ਮੈਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਉਡਾ ਦੇਣ ਵਾਲਾ ਬੰਬ ਨਹੀਂ ਸੀ ਬਣਾਇਆ : ਗੁਰਮੀਤ ਸਿੰਘ ਇੰਜੀਨੀਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਦਿਨ ਇਕ ਸਦੀ ਵਾਂਗ ਬਿਤਾਉਣ ਵਰਗਾ ਲਗਦਾ ਹੈ ਜੇਲ੍ਹ ਵਿਚ

I did not make the bomb that blew up former CM Beant Singh: Engineer Gurmeet Singh

ਮੁਹਾਲੀ : (ਨਵਜੋਤ ਸਿੰਘ ਧਾਲੀਵਾਲ/ ਵੀਰਪਾਲ ਕੌਰ) - ਇਹ ਕਹਾਣੀ ਇੰਜੀਨੀਅਰ ਗੁਰਮੀਤ ਸਿੰਘ ਦੀ ਹੈ ਜਿਸ ’ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਵਾਲੇ ਬੰਬ ਬਣਾਉਣ ਦੇ ਦੋਸ਼ ਲੱਗੇ ਹਨ ਪਰ ਉਹ ਨਿਡਰ ਹੋ ਕੇ ਕਹਿੰਦਾ ਹੈ ਕਿ ਉਹ ਬੇਗੁਨਾਹ ਹੈ ਪਰ ਉਹ ਫਿਰ ਵੀ 28 ਸਾਲ ਤੋਂ ਸਜ਼ਾ ਭੋਗ ਰਹੇ ਹਨ। 

ਹਾਲ ਹੀ ਵਿਚ ਰੋਜ਼ਾਨਾ ਸਪੋਕਸਮੈਨ ਦੀ ਟੀਮ ਇਨ੍ਹਾਂ ਦੇ ਘਰ ਪਹੁੰਚੀ, ਦਰਵਾਜ਼ਾ ਖੜਕਾਇਆ ਤਾਂ ਗੁਰਮੀਤ ਸਿੰਘ ਨੇ ਫ਼ਤਿਹ ਬੁਲਾਈ ਤੇ ਸਿੱਧਾ ਅੰਦਰ ਆਉਣ ਲਈ ਕਿਹਾ, ਇਹ ਸਵਾਲ ਨਹੀਂ ਕੀਤਾ ਕਿ ਉਹ ਕੌਣ ਹਨ ਤੇ ਕਿਥੋਂ ਆਏ ਹਨ ਤੇ ਉਸ ਤੋਂ ਉਨ੍ਹਾਂ ਨੂੰ ਕੀ ਕੰਮ ਹੈ ਬਲਕਿ ਉਸ ਨੇ ਪਹਿਲਾਂ ਉਨ੍ਹਾਂ ਨੂੰ ਬਹੁਤ ਪਿਆਰ ਨਾਲ ਅੰਦਰ ਆਉਣ ਲਈ ਕਿਹਾ ਤੇ ਚਾਹ-ਪਾਣੀ ਪਿਆਇਆ ਤੇ ਫਿਰ ਜਾ ਕੇ ਪੁੱਛਿਆ ਕਿ ਹੁਣ ਦੱਸੋ ਤੁਹਾਨੂੰ ਉਸ ਤੋਂ ਕੀ ਕੰਮ ਹੈ। ਦੇਖਿਆ ਜਾਵੇ ਤਾਂ ਅੱਜ ਕਲ ਕੋਈ ਵੀ ਕਿਸੇ ਗ਼ੈਰ ਨੂੰ ਅਪਣੇ ਘਰ ਵੜਨ ਤਕ ਨਹੀਂ ਦਿੰਦਾ।

ਦਰਵਾਜ਼ੇ ਵਿਚੋਂ ਹੀ ਕੰਮ ਪੁਛ ਕੇ ਭੇਜ ਦਿਤਾ ਜਾਂਦਾ ਹੈ ਪਰ ਗੁਰਮੀਤ ਸਿੰਘ ਨੇ ਅਜਿਹਾ ਨਹੀਂ ਕੀਤਾ ਉਸ ਨੇ ਆਉ-ਭਗਤ ਕਰ ਕੇ ਫਿਰ ਕੰਮ ਪੁਛਿਆ ਕਿ ਕੀ ਕੰਮ ਹੈ? ਗੁਰਮੀਤ ਸਿੰਘ ਅਜੇ ਵੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ ਪਰ ਹੁਣ ਉਹ ਪੈਰੋਲ ’ਤੇ ਆਇਆ ਹੋਇਆ ਹੈ। ਉਸ ਨੂੰ ਜਦੋਂ ਪਹਿਲਾਂ ਸਵਾਲ ਕੀਤਾ ਗਿਆ ਕਿ ਜੇਲ ਵਿਚ 28 ਸਾਲ ਕਿਵੇਂ ਬੀਤੇ ਤਾਂ ਉਸ ਨੇ ਜਵਾਬ ਦਿਤਾ ਕਿ 28 ਦਿਨ ਪੈਰੋਲ ਦੇ ਪਲ ਵਿਚ ਹੀ ਲੰਘ ਜਾਂਦੇ ਨੇ ਪਰ ਜੇਲ ਦਾ ਇਕ ਦਿਨ ਵੀ ਸਦੀਆਂ ਵਾਂਗ ਲੰਘਦਾ ਹੈ। 

