ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਕ ਵਫ਼ਦ ਨੂੰ ਪੀੜਤ ਪ੍ਰਵਾਰ ਕੋਲ ਤੇਲੰਗਾਨਾ ਲਈ ਭੇਜਿਆ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਕ ਵਫ਼ਦ ਨੂੰ ਪੀੜਤ ਪ੍ਰਵਾਰ ਕੋਲ ਤੇਲੰਗਾਨਾ ਲਈ ਭੇਜਿਆ
ਅੰਮ੍ਰਿਤਸਰ, 19 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਤੇਲੰਗਾਨਾ ਦੇ ਹੈਦਰਾਬਾਦ ’ਚ ਨਾਬਾਲਗ਼ ਸਿੱਖ ਲੜਕੀ ਨਾਲ ਸਮੂਹਕ ਬਲਾਤਕਾਰ ਕਰ ਕੇ ਉਸ ਨੂੰ ਕਤਲ ਕੀਤੇ ਜਾਣ ਦੇ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਵਲੋਂ ਇਕ ਵਫ਼ਦ ਤੇਲੰਗਾਨਾ ਭੇਜਿਆ ਹੈ।
ਭੇਜੇ ਗਏ ਵਫ਼ਦ ਵਿਚ ਸਿੱਖ ਮਿਸ਼ਨ ਛੱਤੀਸਗੜ੍ਹ ਦੇ ਇੰਚਾਰਜ ਸ. ਗੁਰਮੀਤ ਸਿੰਘ ਸੈਣੀ, ਸਿੱਖ ਮਿਸ਼ਨ ਆਂਧਰਾ ਪ੍ਰਦੇਸ਼ ਦੇ ਇੰਚਾਰਜ ਸ. ਦਿਲਸ਼ਾਹ ਸਿੰਘ ਅਤੇ ਪ੍ਰਚਾਰਕ ਸ਼ਾਮਲ ਹਨ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਤੇਲੰਗਾਨਾ ਦੇ ਹੈਦਰਾਬਾਦ ਵਿਚ ਵਾਪਰੀ ਇਸ ਮੰਦਭਾਗੀ ਘਟਨਾ ਨੇ ਮਨੁੱਖਤਾ ਦਾ ਸਿਰ ਸ਼ਰਮ ਨਾਲ ਨੀਵਾਂ ਕੀਤਾ ਹੈ। ਦੁੱਖ ਦੀ ਗਲ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਸਿੱਖ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਸਰਕਾਰਾਂ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ ਵਿਚ ਅਸਫ਼ਲ ਰਹੀਆਂ ਹਨ। ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ ਕਿ ਇਕ ਬੇਵੱਸ ਅਤੇ ਇਕੱਲੀ ਲੜਕੀ ’ਤੇ ਸਮੂਹਕ ਰੂਪ ਵਿਚ ਜ਼ੁਲਮ ਕੀਤਾ ਗਿਆ ਪਰ ਪੁਲਿਸ ਇਨਸਾਫ਼ ਦੇਣ ਦੀ ਬਜਾਏ ਪੀੜਤ ਪ੍ਰਵਾਰ ਤੇ ਦਬਾਅ ਬਣਾ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀ ਕਿਸੇ ਵੀ ਹਾਲਤ ਵਿਚ ਬਖ਼ਸ਼ੇ ਨਹੀਂ ਜਾਣੇ ਚਾਹੀਦੇ ਅਤੇ ਦੋਸ਼ੀਆਂ ਦੀ ਪਛਾਣ ਕਰ ਕੇ ਉਦਾਹਰਣ ਪੇਸ਼ ਕਰਦੀ ਕਰੜੀ ਸਜ਼ਾ ਦਿਤੀ ਜਾਵੇ। ਸ਼੍ਰੋਮਣੀ ਕਮੇਟੀ ਪੀੜਤ ਪ੍ਰਵਾਰ ਨਾਲ ਖੜੀ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਵਫ਼ਦ ਪੀੜਤ ਪ੍ਰਵਾਰ ਨਾਲ ਮਿਲ ਕੇ ਜੋ ਵੀ ਰਿਪੋਰਟ ਦੇਵੇਗਾ ਉਸ ਅਨੁਸਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸ਼੍ਰੋਮਣੀ ਕਮੇਟੀ ਵਚਨਬਧ ਹੈ।