ਮੰਦਰ 'ਚ ਪੂਜਾ ਕਰ ਰਹੇ ਪੁਜਾਰੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੇ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੌਕੇ 'ਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

The priest who was worshiping in the mandir was killed by hitting him on the head with an iron rod

ਗੁਰਦਾਸਪੁਰ : ਪਿੰਡ ਭੋਜਰਾਜ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਤੜਕਸਾਰ 6 ਵਜੇ ਦੇ ਕਰੀਬ ਪਿੰਡ ਭੋਜਰਾਜ ਵਿੱਚ ਭਗਤ ਰਵਿਦਾਸ ਮੰਦਰ ਦੇ ਪੁਜਾਰੀ ਥੋਰਾ ਰਾਮ (72) ਸਾਲ ਪੁੱਤਰ ਕੇਸਰ ਦਾਸ ਦਾ ਮੰਦਰ ਵਿੱਚ ਪਾਠ ਪੂਜਾ ਕਰਦੇ ਸਮੇਂ ਪਿੰਡ ਦੇ ਹੀ ਵਿਅਕਤੀ ਵੱਲੋਂ ਸਿਰ ਵਿਚ ਲੋਹੇ ਦੀਆਂ ਰਾਡਾਂ ਮਾਰ ਕੇ ਕਤਲ ਕਰ ਦਿਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਜਾਰੀ ਥੋਰਾ ਰਾਮ ਦੇ ਪੁੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸਾਡੇ ਪਿਤਾ ਪਿੰਡ ਵਿੱਚ ਭਗਤ ਰਵਿਦਾਸ ਜੀ ਦੇ ਮੰਦਰ ਦੇ ਪੁਜਾਰੀ ਸਨ ਤੇ ਹਰ ਰੋਜ਼ ਦੀ ਤਰ੍ਹਾਂ ਉਹ ਅੱਜ ਵੀ ਮੰਦਰ ਵਿੱਚ ਜਾ ਕੇ ਪੂਜਾ ਪਾਠ ਕਰ ਰਹੇ ਸਨ।

ਇਸ ਦੌਰਾਨ ਹੀ ਗੁਆਂਢ ਵਿੱਚ ਰਹਿੰਦੇ ਵਿਅਕਤੀ ਬਲਵਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਪਿਤਾ ਦਾ ਮੰਦਰ ਵਿਚ ਹੀ ਲੋਹੇ ਦੀਆਂ ਰਾਡਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਸਮੇਂ ਕਤਲ ਹੋਇਆ ਉਸ ਸਮੇਂ ਪਿੰਡ ਦੀ ਇੱਕ ਔਰਤ ਮੰਦਰ ਵਿਚ ਹਾਜ਼ਰ ਸੀ।

ਜਾਣਕਾਰੀ ਮਿਲਣ ਤੋਂ ਬਾਅਦ ਐਸਐਸਪੀ ਗੁਰਦਾਸਪੁਰ ਡਾ. ਨਾਨਕ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਚਸ਼ਮਦੀਦਾਂ ਦੇ ਬਿਆਨ ਦਰਜ ਕਰ ਮੁਲਜ਼ਮ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।