ਸਵਾਲ : ਜੇਲ੍ਹ ਕੀ ਹੁੰਦੀ ਹੈ ਤੇ ਜੇਲ੍ਹ ਤੋਂ ਕੀ ਸਮਝਦੇ ਹੋ? 
ਜਵਾਬ :
ਜੇ ਤੁਹਾਨੂੰ ਕੋਈ ਕਮਰੇ ਅੰਦਰ ਬੰਦ ਕਰ ਦੇਵੇ ਤਾਂ ਤੁਸੀਂ ਜੇਲ੍ਹ ਨੂੰ ਮਹਿਸੂਸ ਕਰ ਸਕਦੇ ਹੋ ਪਰ ਤੁਹਾਡੇ ਕੋਲ ਇਕ ਬਦਲ ਹੈ ਕਿ ਜੋ ਤੁਹਾਨੂੰ ਬੰਦ ਕਰੇਗਾ ਉਹ ਬਿਨਾਂ ਕਿਸੇ ਦਲੀਲ-ਅਪੀਲ ਅਤੇ ਵਕੀਲ ਤੋਂ ਤੁਹਾਡੀ ਇਕ ਅਰਜ਼ ’ਤੇ ਤੁਹਾਨੂੰ ਖੋਲ੍ਹ ਦੇਵੇਗਾ, ਪਰ ਜੇਲ੍ਹ ਵਿਚ ਇਹ ਸੱਭ ਨਹੀਂ ਹੁੰਦਾ। ਉਥੇ ਤੁਹਾਡੀ ਅਪੀਲ ਕੋਈ ਨਹੀਂ ਸੁਣਦਾ। 

ਸਵਾਲ : ਜੇਲ੍ਹ ਤਾਂ ਸੁਧਾਰ ਘਰ ਹੁੰਦੀਆਂ ਨੇ ਜਿਵੇਂ ਉਨ੍ਹਾਂ ਦੇ ਬਾਹਰ ਲਿਖਿਆ ਹੁੰਦਾ ਹੈ, ਕੀ ਇੰਨੇ ਸਾਲਾਂ ਵਿਚ ਜੇਲ੍ਹ ਵਿਚ ਬੰਦ ਬੰਦੀ ਸੁਧਰੇ ਨਹੀਂ, ਇਹ ਸਿਸਟਮ ਉਨ੍ਹਾਂ ਨੂੰ ਸੁਧਾਰ ਨਹੀਂ ਸਕਿਆ ਜਾਂ ਉਹ ਖ਼ੁਦ ਨਹੀਂ ਸੁਧਰੇ? 
ਜਵਾਬ :
ਜੇ ਸੁਧਾਰਵਾਦੀ ਪਹੁੰਚ ਹੋਵੇਗੀ ਤਾਂ ਹੀ ਬੰਦਾ ਸੁਧਰੇਗਾ, ਬਾਕੀ ਦੀ ਗੱਲ ਜੇਲ੍ਹ ਵਿਚ ਸੁਧਾਰ ਤਾਂ ਹੁੰਦਾ ਹੈ ਪਰ ਕੀ ਮੈਂ ਇੰਨੇ ਸਾਲਾਂ ਵਿਚ ਸੁਧਰਿਆ ਹੀ ਨਹੀਂ। ਜਦੋਂ ਮੈਂ ਵਾਰ-ਵਾਰ ਇਹ ਗੱਲ ਵੀ ਕਹਿ ਰਿਹਾ ਹਾਂ ਕਿ ਮੈਂ ਉਹ ਬੰਬ ਨਹੀਂ ਬਣਾਇਆ ਜਿਸ ਨਾਲ ਬੇਅੰਤ ਸਿੰਘ ਮਰਿਆ ਹੈ ਤਾਂ ਫਿਰ ਸੁਧਰਨ ਤੇ ਵਿਗੜਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਦਸਣਯੋਗ ਹੈ ਕਿ ਗੁਰਮੀਤ ਸਿੰਘ ਨੇ ਕਿਹਾ ਕਿ ਇਹ ਗੱਲਾਂ ਮੈਂ ਕੈਮਰੇ ਅੱਗੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਮੇਰੀ ਭਾਵਨਾ ਵਿਰੁਧ ਹੋਣਗੀਆਂ ਫਿਰ ਵੀ ਜੇ ਕਰਨੀ ਹੈ ਤਾਂ ਤੁਹਾਡੀ ਮਰਜ਼ੀ ਹੈ। ਉਨ੍ਹਾਂ ਨੇ ਫਿਰ ਵੀ ਗੱਲ ਸਾਡੀ ਮਰਜ਼ੀ ’ਤੇ ਛੱਡ ਦਿਤੀ। 

