ਨੌਦੀਪ ਕੌਰ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ, ਹਾਈ ਕੋਰਟ ਵਲੋਂ ਨੋਟਿਸ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਨੌਦੀਪ ਕੌਰ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ, ਹਾਈ ਕੋਰਟ ਵਲੋਂ ਨੋਟਿਸ ਜਾਰੀ

IMAGE


ਚੰਡੀਗੜ੍ਹ, 19 ਫ਼ਰਵਰੀ (ਸੁਰਜੀਤ ਸਿੰਘ ਸੱਤੀ): ਕਿਰਤੀ ਕਾਰਕੁਨ ਨੌਦੀਪ ਕੌਰ ਵਿਰੁਧ ਕੁੰਡਲੀ (ਸੋਨੀਪਤ) ਥਾਣੇ ਵਿਚ ਦਰਜ ਐਫ਼ਆਈਆਰ ਦੀ ਜਾਂਚ ਸੀਬੀਆਈ ਕੋਲੋਂ ਕਰਵਾਉਣ ਦੀ ਮੰਗ ਨੂੰ  ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ | 
ਨੌਦੀਪ ਕੌਰ ਦੇ ਸਹਿ ਮੁਲਜ਼ਮ ਸ਼ਿਵ ਕੁਮਾਰ ਦੇ ਪਿਤਾ ਰਾਜਬੀਰ ਵਲੋਂ ਐਡਵੋਕੇਟ ਅਰਸ਼ਦੀਪ ਚੀਮਾ ਰਾਹੀਂ ਦਾਖ਼ਲ ਇਸ ਪਟੀਸ਼ਨ 'ਤੇ ਹਾਈ ਕੋਰਟ ਨੇ ਜਿਥੇ ਸੀਬੀਆਈ ਤੇ ਹਰਿਆਣਾ ਪੁਲਿਸ ਨੂੰ  ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ, ਉਥੇ ਸ਼ਿਵ ਕੁਮਾਰ ਦੀ ਡਾਕਟਰੀ ਜਾਂਚ ਕਰਵਾਉਣ ਦਾ ਹੁਕਮ ਦਿਤਾ ਹੈ ਤੇ ਨਾਲ ਹੀ ਉਸ ਨੂੰ  ਕਰਨਾਲ ਜੇਲ ਵਿਚ ਅਪਣੀ ਪਸੰਦ ਦੇ ਵਕੀਲ ਨਾਲ ਮੁਲਾਕਾਤ ਕਰਵਾਉਣ ਦਾ ਹੁਕਮ ਵੀ ਦਿਤਾ ਹੈ | ਰਾਜਬੀਰ ਨੇ ਪਟੀਸ਼ਨ ਵਿਚ ਦੋਸ਼ ਲਗਾਇਆ ਹੈ ਕਿ ਸ਼ਿਵ ਕੁਮਾਰ ਦੀ ਗਿ੍ਫ਼ਤਾਰੀ ਵਿਖਾਉਣ ਤੋਂ ਇਕ ਹਫ਼ਤਾ ਪਹਿਲਾਂ ਉਸ ਨੂੰ  ਹਿਰਾਸਤ ਵਿਚ ਲੈ ਲਿਆ ਗਿਆ ਸੀ ਤੇ ਉਸ ਨਾਲ ਅਣਮਨੁੱਖੀ ਵਤੀਰਾ ਕਰਦਿਆਂ ਤਸੱਦਦ ਕੀਤੇ ਗਏ | ਜੇਲ ਵਿਚ ਮਿਲਣ ਤਕ ਨਹੀਂ ਦਿਤਾ ਗਿਆ | 
