ਪਿੰਡ ਮੰਡੋਲੀ ਵਿਖੇ ਨੀਂਹ ਪੱਥਰ ਰੱਖਣ ਲਈ ਪਹੁੰਚੇ ਸਨ।

ਉਨ੍ਹਾਂ ਪੰਜਾਬ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਸੂਬੇ 'ਚ ਨੀਵੇਂ ਹੁੰਦੇ ਜਾ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਪੀਣ ਲਈ ਸਾਫ਼ ਤੇ ਸ਼ੁਧ ਪਾਣੀ ਮੁਹਈਆ ਕਰਵਾਉਣ ਲਈ ਵਚਨਬੱਧ ਹਨ। ਇਸ ਮੌਕੇ ਮਦਨ ਲਾਲ ਜਲਾਲਪੁਰ ਵਿਧਾਇਕ ਘਨੌਰ ਦੀ ਅਗਵਾਈ ਵਿਚ ਰੱਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਸੂਬੇ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਦੇਵੇਗੀ। ਉਨ੍ਹਾਂ ਨਾਲ ਹੀ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਨੂੰ ਬਰਬਾਦ ਨਾ ਕਰਨ, ਕਿਉਂਕਿ ਸੂਬੇ ਦਾ ਧਰਤੀ ਹੇਠਲਾ ਪਾਣੀ ਦਿਨ-ਬ-ਦਿਨ ਘੱਟ ਰਿਹਾ ਹੈ।

ਮੁੱਖ ਮੰਤਰੀ ਨੇ ਚਿਤਾਵਨੀ ਦਿਤੀ ਕਿ ਜੇ ਅਸੀਂ ਹੁਣ ਵੀ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁੱਝ ਵੀ ਨਹੀਂ ਛੱਡ ਕੇ ਜਾਵਾਂਗੇ।
ਉਨ੍ਹਾਂ ਨੇ 1967 ਦੀ ਅਪਣੀ ਯਾਦ ਸਾਂਝੀ ਕਰਦਿਆਂ ਕਿਹਾ ਕਿ ਉਹ ਉਸ ਸਮੇਂ ਪਿੰਡ ਮੰਡੋਲੀ ਆਏ ਸਨ ਜਦੋਂ ਇਹ ਛੋਟਾ ਜਿਹਾ ਪਿੰਡ ਹੁੰਦਾ ਸੀ ਅਤੇ ਉਦੋਂ ਉਨ੍ਹਾਂ ਦੇ ਮਾਤਾ ਜੀ ਰਾਜਮਾਤਾ ਮਹਿੰਦਰ ਕੌਰ ਲੋਕ ਸਭਾ ਚੋਣ ਲੜ ਰਹੇ ਸਨ ਅਤੇ ਪੀਣ ਵਾਲੇ ਪਾਣੀ ਦੀ ਮੰਗ ਉਸ ਵੇਲੇ ਵੀ ਇਸੇ ਤਰ੍ਹਾਂ ਦੀ ਹੀ ਸੀ। ਉਨ੍ਹਾਂ ਨੇ ਦੂਸ਼ਿਤ ਹੋ ਰਹੇ ਪਾਣੀ 'ਤੇ ਦੁੱਖ ਪ੍ਰਗਟਾਇਆ ਕਿ ਇਸ ਕਰ ਕੇ ਲੋਕ ਅਨੇਕਾਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਰੱਖੀ ਮੰਗ ਨੂੰ ਪੂਰਾ ਕਰਦਿਆਂ ਪਿੰਡ ਮੰਡੋਲੀ ਵਿਖੇ 4.70 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰਾਜੈਕਟ ਲਗਾਉਣ ਦਾ ਵੀ ਐਲਾਨ ਕੀਤਾ। ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਅੱਜ ਆਰੰਭੇ ਗਏ ਕੁਲ 520 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ 'ਤੇ ਆਧਾਰਤ ਸਾਫ਼ ਅਤੇ ਸ਼ੁਧ ਪੀਣ ਵਾਲੇ ਜਲ ਸਪਲਾਈ ਤੇ ਸੀਵਰੇਜ ਦੇ ਇਨ੍ਹਾਂ ਪ੍ਰਾਜੈਕਟਾਂ ਦਾ 5.28 ਲੱਖ ਲੋਕਾਂ ਨੂੰ ਲਾਭ ਮਿਲੇਗਾ।