ਸਵਾਲ : ਜਦੋਂ 5 ਸਤੰਬਰ ਨੂੰ ਤੁਹਾਨੂੰ ਗਿ੍ਰਫ਼ਤਾਰ ਕੀਤਾ ਗਿਆ ਤੇ ਉਸ ਸਮੇਂ ਤੁਸੀਂ ਸੋਚਿਆ ਹੋਵੇਗਾ ਕਿ ਜਿਸ ਕੰਮ ਲਈ ਤੁਹਾਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਉਹ ਤਾਂ ਤੁਸੀਂ ਕੀਤਾ ਹੀ ਨਹੀਂ ਸਿਰਫ਼ ਸਾਜ਼ਸ਼ ਦਾ ਸ਼ਿਕਾਰ ਹੋਏ ਹੋ ਤਾਂ ਅਫ਼ਸੋਸ ਤਾਂ ਹੁੰਦਾ ਹੋਏਗਾ?  
ਜਵਾਬ :
ਅਫ਼ਸੋਸ ਹੁੰਦਾ ਤਾਂ ਕਿੰਨਾ ਕੁ ਹੁੰਦਾ ਕਿੰਨੇ ਸਾਲ ਹੁੰਦਾ ਜੋ ਹੋਇਆ ਉਹ ਹੋ ਗਿਆ। ਕੋਈ ਬੰਦਾ ਕਿੰਨਾ ਕੁ ਸਮਾਂ ਭਾਵੁਕ ਹੋਵੇ, ਕਿਸੇ ਇਕ ਗੱਲ ਬਾਰੇ ਕਿੰਨਾ ਕੁ ਸੋਚ ਸਕਦਾ ਹੈ। ਹੋਇਆ ਸੱਭ ਕੁੱਝ ਹੋਇਆ ਪਰ ਜੋ ਹੋਣਾ ਸੀ ਹੋ ਗਿਆ ਪਰ ਹੁਣ ਮੈਂ ਉਸ ਨੂੰ ਯਾਦ ਨਹੀਂ ਕਰਨਾ ਚਾਹੁੰਦਾ। 