ਦੋਸ਼ ਲਗਾਇਆ ਕਿ ਕੁੰਡਲੀ ਕੌਮੀ ਰਾਜਧਾਨੀ ਦਿੱਲੀ ਦੇ ਬਾਰਡਰ 'ਤੇ ਹੈ ਤੇ ਇਥੇ ਵੱਡੇ ਪੱਧਰ 'ਤੇ ਸਨਅਤ ਹੈ ਤੇ ਵੱਖ-ਵੱਖ ਸੂਬਿਆਂ ਤੋਂ ਮਜ਼ਦੂਰ ਕੰਮ ਕਰਦੇ ਹਨ ਤੇ ਇਨ੍ਹਾਂ ਮਜਦੂਰਾਂ ਨੇ ਮਜਦੂਰ ਏਕਤਾ ਸੰਗਠਨ ਬਣਾਇਆ ਹੋਇਆ ਹੈ, ਕਿਉਂਕਿ ਸਨਤਕਾਰ ਮਜਦੂਰਾਂ ਦਾ ਹੱਕ ਨਹੀਂ ਦਿੰਦੇ ਤੇ ਸੰਗਠਨ ਫੇਰ ਇਕੱਤਰ ਹੋ ਕੇ ਪੀੜਤ ਨੂੰ  ਹੱਕ ਦਿਵਾਉਂਦਾ ਹੈ | ਹਾਈ ਕੋਰਟ ਦੇ ਧਿਆਨ ਵਿਚ ਲਿਆਂਦਾ ਕਿ ਸੰਗਠਨ ਦੇ ਕਾਰਕੁਨ ਮਜ਼ਦੂਰਾਂ ਵਲੋਂ ਦਸੰਬਰ ਮਹੀਨੇ ਵਿਚ ਦਿੱਲੀ ਬਾਰਡਰ 'ਤੇ ਜਾ ਕੇ ਕਿਸਾਨਾਂ ਨੂੰ  ਸਮਰਥਨ ਦਿਤਾ ਗਿਆ ਸੀ ਤੇ ਇਸ ਉਪਰੰਤ 28 ਦਸੰਬਰ ਨੂੰ  ਇਕ ਮਜ਼ਦੂਰ ਦੀ ਤਨਖ਼ਾਹ ਦਿਵਾਉਣ ਲਈ ਪਲਾਟ ਨੰਬਰ-367 ਮੂਹਰੇ ਇਕੱਤਰਤਾ ਕੀਤੀ ਗਈ ਪਰ ਕਿਉਂਕਿ ਮਜ਼ਦੂਰਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਸੀ ਤੇ ਇਸ ਕਰ ਕੇ ਪਲਾਟ ਮੁਹਰੇ ਇਕੱਤਰਤਾ ਕਰਨ ਕਾਰਨ ਇਕ ਐਫਆਈਆਰ ਦਰਜ ਕਰ ਦਿਤੀ ਗਈ ਤੇ ਇਥੇ ਸਨਅਤਕਾਰਾਂ ਦੀ ਸੰਸਥਾ ਕੁੰਡਲੀ ਇੰਡਸਟਰੀ ਐਸੋਸੀਏਸ਼ਨ ਵਲੋਂ ਬਣਾਈ ਗਈ ਕੁਇੱਕ ਰਿਐਕਸ਼ਨ ਟੀਮ ਨਾਮੀ ਅਣਅਧਕਾਰਤ ਪੁਲਿਸ ਤੋਂ ਮਜ਼ਦੂਰਾਂ 'ਤੇ ਗੋਲੀ ਚਲਵਾਈ ਗਈ ਪਰ ਹੈਰਾਨੀ ਦੀ ਗੱਲ ਹੈ ਕਿ ਇਥੇ ਮੌਜੂਦ ਨਾ ਹੋਣ ਦੇ ਬਾਵਜੂਦ ਨੌਦੀਪ ਕੌਰ ਅਤੇ ਸ਼ਿਵ ਕੁਮਾਰ ਤੋਂ ਇਲਾਵਾ ਕੁਝ ਹੋਰਨਾਂ ਦਾ ਨਾਂ ਵੀ ਐਫ਼ਆਈਆਰ ਵਿਚ ਪਾ ਲਿਆ ਗਿਆ | ਲਿਹਾਜ਼ਾ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਤੇ ਸ਼ਿਵ ਕੁਮਾਰ ਦੀ ਡਾਕਟਰੀ ਜਾਂਚ ਕਰਵਾਉਣ ਅਤੇ ਉਸ ਨੂੰ  ਆਪਣੇ ਪਸੰਦ ਦੇ ਵਕੀਲ ਨਾਲ ਜੇਲ ਵਿਚ ਮੁਲਾਕਾਤ ਕਰਨ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ | ਹਾਈ ਕੋਰਟ ਨੇ ਹਰਿਆਣਾ ਪੁਲਿਸ ਨੂੰ  ਹਦਾਇਤ ਕੀਤੀ ਹੈ ਕਿ ਉਹ ਸ਼ਿਵ ਕੁਮਾਰ ਦੀ ਡਾਕਟਰੀ ਜਾਂਚ ਸੈਕਟਰ-32 ਚੰਡੀਗੜ੍ਹ ਜੀਐਮਸੀਐਚ ਤੋਂ ਕਰਵਾਏ ਅਤੇ ਸ਼ਿਵ ਕੁਮਾਰ ਨੂੰ  ਵਕੀਲ ਨਾਲ ਮਿਲਣ ਦੀ ਇਜਾਜ਼ਤ ਦਿਤੀ ਜਾਵੇ | 

image

image