ਦੋ ਸਿਰ ਤੇ ਇਕ ਧੜ ਵਾਲੇ ਸੋਹਣ ਸਿੰਘ ਅਤੇ ਮੋਹਣ ਸਿੰਘ ਨੇ ਪਾਈ ਵੋਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦੇ ਮਾਨਾਵਾਲਾ ਦੇ ਪੋਲਿੰਗ ਬੂਥ ਨੰਬਰ 101 'ਤੇ ਪਾਈ ਵੋਟ

Sohan Singh and Mohan Singh

ਅੰਮ੍ਰਿਤਸਰ : ਅੱਜ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਹਨ ਅਤੇ ਸੂਬੇ ਭਰ ਦੀ ਜਨਤਾ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ।  ਇਸ ਤਰ੍ਹਾਂ ਹੀ ਅੰਮ੍ਰਿਤਸਰ ਦੇ ਇਕ ਧੜ ਅਤੇ ਦੋ ਸਿਰ ਵਾਲੇ  ਸੋਹਣ ਸਿੰਘ ਅਤੇ ਮੋਹਨ ਸਿੰਘ ਨੇ ਵੀ ਵੋਟ ਪਾਈ।  

ਦੱਸ ਦੇਈਏ ਕਿ ਸੋਹਣ ਸਿੰਘ ਅਤੇ ਮੋਹਨ ਸਿੰਘ ਨੇ ਸਥਾਨਕ ਮਾਨਾਵਾਲਾ ਸਕੂਲ ਦੇ ਬੂਥ ’ਚ ਪਹਿਲੀ ਵਾਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਉਹ ਦੋਵੇਂ ਇੰਨੇ ਜ਼ਿਆਦਾ ਉਤਸ਼ਾਹਿਤ ਸਨ ਕਿ ਸਵੇਰੇ ਹੀ ਵੋਟ ਪਾਉਣ ਲਈ 101 ਬੂਥ ਨੰਬਰ ’ਤੇ ਪਹੁੰਚ ਗਏ ਅਤੇ ਜਿੱਥੇ ਉਨ੍ਹਾਂ ਨੇ ਆਪਣੀ ਵੋਟ ਪਾਈ। ਵੋਟ ਪਾਉਣ ਮਗਰੋਂ ਜ਼ਿਲ੍ਹਾ ਚੋਣ ਅਧਿਕਾਰੀ ਨੇ ਸਰਟੀਫਿਕੇਟ ਦੇ ਕੇ ਹੌਂਸਲਾ ਅਫ਼ਜ਼ਾਈ ਕੀਤੀ। 

ਦੱਸ ਦੇਈਏ ਕਿ ਸੋਹਣਾ-ਮੋਹਣਾ ਦੇ ਵੋਟ ਪਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸੋਹਣਾ-ਮੋਹਣਾ ਦਾ ਸਰੀਰ ਭਾਵੇਂ ਇਕ ਹੈ ਪਰ ਵੋਟ ਅਲੱਗ-ਅਲੱਗ ਬਣੀ ਹੈ। ਸੋਹਣਾ ਨੇ ਆਪਣੀ ਵੋਟ ਅਲੱਗ ਪਾਈ ਅਤੇ ਮੋਹਣਾ ਨੇ ਅਲੱਗ। ਦੋਵਾਂ ਵਿਚ ਇਕ ਵਿਸ਼ੇਸ਼ ਐਨਕ ਨੇ ਪਰਦੇ ਦਾ ਕੰਮ ਕੀਤਾ। ਜਦੋਂ ਸੋਹਣਾ ਵੋਟ ਪਾ ਰਿਹਾ ਸੀ ਤਾਂ ਮੋਹਣਾ ਦੀਆਂ ਅੱਖਾਂ 'ਤੇ ਐਨਕ ਲਗਾਈ ਗਈ ਸੀ ਅਤੇ ਜਦੋਂ ਮੋਹਣਾ ਨੇ ਵੋਟ ਪਾਈ ਤਾਂ ਐਨਕ ਸੋਹਣਾ ਦੀਆਂ ਅੱਖਾਂ 'ਤੇ ਲਗਾਈ ਗਈ ਸੀ ਤਾਂ ਜੋ ਵੋਟ ਗੁਪਤ ਰੱਖੀ ਜਾ ਸਕੇ।

ਇਸ ਮੌਕੇ ਗਲਬਾਤ ਕਰਦਿਆਂ ਸੋਹਣਾ-ਮੋਹਣਾ ਨੇ ਕਿਹਾ ਕਿ ਸਾਨੂੰ ਨਵੇਂ ਪੰਜਾਬ ਦੀ ਸਿਰਜਣਾ ਕਰਨ ਸਾਨੂੰ ਆਪਣੇ ਵੋਟ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਮੁਢਲੀ ਜ਼ਿੰਮੇਵਾਰੀ ਸਮਝਦਿਆਂ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਅੱਜ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਗਈਆਂ ਸਨ। ਸੂਬੇ 'ਚ ਇਸ ਵਾਰ ਕੁੱਲ 2,14,99,804 ਵੋਟਰ ਹਨ, ਜਿਨ੍ਹਾਂ ’ਚ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿਚ 1304 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ’ਚ 1209 ਮਰਦ ਵੋਟਰ, 93 ਔਰਤਾਂ ਅਤੇ 2 ਟਰਾਂਸਜੈਂਡਰ ਸ਼ਾਮਲ ਹਨ।

ਚੋਣ ਕਮਿਸ਼ਨ ਮੁਤਾਬਕ ਕੁੱਲ 1304 ਉਮੀਦਵਾਰਾਂ ’ਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ, ਜਦਕਿ 461 ਆਜ਼ਾਦ ਉਮੀਦਵਾਰ ਇਸ ਵਾਰ ਚੋਣ ਮੈਦਾਨ ਵਿਚ ਹਨ।  

ਦੱਸ ਦੇਈਏ ਕਿ ਅੱਜ ਅੰਮ੍ਰਿਤਸਰ ਵਿਚ ਔਸਤ 58.8 ਫ਼ੀਸਦ ਵੋਟਿੰਗ ਹੋਈ ਜਦਕਿ ਅਜਨਾਲਾ ਵਿਚ 69.2, ਅੰਮ੍ਰਿਤਸਰ ਕੇਂਦਰੀ ਵਿਚ 53.9, ਪੂਰਬੀ ਵਿਚ 59.8,ਅੰਮ੍ਰਿਤਸਰ ਉੱਤਰੀ ਵਿਚ 55.9, ਅੰਮ੍ਰਿਤਸਰ ਦੱਖਣੀ ਵਿਚ 48.2, ਅੰਮ੍ਰਿਤਸਰ ਪੱਛਮੀ ਵਿਚ 51.5, ਅਟਾਰੀ ਵਿਖੇ 60.1,ਬਾਬਾ ਬਕਾਲਾ ਵਿਖੇ 61.4, ਜੰਡਿਆਲਾ ਵਿਚ 64.5,ਮਜੀਠਾ 66.5 ਅਤੇ ਰਾਜਾ ਸਾਂਸੀ ਵਿਚ 65.0 ਫ਼ੀਸਦ ਵੋਟਿੰਗ ਹੋਈ ਹੈ।