ਪੰਜਾਬ ਨੂੰ ਪਾਣੀ ਦੀ ਕੀਮਤ ਦੇ ਕੇ ਕੇਜਰੀਵਾਲ ਅਪਣਾ ਵਾਅਦਾ ਨਿਭਾਉਣ: ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਇਕ ਬੈਂਸ ਨੇ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਕਰਵਾਇਆ ਯਾਦ

Photo

ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖ ਕੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੋਂ ਪੰਜਾਬ ਤੋਂ ਦਿੱਲੀ ਨੂੰ ਜਾ ਰਹੇ ਪਾਣੀ ਦੀ ਕੀਮਤ ਅਦਾ ਕਰਨ ਦੀ ਅਪੀਲ ਕਰਦਿਆਂ ਇਹ ਵੀ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਦਿੱਲੀ ਨੂੰ ਜਾ ਰਹੇ ਪਾਣੀ ਦੀ ਕੀਮਤ ਅਦਾ ਕਰਨਗੇ।

ਇਸ ਸਬੰਧੀ ਕੋਟ ਮੰਗਲ ਸਿੰਘ ਵਿੱਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਵਿਧਾਇਕ ਬੈਂਸ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਦੇ 7ਵੇਂ ਸ਼ਡਿਊਲ ਰਾਜ ਸੂਚੀ ਦੇ ਇੰਦਰਾਜ 17 ਅਨੁਸਾਰ ਜਲ ਸਪਲਾਈ, ਸਿੰਚਾਈ ਅਤੇ ਨਹਿਰਾਂ, ਡਰੇਨਾਂ, ਕਿਨਾਰਿਆਂ, ਜਲ ਭੰਡਾਰਨ ਅਤੇ ਪਣ-ਬਿਜਲੀ ਉੱਤੇ ਪੰਜਾਬ ਦਾ ਸੰਵਿਧਾਨਕ ਹੱਕ ਹੈ।

ਇਸ ਸੰਵਿਧਾਨਕ ਹੱਕ ਨੂੰ ਸਮੇਂ ਸਮੇਂ ਤੇ ਪੰਜਾਬ ਨਾਲ ਧ੍ਰੋਹ/ ਧੋਖਾ ਕਮਾਉਣ ਵਾਲੇ ਲੀਡਰਾਂ ਨੇ ਦੇਸ਼ ਦੀ ਆਜਾਦੀ ਤੋਂ ਬਾਅਦ ਇੱਕ ਸਾਜਿਸ਼ ਤਹਿਤ ਤਿਲਾਂਜਲੀ ਦਿੱਤੀ ਜਾਂਦੀ ਰਹੀ ਹੈ। ਅਜ਼ਾਦੀ ਤੋਂ ਪਹਿਲਾਂ ਪੰਜਾਬ ਦਾ ਪਾਣੀ ਗੰਗ ਕੈਨਾਲ ਦੇ ਜਰੀਏ ਬੀਕਾਨੇਰ ਰਿਆਸਤ ਦੇ ਰਾਜੇ ਮਹਾਰਾਜਾ ਗੰਗਾ ਸਿੰਘ ਨੇ ਗੰਗ ਨਹਿਰ ਦੁਆਰਾ ਪਾਣੀ ਦੀ ਕੀਮਤ ਦੇ ਕੇ ਪ੍ਰਾਪਤ ਕੀਤਾ ਸੀ।

ਇਸੇ ਪ੍ਰਕਾਰ ਪਟਿਆਲਾ ਰਿਆਸਤ ਨੇ ਬ੍ਰਿਟਿਸ਼ ਸਰਕਾਰ ਨੂੰ ਵੀ ਪਾਣੀ ਦੀ ਕੀਮਤ ਵਸੂਲ ਕਰਕੇ ਹੀ ਪਾਣੀ ਦਿੱਤਾ ਸੀ। ਉਨ੍ਹਾਂ ਚਿੱਠੀ ਵਿੱਚ ਵਿਸਤਾਰ ਸਹਿਤ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ 29 ਜਨਵਰੀ 1955 ਨੂੰ ਉਸ ਵੇਲੇ ਦੇ ਕੇਂਦਰੀ ਬਿਜਲੀ ਅਤੇ ਸਪਲਾਈ ਮੰਤਰੀ ਸ਼੍ਰੀ ਗੁਲਜਾਰੀ ਲਾਲ ਨੰਦਾ ਨੇ ਪੰਜਾਬ ਦੇ ਪਾਣੀ ਦੀ ਗੈਰ ਕਾਨੂੰਨਨ/ਗੈਰ ਸੰਵਿਧਾਨਿਕ ਵੰਡ ਦੀ ਲਿਖਤ ਵਿੱਚ ਪੰਜਾਬ ਨੂੰ ਪਾਣੀ ਦੀ ਕੀਮਤ ਦੇਣ ਸਬੰਧੀ ਦਰਜ ਵੀ ਕਰ ਦਿੱਤਾ ਪਰੰਤੂ ਫਿਰ ਵੀ ਸਮੇਂ ਦੀਆਂ ਪੰਜਾਬ ਸਰਕਾਰਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।

