ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਥਾਣੇ ਕੋਲ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Major incident in Amritsar

 

ਅੰਮ੍ਰਿਤਸਰ  : ਵਿਧਾਨ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਦੇ ਰਾਮਬਾਗ ਇਲਾਕੇ ਵਿਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਦੋ ਨੌਜਵਾਨਾਂ ਦਾ ਪੁਲਿਸ ਸਟੇਸ਼ਨ ਦੇ ਨੇੜੇ ਹੀ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਸਵੇਰ ਸਮੇਂ ਇਥੋਂ ਲੰਘ ਰਹੇ ਸਨ, ਤਾਂ ਇਸ ਦੌਰਾਨ ਅਣਪਛਾਤਿਆਂ ਵਲੋਂ ਚਾਕੂ ਮਾਰ ਕੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਜਗਦੀਸ਼ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਆਪਣੇ ਦੋ ਦੋਸਤਾਂ ਨਾਲ ਸਵੇਰੇ ਕਿਤੇ ਜਾ ਰਿਹਾ ਸੀ, ਤਾਂ ਇਸ ਦੌਰਾਨ 3-4 ਵਿਅਕਤੀਆਂ ਨੇ ਉਨ੍ਹਾਂ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਇਸ ਹਮਲੇ ਵਿਚ ਉਸ ਦੇ ਪੁੱਤਰ ਅਤੇ ਉਸ ਦੇ ਦੋਸਤ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਨਾਲ ਮੌਜੂਦ ਇਕ ਹੋਰ ਦੋਸਤ ਬਿਲਕੁਲ ਠੀਕ ਹੈ।

ਵਾਰਦਾਤ ਤੋਂ ਬਾਅਦ ਥਾਣੇ ਪਹੁੰਚੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਮ੍ਰਿਤਕ ਦੇ ਪਿਤਾ ਨੇ ਨਮ ਅੱਖਾਂ ਨਾਲ ਕਿਹਾ ਕਿ ਉਸ ਦੇ ਨੌਜਵਾਨ ਪੁੱਤਰ ਦਾ ਕਤਲ ਕਰਕੇ ਉਸ ਦੇ ਬੁਢਾਪੇ ਦਾ ਸਹਾਰਾ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਉਸ ਦਾ ਇਕ ਪੁੱਤਰ ਅਜੇ ਪੜ੍ਹਾਈ ਕਰਦਾ ਹੈ, ਜਦਕਿ ਜਗਦੀਸ਼ ਹੀ ਘਰ ਵਿਚ ਕਮਾਉਣ ਵਾਲਾ ਸੀ, ਜਿਸ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥਾਣਾ ਰਾਮਬਾਗ ਦੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।