ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਸਮਾਗਮਾਂ ਲਈ ਵੀਜ਼ਿਆਂ ਦੀ ਮਨਾਹੀ ਈਰਖਾ ਦੀ ਨਿਸ਼ਾਨੀ ਹੈ : ਭਾਈ ਸਰਵਣ ਸਿੰ
ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਸਮਾਗਮਾਂ ਲਈ ਵੀਜ਼ਿਆਂ ਦੀ ਮਨਾਹੀ ਈਰਖਾ ਦੀ ਨਿਸ਼ਾਨੀ ਹੈ : ਭਾਈ ਸਰਵਣ ਸਿੰਘ ਅਗਵਾਨ
ਆਕਲੈਂਡ, 19 ਫ਼ਰਵਰੀ (ਹਰਜਿੰਦਰ ਸਿੰਘ ਬਸਿਆਲਾ) : ਬੀਤੇ ਕੁਝ ਹਫ਼ਤਿਆਂ ਤੋਂ ਜਿਥੇ ਵੱਖ-ਵੱਖ ਦੇਸ਼ਾਂ ਦੇ ਹਾਈ ਕਮਿਸ਼ਨਾਂ ਰਾਹੀਂ ਇਕ ਤਿੰਨ ਭਾਸ਼ਾਈ ਕਿਤਾਬ ‘ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖਾਸ ਰਿਸ਼ਤਾ’ ਭੇਜੀ ਜਾ ਰਹੀ ਹੈ, ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਅਪਣੇ ਹੁਣ ਤਕ ਦੇ ਸਿੱਖਾਂ ਲਈ ਕੀਤੇ ਕੰਮਾਂ ਦਾ ਵੇਰਵਾ ਦਿਤਾ ਹੈ ਉਥੇ ਅੱਜ ਕੱਲ ਦੇ ਅੜੀਅਲ ਸੁਭਾਆ ਕਰ ਕੇ ਸਿਰ ਵਿਚ ਸੁਆਹ ਪੁਆਈ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ ਇਥੇ ਵਸਦੇ ਭਾਈ ਸਰਵਣ ਸਿੰਘ ਅਗਵਾਨ (ਛੋਟੇ ਭਰਾਤਾ ਸ਼ਹੀਦ ਸਤਵੰਤ ਸਿੰਘ) ਨੇ।
ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ‘‘ਕਿ 20 ਫ਼ਰਵਰੀ 1921 ਨੂੰ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਵਾਪਰਿਆ ਸੀ ਜਿਥੇ 260 ਦੇ ਕਰੀਬ ਸੰਗਤ ਹਿੰਦੂ ਮਹੰਤਾਂ ਦੇ ਅਚਨਚੇਤ ਕੀਤੇ ਮਾਰੂ ਹਮਲੇ ਕਰ ਕੇ ਸ਼ਹੀਦੀਆਂ ਪਾ ਗਈ ਸੀ। ਐਨਾ ਹੀ ਨਹੀਂ ਹਿੰਦੂ ਮਹੰਤਾਂ ਨੇ ਭਾਈ ਲਛਮਣ ਸਿੰਘ ਨੂੰ ਜੰਢ ਨਾਲ ਪੁੱਠਾ ਲਮਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿਤਾ ਸੀ। ਇਕ ਹੋਰ ਸਿੰਘ ਭਾਈ ਦਲੀਪ ਸਿੰਘ ਨੇ ਮਹੰਤਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮਹੰਤਾਂ ਦੇ ਗੁੰਡਿਆਂ ਨੇ ਉਸ ਨੂੰ ਅਕਾਲੀ-ਅਕਾਲੀ ਪੁਕਾਰ ਕੇ ਬਲਦੀ ਭੱਠੀ ਦੇ ਵਿਚ ਸੁੱਟ ਕੇ ਸ਼ਹੀਦ ਕਰ ਦਿਤਾ ਸੀ। ਇਹ ਸ਼ਹੀਦੀ ਸਾਕਾ ਪਾਕਿਸਤਾਨ ਦੇ ਵਿਚ ਇਸ ਸਾਲ 100 ਸਾਲ ਪੂਰੇ ਕਰ ਰਿਹਾ ਸੀ ਅਤੇ ਸਿੱਖ ਧਰਮ ਦੇ ਲਈ ਇਤਿਹਾਸਕ ਦਿਨ ਸੀ। ਪਰ ਭਾਰਤ ਸਰਕਾਰ ਨੇ ਸ੍ਰੋਮਣੀ ਕਮੇਟੀ ਵਲੋਂ 600 ਦੇ ਕਰੀਬ ਭੇਜੇ ਜਾਣ ਵਾਲੇ ਜਥੇ ਨੂੰ ਵੀਜ਼ੇ ਦੇਣ ਤੋਂ ਨਾਂਹ ਕਰ ਕੇ ਈਰਖਾ ਦੀ ਉਦਾਹਰਣ ਪੇਸ਼ ਕੀਤੀ ਹੈ।
ਜਾਰੀ ਚਿੱਠੀ ਵਿਚ ਨਿਖਿੱਧ ਜਿਹੇ ਕਾਰਨ ਦੱਸੇ ਗਏ ਕਿ ਉਥੇ ਜਾਣ ਵਾਲਿਆਂ ਨੂੰ ਸੁਰੱਖਿਆ ਦਾ ਖ਼ਤਰਾ ਹੈ, ਉਥੇ ਕੋਰੋਨਾ ਫੈਲਿਆ ਹੋਇਆ ਹੈ ਅਤੇ ਬਾਰਡਰ ਬੰਦ ਦੀਆਂ ਸ਼ਰਤਾਂ ਲਾਗੂ ਹਨ। ਜਦ ਕਿ ਸ੍ਰੋਮਣੀ ਕਮੇਟੀ ਵਲੋਂ ਅਤੇ ਪਾਕਿਸਤਾਨ ਸਰਕਾਰ ਵਲੋਂ ਇਸ ਇਤਿਹਾਸਕ ਦਿਨ ਵਾਸਤੇ ਵੱਡੇ ਪ੍ਰਬੰਧ ਕੀਤੇ ਗਏ ਸਨ, ਸੁਰੱਖਿਆ ਦਾ ਇੰਤਜ਼ਾਮ ਸੀ। ਉਨ੍ਹਾਂ 1000 ਵਿਅਕਤੀਆਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਕੋਰੋਨਾ ਦਾ ਟੈਸਟ ਕਰਵਾ ਕੇ ਹੀ ਸੰਗਤ ਨੇ ਜਾਣਾ ਸੀ। ਮੋਦੀ ਸਾਹਿਬ ਨੇ ਸ੍ਰੀ ਕਰਤਾਰਪੁਰ ਦੇ ਲਾਂਘੇ ਵੇਲੇ ਕੀਤੇ ਕੰਮ ਨੂੰ ਆਪਣੀਆਂ ਕਿਤਾਬਾਂ ਦੇ ਵਿਚ ਤਾਂ ਸਲਾਹਿਆ ਹੈ ਪਰ ਜੇਕਰ ਇਸ ਨੂੰ ਨਿਰੰਤਰ ਜਾਰੀ ਨਹੀਂ ਰੱਖਣਾ ਤਾਂ ਇਸ ਵਿਚ ਵੱਡੀ ਸਾਜ਼ਸ਼ ਅਤੇ ਸਿੱਖਾਂ ਪ੍ਰਤੀ ਕੁੜੱਤਣ ਦੀ ਭਾਵਨਾ ਪ੍ਰਗਟ ਹੋਈ ਨਜ਼ਰ ਆਉਂਦੀ ਹੈ। ਕਿਸਾਨੀ ਅੰਦੋਲਨ ਤੋਂ ਖਾਰ ਖਾਣ ਕਰ ਕੇ ਉਨ੍ਹਾਂ ਹਜ਼ਾਰਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਦਰਕਿਨਾਰ ਕੀਤਾ ਹੈ ਜੋ ਕਿ ਪ੍ਰਧਾਨ ਮੰਤਰੀ ਦੇ ਭਗਵਾਂ ਚਿਹਰੇ ਨੂੰ ਹੋਰ ਸਾਫ਼ ਕਰਦੀਆਂ ਹਨ। ਅਜਿਹੇ ਇਤਿਹਾਸਕ ਦਿਨ ਕੌਮਾਂ ਲਈ ਵਾਰ-ਵਾਰ ਨਹੀਂ ਆਉਂਦੇ ਅਤੇ ਮੈਂ ਸਿੱਖ ਭਾਈਚਾਰੇ ਵਲੋਂ ਭਾਰਤ ਸਰਕਾਰ ਦੇ ਇਸ ਫ਼ੈਸਲੇ ਦੀ ਸਖ਼ਤ ਨਿੰਦਾ ਕਰਦਾ ਹਾਂ।’’
: 93 19 6-1 ਭਾਈ ਸਰਵਣ ਸਿੰਘ ਅਗਵਾਨ।