ਜਦਕਿ 16 ਨਵੰਬਰ 2016 ਨੂੰ  ਪੰਜਾਬ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਦਿੱਲੀ, ਰਾਜਸਥਾਨ ਅਤੇ ਹਰਿਆਣਾ ਤੋਂ ਪਾਣੀ ਦੀ ਕੀਮਤ ਵਸੂਲ ਕਰਨ ਦਾ ਪ੍ਰਸਤਾਵ ਵੀ ਪਾਸ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਰਾਜਸਥਾਨ ਤੋਂ ਪਾਣੀ ਦੀ ਕੀਮਤ ਦੀ ਬਕਾਇਆ ਰਾਸ਼ੀ ਤਕਰੀਬਨ 16 ਲੱਖ ਕਰੋੜ ਦੇ ਕਰੀਬ ਬਣਦੀ ਹੈ।

ਦਿੱਲੀ ਨੂੰ ਪੰਜਾਬ ਤੋਂ ਬਹੁਤ ਥੋੜਾ ਪਾਣੀ 0.2 ਐਮ.ਏ.ਐਫ. ਜਾ ਰਿਹਾ ਹੈ, ਜਿਸ ਦੀ ਕੀਮਤ ਬਹੁਤ ਥੋੜੀ ਹੈ ਅਤੇ ਕੇਜਰੀਵਾਲ ਤੀਸਰੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ ਹਨ ਅਤੇ ਉਨ੍ਹਾਂ ਨੇ ਚੋਣਾਂ ਦੌਰਾਨ ਵਾਅਦਾ ਵੀ ਕੀਤਾ ਸੀ ਕਿ ਦਿੱਲੀ ਨੂੰ ਜਾ ਰਹੇ ਪਾਣੀ ਦੀ ਕੀਮਤ ਪੰਜਾਬ ਨੂੰ ਦਿੱਤੀ ਜਾਵੇਗੀ ਜਦੋਂ ਕਿ ਦੂਜੇ ਪਾਸੇ ਕੇਜਰੀਵਾਲ ਸਰਕਾਰ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨੂੰ ਪਾਣੀ ਦੀ ਕੀਮਤ ਅਦਾ ਕਰ ਰਹੀ ਹੈ।

ਉਨ੍ਹਾਂ ਭਗਵੰਤ ਮਾਨ ਨੂੰ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਦਬਾਅ ਪਾਉਣ ਤਾਂ ਜੋ ਦਿੱਲੀ ਵਰਤ ਰਹੇ ਪਾਣੀ ਦੀ ਕੀਮਤ ਪੰਜਾਬ ਨੂੰ ਅਦਾ ਕਰੇ, ਜਿਸ ਨਾਲ ਪੰਜਾਬ ਨੂੰ ਰਾਜਸਥਾਨ ਵੱਲ ਵੀ ਬਕਾਇਆ ਰਾਸ਼ੀ 16 ਲੱਖ ਕਰੋੜ ਰੁਪਏ ਦਾ ਰਾਹ ਪੱਧਰਾ ਹੋ ਸਕਦਾ ਹੈ।

ਉਨ੍ਹਾਂ ਆਸ ਪ੍ਰਗਟ ਕੀਤੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਿ ਰਾਜਾਂ ਲਈ ਸੰਵਿਧਾਨਕ ਅਧਿਕਾਰਾਂ ਦੇ ਰਾਖੇ ਵਜੋਂ ਜਾਣੇ ਜਾਂਦੇ ਹਨ, ਪੰਜਾਬ ਨੂੰ ਪਾਣੀ ਦੀ ਕੀਮਤ ਦੇਣ ਤੋਂ ਕਦੀ ਵੀ ਪਿੱਛੇ ਨਹੀਂ ਹਟਣਗੇ ਅਤੇ ਜਿਵੇਂ ਹੀ ਦਿੱਲੀ ਸਰਕਾਰ ਪੰਜਾਬ ਨੂੰ ਪਾਣੀ ਦੀ ਕੀਮਤ ਦੇਵੇਗੀ ਤਾਂ ਰਾਜਸਥਾਨ ਤੋਂ ਵੀ ਪੰਜਾਬ ਨੂੰ ਪਾਣੀ ਦੀ ਕੀਮਤ ਆਉਣ ਨਾਲ ਪੰਜਾਬ ਦਾ ਹਰ ਵਾਸੀ ਸ਼ੇਖਾਂ ਤੋਂ ਵੀ ਵੱਧ ਅਮੀਰ ਹੋ ਜਾਵੇਗਾ ਅਤੇ ਕਿਸਾਨ ਖੁਦਕੁਸ਼ੀਆਂ ਕਰਨ ਤੋਂ ਬਚ ਜਾਣ ਦੇ ਨਾਲ ਨਾਲ ਪੰਜਾਬ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਵਿਦੇਸ਼ਾਂ ਵੱਲ ਉਡਾਰੀ ਨਹੀਂ ਮਾਰਨੀ ਪਵੇਗੀ।