ਜੰਝ ਜਿੰਨੀ ਮਰਜ਼ੀ ਵੱਡੀ ਹੋਵੇ,ਪਿੰਡ ਤੋਂ ਘੱਟ ਹੀ ਹੁੰਦੀ ਹੈ - CM ਚੰਨੀ
ਡੇਰੇ ਤੋਂ ਸਮਰਥਨ ਮੰਗਣਾ ਵਿਰੋਧੀ ਧਿਰਾਂ ਦੀ ਬੁਖ਼ਲਾਹਟ ਦਾ ਨਤੀਜਾ
ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਖਰੜ ਵਿਖੇ ਵੋਟ ਪਾਈ ਜਦਕਿ ਉਹ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਹਲਕੇ ਤੋਂ ਉਮੀਦਵਾਰ ਹਨ। ਇਸ ਮੌਕੇ ਮੀਡੀਆ ਨੂੰ ਬਿਆਨ ਦਿੰਦਿਆਂ ਮੁੱਖ ਮੰਤਰੀ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਅਤੇ ਕਿਹਾ ਹੈ ਕਿ ਹਰ ਕੋਈ ਕਹਿ ਰਿਹਾ ਹੈ ਕਿ ਕਾਂਗਰਸ ਪਾਰਟੀ ਜਿੱਤ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਇਕ ਤਰਫਾ ਵੋਟ ਪੈ ਰਹੀ ਹੈ ਅਤੇ ਪਾਰਟੀ ਵੱਡੇ ਮਾਰਜਨ ਨਾਲ ਜਿੱਤੇਗੀ। ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਬਾਰੇ ਬਿਆਨ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਾਲੇ ਡੇਰਾਵਾਦ ਨੂੰ ਬੜ੍ਹਾਵਾ ਦੇ ਰਹੇ ਹਨ।
ਉਨ੍ਹਾਂ ਕਿਹਾ, ''ਅਕਾਲੀਆਂ ਤੇ ਬੀਜੇਪੀ ਦੀ ਭਾਈਵਾਲੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ, ਦੋਵੇਂ ਡੇਰਾ ਸੱਚਾ ਸੌਦਾ ਦਾ ਸਮਰਥਨ ਲੈ ਰਹੇ ਹਨ। ਉਨ੍ਹਾਂ ਨੂੰ ਟੀਮ ਬਣਾਉਣ ਦਿਓ, ਪੰਜਾਬ ਦੇ ਲੋਕ ਇਨ੍ਹਾਂ ਬੇਅਦਬੀ ਭਾਈਵਾਲਾਂ ਖ਼ਿਲਾਫ਼ ਇਕੱਠੇ ਹੋ ਕੇ ਇਨ੍ਹਾਂ ਨੂੰ ਆਪਣੀਆਂ ਵੋਟਾਂ ਨਾਲ ਸਬਕ ਸਿਖਾਉਣਗੇ। ਜੰਝ ਜਿੰਨੀ ਮਰਜ਼ੀ ਵੱਡੀ ਹੋਵੇ,ਪਿੰਡ ਤੋਂ ਘੱਟ ਹੀ ਹੁੰਦੀ ਹੈ। ਭਗਵੰਤ ਮਾਨ ਤੇ 'ਆਪ' ਨੇ ਵੀ ਧੂਰੀ 'ਚ ਡੇਰੇ ਦਾ ਸਮਰਥਨ ਮੰਗਿਆ ਹੈ। ਇਨ੍ਹਾਂ ਪਾਰਟੀਆਂ ਦੀ ਇਹ ਸਾਰੀ ਨਿਰਾਸ਼ਾ ਅਤੇ ਰਿਪੋਰਟਾਂ ਦੱਸਦੀਆਂ ਹਨ ਕਿ ਕਾਂਗਰਸ ਬਹੁਮਤ ਨਾਲ ਪੰਜਾਬ ਵਿਚ ਸਰਕਾਰ ਬਣਾ ਰਹੀ ਹੈ।''