ਸ੍ਰੀਨਗਰ ਹੋਏ ਅਤਿਵਾਦੀ ਹਮਲੇ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ
ਸ੍ਰੀਨਗਰ ਹੋਏ ਅਤਿਵਾਦੀ ਹਮਲੇ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ
ਫ਼ੁਟੇਜ 'ਚ ਗੋਲੀਆਂ ਚਲਾਉਂਦਾ ਕੈਦ ਹੋਇਆ ਅਤਿਵਾਦੀ
ਸ੍ਰੀਨਗਰ, 19 ਫ਼ਰਵਰੀ : ਸ਼ੁਕਰਵਾਰ ਨੂੰ ਇਕ ਅਤਿਵਾਦੀ ਨੇ ਸ਼੍ਰੀਨਗਰ ਵਿਚ ਉੱਚ ਸੁਰੱਖਿਆ ਵਾਲੇ ਹਵਾਈ ਅੱਡੇ ਦੇ ਮਾਰਗ 'ਤੇ ਬਘਾਤ ਇਲਾਕੇ ਵਿਚ ਕਈ ਲੋਕਾਂ ਦੇ ਸਾਹਮਣੇ ਡਿਊਟੀ 'ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਨੂੰ ਮਾਰ ਦਿਤਾ | ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ | ਪੁਲਿਸ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ | ਦੋ ਦਿਨ ਪਹਿਲਾਂ ਸ਼ਹਿਰ ਵਿਚ ਇਕ ਢਾਬੇ ਦੇ ਮਾਲਕ ਦੇ ਬੇਟੇ ਨੂੰ ਨਿਸ਼ਾਨਾ ਬਣਾਉਂਦਿਆਂ ਫਾਇਰਿੰਗ ਕੀਤੀ ਗਈ ਸੀ | ਵੀਡੀਉ ਫੁਟੇਜ ਵਿਚ ਅਤਿਵਾਦੀ ਦੀ ਪਛਾਣ ਸਾਕਿਬ ਵਜੋਂ ਹੋਈ ਹੈ ਅਤੇ ਉਸ ਨੂੰ ਅਪਣੇ ਕਪੜੇ 'ਫੇਰਨ' ਅੰਦਰੋਂ ਇਕ ਅਸਾਲਟ ਰਾਈਫਲ ਬਾਹਰ ਕਢਦਿਆਂ ਅਤੇ ਪੁਲਿਸ ਮੁਲਾਜ਼ਮਾਂ 'ਤੇ ਨੇੜਿਉਂ ਗੋਲੀਬਾਰੀ ਕਰਦੇ ਵੇਖਿਆ ਜਾ
ਸਕਦਾ ਹੈ | ਇਸ ਤੋਂ ਬਾਅਦ ਹਮਲਾਵਰ ਨੂੰ ਮੌਕੇ ਤੋਂ ਭੱਜਦੇ ਵੇਖਿਆ ਜਾ ਸਕਦਾ ਹੈ | ਘਟਨਾ ਤੋਂ ਬਾਅਦ ਲੋਕ ਡਰ ਨਾਲ ਇਧਰ ਉਧਰ ਭੱਜਣ ਲੱਗੇ |
ਜੰਮੂ ਕਸ਼ਮੀਰ ਦੇ ਡਾਇਰੈਕਟਰ ਜਨਰਲ ਪੁਲਿਸ ਦਿਲਬਾਗ ਸਿੰਘ ਨੇ ਪੀਟੀਆਈ ਨੂੰ ਦਸਿਆ ਕਿ ਅਸੀਂ ਅਤਿਵਾਦੀ ਦੀ ਪਛਾਣ ਕਰ ਲਈ ਹੈ ਅਤੇ ਅਸੀਂ ਛੇਤੀ ਹੀ ਉਸ ਨੂੰ ਕਾਬੂ ਕਰ ਲਵਾਂਗੇ |
ਦੋਵੇਂ ਪੁਲਿਸ ਮੁਲਾਜ਼ਮ- ਕਾਂਸਟੇਬਲ ਸੁਹੇਲ ਅਤੇ ਮੁਹੰਮਦ ਯੂਸਫ਼ ਨੂੰ ਤੁਰਤ ਐਸਐਮਐਚਐਸ ਹਸਪਤਾਲ ਲਿਜਾਇਆ ਗਿਆ, ਜਿਥੇ ਦੋਹਾਂ ਦੀ ਮੌਤ ਹੋ ਗਈ |
ਘਟਨਾ ਤੋਂ ਤੁਰਤ ਬਾਅਦ ਪੁਲਿਸ ਟੀਮ ਉਥੇ ਪਹੁੰਚੀ ਅਤੇ ਦੁਕਾਨਾਂ ਅਤੇ ਘਰਾਂ ਵਿਚ ਲੱਗੇ ਸੀਸੀਟੀਵੀ ਤੋਂ ਰੀਕਾਰਡਿੰਗ ਲਈ | ਇਨ੍ਹਾਂ ਫੁਟੇਜ ਤੋਂ ਪਛਾਣ ਲਿਆ ਹੈ ਕਿ ਹਮਲਾਵਰ ਸ਼ਹਿਰ ਦੇ ਬਰਜੁੱਲਾ ਇਲਾਕੇ ਦਾ ਸਾਹਿਬ ਹੈ | ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿਸ ਸੰਗਠਨ ਨਾਲ ਜੁੜਿਆ ਹੋਇਆ ਹੈ |
ਪਿਛਲੇ ਤਿੰਨ ਦਿਨਾਂ ਵਿਚ ਸ਼ਹਿਰ ਵਿਚ ਇਹ ਦੂਜਾ ਹਮਲਾ ਹੈ | ਇਸ ਤੋਂ ਪਹਿਲਾਂ ਬੁਧਵਾਰ ਦੀ ਸ਼ਾਮ ਨੂੰ ਅਤਵਾਦੀਆਂ ਨੇ ਸ਼ਹਿਰ ਦੇ ਉੱਚ ਸੁਰੱਖਿਆ ਦੁਰਗਨਾਗ ਇਲਾਕੇ ਵਿਚ ਇਕ ਪ੍ਰਸਿੱਧ ਰੈਸਟੋਰੈਂਟ ਦੇ ਮਾਲਕ ਦੇ ਬੇਟੇ ਨੂੰ ਗੋਲੀ ਮਾਰ ਦਿਤੀ ਅਤੇ ਜ਼ਖ਼ਮੀ ਕਰ ਦਿਤਾ ਸੀ | (ਪੀਟੀਆਈ)