ਇਸ ਵਿਚੋਂ ਜਲ ਸਪਲਾਈ ਦੇ ਪ੍ਰਾਜੈਕਟਾਂ ਦੀ ਲਾਗਤ 475 ਕਰੋੜ ਰੁਪਏ ਅਤੇ ਨਾਬਾਰਡ ਦੀ ਸਹਾਇਤਾ ਨਾਲ ਬਹਾਦਰਗੜ੍ਹ ਤੇ ਨੇੜਲੇ 10 ਪਿੰਡਾਂ ਦੀ 41505 ਦੀ ਆਬਾਦੀ ਲਈ 45 ਕਰੋੜ ਰੁਪਏ ਦੀ ਲਾਗਤ ਵਾਲਾ ਸੀਵਰੇਜ ਪ੍ਰਾਜੈਕਟ ਲੱਗ ਰਿਹਾ ਹੈ। ਇਕੱਲੇ ਮੰਡੌਲੀ ਵਾਲੇ 241.18 ਕਰੋੜ ਰੁਪਏ ਦੀ ਲਾਗਤ ਵਾਲੇ ਟ੍ਰੀਟਮੈਂਟ ਪਲਾਂਟ ਤੋਂ ਰੋਜ਼ਾਨਾ 3.50 ਕਰੋੜ ਲਿਟਰ ਸਾਫ਼ ਤੇ ਸ਼ੁਧ ਪੀਣਯੋਗ ਪਾਣੀ ਦੀ ਪੂਰਤੀ 204 ਪਿੰਡਾਂ ਨੂੰ ਪ੍ਰਦਾਨ ਕੀਤੀ ਜਾਵੇਗੀ, ਜਿਨ੍ਹਾਂ 'ਚ ਘਨੌਰ ਵਿਧਾਨ ਸਭਾ ਹਲਕੇ ਦੇ 146 , ਰਾਜਪੁਰਾ ਹਲਕੇ ਦੇ 12 ਪਿੰਡ ਅਤੇ ਸਨੌਰ ਹਲਕੇ ਦੇ 46 ਪਿੰਡ ਕਵਰ ਹੋਣਗੇ ਅਤੇ 3.65 ਲੱਖ ਲੋਕਾਂ ਨੂੰ ਸਾਫ਼ ਅਤੇ ਸ਼ੁਧ ਪੀਣਯੋਗ ਪਾਣੀ ਮੁਹਈਆ ਹੋਵੇਗਾ।

ਇਸੇ ਤਰ੍ਹਾਂ 122 ਕਰੋੜ ਰੁਪਏ ਦੀ ਲਾਗਤ ਵਾਲੇ ਪਿੰਡ ਪੱਬਰਾ ਦੇ ਜਲ ਟ੍ਰੀਟਮੈਂਟ ਪਲਾਂਟ 'ਤੋਂ 112 ਪਿੰਡਾਂ ਨੂੰ 1.80 ਕਰੋੜ ਲਿਟਰ ਜਲ ਸਪਲਾਈ ਰੋਜ਼ਾਨਾ ਹੋਵੇਗੀ। ਇਨ੍ਹਾਂ ਪਿੰਡਾਂ 'ਚ 25 ਪਿੰਡ ਘਨੌਰ ਹਲਕੇ ਦੇ, 62 ਪਿੰਡ ਰਾਜਪੁਰਾ ਹਲਕੇ ਦੇ, 23 ਪਿੰਡ ਸਨੌਰ ਹਲਕੇ ਦੇ ਅਤੇ 2 ਪਿੰਡ ਫ਼ਤਿਹਗੜ੍ਹ ਸਾਹਿਬ ਹਲਕੇ ਦੇ ਹਨ, ਇਥੋਂ 1.63 ਲੱਖ ਲੋਕਾਂ ਨੂੰ ਜਲ ਸਪਲਾਈ ਹੋਵੇਗੀ ਅਤੇ 179 ਕਿਲੋਮੀਟਰ ਡੀ.ਆਈ. ਪਾਈਪ ਲਾਈਨਾਂ ਵਿਛਾਈਆਂ ਜਾਣਗੀਆਂ।