ਪੰਜਾਬ ਅਸੈਂਬਲੀ ਸੈਸ਼ਨ: ਬਜਟ ਸੈਸ਼ਨ ਦਾ ਸਮਾਂ ਵਧਿਆ ਹੁਣ ਬਜਟ 28 ਨੂੰ ਪੇਸ਼ ਕੀਤਾ ਜਾਵੇਗਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਪਹਿਲਾ ਦਿਨ ਬਹੁਤ ਹੀ ਹੰਗਾਮੇਦਾਰ ਰਿਹਾ।

file photo

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਪਹਿਲਾ ਦਿਨ ਬਹੁਤ ਹੀ ਹੰਗਾਮੇਦਾਰ ਰਿਹਾ। ਬਜਟ ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਇਆ ਪਰ ਥੋੜ੍ਹੇ ਸਮੇਂ ਦੀ ਮਿਆਦ ਦੇ ਕਾਰਨ ਵਿਰੋਧੀ ਪਾਰਟੀਆਂ ਲਗਾਤਾਰ ਹੰਗਾਮਾ ਪੈਦਾ ਕਰ ਰਹੀਆਂ ਸਨ।

ਹੰਗਾਮੇ ਤੋਂ ਬਾਅਦ, ਕਾਰੋਬਾਰੀ ਸਲਾਹਕਾਰ ਕਮੇਟੀ ਦੀ ਬੈਠਕ ਤੋਂ ਬਾਅਦ ਬਜਟ ਸੈਸ਼ਨ ਨੂੰ 4 ਮਾਰਚ ਤੱਕ ਵਧਾ ਦਿੱਤਾ ਗਿਆ ਹੈ।ਹੁਣ 25 ਫਰਵਰੀ ਦੀ ਬਜਾਏ 28 ਨੂੰ ਬਜਟ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੈਸ਼ਨ ਦਾ ਸਮਾਂ 20 ਤੋਂ 28 ਫਰਵਰੀ ਤੱਕ ਨਿਰਧਾਰਤ ਕੀਤਾ ਗਿਆ ਸੀ।

ਹੁਣ ਵਿੱਤ ਮੰਤਰੀ ਮਨਪ੍ਰੀਤ ਬਾਦਲ 28 ਫਰਵਰੀ ਨੂੰ 2020-21 ਦਾ ਬਜਟ ਪੇਸ਼ ਕਰਨਗੇ। ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਮਰਹੂਮ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਪਹਿਲਾਂ ਤੋਂ ਹੀ ਸੋਚਿਆ ਜਾ ਰਿਹਾ ਸੀ ਕਿ 15ਵੀਂ ਪੰਜਾਬ ਵਿਧਾਨ ਸਭਾ ਦਾ ਭਲਕੇ 20 ਫ਼ਰਵਰੀ ਨੂੰ 11 ਵਜੇ ਤੋਂ ਸ਼ੁਰੂ ਹੋਣ ਵਾਲਾ ਬਜਟ ਇਜਲਾਸ ਕਾਫੀ ਹੰਗਾਮੇ ਭਰਿਆ ਹੋਵੇਗਾ 

ਕਿਉਂਕਿ ਦੋ ਤਿਹਾਈ ਬਹੁਮਤ ਵਾਲੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਦੋਨੋ ਵਿਰੋਧੀ ਧਿਰਾਂ 'ਆਪ' ਤੇ ਅਕਾਲੀ ਭਾਜਪਾ ਸਮੇਤ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਲੋਕ ਹਿਤ ਮੁੱਦਿਆਂ ਤੇ ਭਖਵੀਂ ਬਹਿਸ ਚਾਹੁੰਦੇ ਸਨ। ਵਿਧਾਨ ਸਭਾ ਸਕਤਰੇਤ ਵਲੋਂ ਜਾਰੀ ਆਰਜ਼ੀ ਪ੍ਰੋਗਰਾਮ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿਧਾਇਕਾਂ ਤੇ ਉਨ੍ਹਾਂ ਦੇ ਨੇਤਾਵਾਂ ਨੇ ਸਪੀਕਰ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਸੀ ਕਿ ਇਸ 8 ਬੈਠਕਾਂ ਵਾਲੇ ਬਜਟ ਇਜਲਾਸ ਦਾ ਸਮਾਂ ਵਧਾ ਕੇ ਘੱਟੋ ਘਟ 20 ਬੈਠਕਾਂ ਕੀਤੀਆਂ ਜਾਣ।

ਮੁਲਾਕਾਤ ਮਗਰੋਂ ਮੀਡੀਆ ਨਲ ਗਲਬਾਤ ਕਰਦੇ ਹੋਏ, ਅਕਾਲੀ ਭਾਜਪਾ ਵਿਧਾਨਕਾਰ ਪਾਰਟੀ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਤੇ ਬਿਕਰਮ ਮਜੀਠੀਆ ਨੇ ਦਸਿਆ ਕਿ ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ, ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਸਮੇਤ ਲਾਅ ਐਂਡ ਆਰਡਰ, ਬਿਜਲੀ ਪਾਣੀ, ਗੈਂਗਸਟਰਾਂ, ਜੇਲਾਂ ਦੀ ਸੁਰੱਖਿਆ ਵਰਗੇ ਅਨੇਕਾਂ ਮਸਲੇ ਸਨ ਜਿਨ੍ਹਾਂ 'ਤੇ ਬਹਿਸ ਕਰ ਕੇ ਹਲ ਕਢਣ ਦੀ ਗੱਲ ਕੀਤੀ ਸੀ ।