ਬਰਨਾਲਾ ਤੋਂ 'ਆਪ' ਉਮੀਦਵਾਰ ਮੀਤ ਹੇਅਰ 'ਤੇ ਲੱਗੇ ਕੁੱਟਮਾਰ ਕਰਨ ਦੇ ਇਲਜ਼ਾਮ
ਕਾਂਗਰਸੀ ਵਰਕਰਾਂ ਨੇ ਲਗਾਏ ਗੰਭੀਰ ਇਲਜ਼ਾਮ
ਬਰਨਾਲਾ - ਅੱਜ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਪੈ ਰਹੀਆਂ ਹਨ ਇਸ ਦੌਰਾਨ ਬਰਨਾਲਾ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ 'ਤੇ ਗੰਭੀਰ ਇਲਜ਼ਾਮ ਲੱਗੇ ਹਨ। ਇਕ ਵਿਅਕਤੀ ਨੇ ਇਹ ਬਿਆਨ ਦਿੱਤਾ ਹੈ ਕਿ ਉਸ ਨੂੰ ਮੀਤ ਹੇਅਰ ਵੱਲੋਂ ਕੁੱਟਿਆ ਗਿਆ ਹੈ। ਵਿਅਕਤੀ ਦਾ ਨਾਮ ਗੋਲਡੀ ਹੈ ਤੇ ਉਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਅਰਾਮ ਨਾਲ ਖੜ੍ਹੇ ਸੀ ਤੇ ਇਕ ਪਾਸੇ ਤੋਂ ਮੀਤ ਹੇਅਰ ਦੀ ਗੱਡੀ ਆ ਰਹੀ ਸੀ ਜਿਸ ਵਿਚ ਮੀਤ ਹੇਅਰ ਤੇ ਉਸ ਦੇ ਨਾਲ 3-4 ਉਸ ਦੇ ਵਿਅਕਤੀ ਸਨ ਉਹਨਾਂ ਨੇ ਗੱਡੀ ਰੋਕੀ ਤੇ ਸਾਨੂੰ ਕਿਹਾ ਕਿ ਇੱਥੇ ਕਿਉਂ ਖੜ੍ਹੇ ਹੋ ਜਦੋਂ ਅਸੀਂ ਦੱਸਣ ਲੱਗੇ ਤਾਂ ਉਹਨਾਂ ਨੇ ਬਿਨ੍ਹਾਂ ਕੋਈ ਗੱਲ ਸੁਣੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਦੇਖ ਰਹੇ ਹਾਂ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ। ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ ਪਰ ਵਿਅਕਤੀ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਮੀਤ ਹੇਅਰ ਖਿਲਾਫ਼ ਕਾਰਵਾਈ ਕੀਤੀ ਜਾਵੇ ਤੇ ਉਸ ਨੂੰ ਇਨਸਾਫ਼ ਦਿੱਤਾ ਜਾਵੇ।