ਸਵਾਲ : ਤੁਹਾਡੇ ਮਰਹੂਮ ਪਿਤਾ ਨੂੰ ਪੂਰਾ ਯਕੀਨ ਸੀ ਕਿ ਤੁਸੀਂ ਬਾਹਰ ਆਉਗੇ, ਉਹ ਗੁਆਂਢੀਆਂ ਨਾਲ ਵੀ ਗੱਲ ਕਰਦੇ ਸੀ ਤੇ ਪੁਛਦੇ ਸੀ ਕਿ ਗੁਰਮੀਤ ਬਾਹਰ ਆਵੇਗਾ? ਉਨ੍ਹਾਂ ਨੇ ਤੁਹਾਨੂੰ ਬਾਹਰ ਲਿਆਉਣ ਲਈ ਸੰਘਰਸ਼ ਵੀ ਵਿੱਢਿਆ ਤੇ ਤੁਹਾਡੇ ਪਿਤਾ ਦੇ ਸੰਘਰਸ਼ ਨੂੰ ਰੋਕਣ ਲਈ ਉਨ੍ਹਾਂ ਦਾ ਹੀ ਕਤਲ ਕਰ ਦਿਤਾ ਗਿਆ? 
ਜਵਾਬ :
ਹੈਰਾਨ ਕਰਨ ਵਾਲਾ ਸੀ ਕਿ ਮੇਰੇ ਪਿਤਾ ਦਾ ਕਤਲ ਨਹੀਂ ਹੋਇਆ ਸੀ ਉਹ ਇਕ ਹਾਦਸਾ ਸੀ। ਅਸੀਂ ਫਿਰ ਸਵਾਲ ਕੀਤਾ ਕਿ ਲੋਕ ਤਾਂ ਇਹ ਕਹਿੰਦੇ ਨੇ ਤੇ ਉਹ ਸਮਝਦੇ ਵੀ ਨੇ ਤੇ ਫਿਰ ਜਵਾਬ ਆਇਆ ਕਿ ਮੈਂ ਤਾਂ ਜੇਲ੍ਹ ਵਿਚ ਸੀ ਤੇ ਸਰਕਾਰੀ ਰਿਕਾਰਡ ਵੀ ਮੈਂ ਇਹੀ ਦੇਖੇ ਕਿ ਉਨ੍ਹਾਂ ਨਾਲ ਹਾਦਸਾ ਵਾਪਰਿਆ ਸੀ। ਹਾਂ ਪਰ ਹੋ ਸਕਦਾ ਹੈ ਕਿ ਮੇਰੇ ਪਿਤਾ ਦਾ ਕਤਲ ਹੋਇਆ ਹੋਵੇ ਪਰ ਮੈਂ ਕਰ ਵੀ ਕੀ ਸਕਦਾ ਹਾਂ। ਕਤਲ ਕਿਸੇ ਨੇ ਕੀਤਾ ਕੀ ਮਨਸੂਬਾ ਸੀ ਤੇ ਕਿਸੇ ਨੇ ਕਰਵਾਇਆ ਇਹ ਸੱਭ ਮੈਨੂੰ ਨਹੀਂ ਪਤਾ ਤਾਂ ਫਿਰ ਮੈਂ ਕਰ ਵੀ ਕੁੱਝ ਨਹੀਂ ਸੀ ਸਕਦਾ ਕਿਉਂਕਿ ਮੈਂ ਜੇਲ੍ਹ ਵਿਚ ਸੀ। 
ਗੁਰਮੀਤ ਸਿੰਘ ਦਾ ਮਨ ਭਰ ਆਇਆ ਤੇ ਬੋਲੇ ਕਿ ਮੈਂ ਕਿਹਾ ਸੀ ਨਾ ਜੋ ਬੀਤ ਗਿਆ ਸੋ ਬੀਤ ਗਿਆ। ਮਨ ਖ਼ਰਾਬ ਹੁੰਦੈ ਇਸ ਕਰ ਕੇ ਮੈਂ ਉਸ ਨੂੰ ਯਾਦ ਨਹੀਂ ਕਰਨਾ ਚਾਹੁੰਦਾ।

ਗੁਰਮੀਤ ਸਿੰਘ ਨੇ ਭਾਵੁਕ ਹੁੰਦਿਆਂ ਇਥੋਂ ਤਕ ਕਹਿ ਦਿਤਾ ਕਿ ਤੁਸੀਂ ਮੇਰੇ ਬਿਆਨਾਂ ਬਾਰੇ ਜੋ ਵੀ ਛਾਪ ਦਿਉ ਮੈਂ ਕਿੰਤੂ ਪਰੰਤੂ ਨਹੀਂ ਕਰਾਂਗਾ ਪਰ ਜੋ ਸੱਚ ਹੈ ਮੈਂ ਉਹੀ ਕਿਹਾ ਹੈ। ਮੈਂ ਕਿਸੇ ਹੋਰ ਸਵਾਲ ਬਵਾਲ ਵਿਚ ਨਹੀਂ ਪੈਣਾ ਚਾਹੁੰਦਾ। ਸਾਡੇ ਸਾਹਮਣੇ ਲੱਗੇ ਹੋਏ ਕੈਮਰੇ ਚੱਲਦੇ ਹੀ ਕਿਉਂ ਨਾ ਹੋਣ ਮੈਨੂੰ ਫਿਰ ਵੀ ਕੋਈ ਫ਼ਰਕ ਨਹੀਂ ਪੈਂਦਾ। 

ਬਹੁਤ ਸਾਰੀਆਂ ਖ਼ਬਰਾਂ ਵੀ ਆਈਆਂ ਕਿ ਜਦੋਂ ਮੈਂ ਪਹਿਲੀ ਵਾਰ ਪੈਰੋਲ ’ਤੇ ਆਇਆ ਤਾਂ ਮੈਂ ਰਿਕਸ਼ਾ ਚਲਾਇਆ। ਮੇਰੇ ਘਰ ਦੇ ਹਾਲਾਤ ਖ਼ਰਾਬ ਨੇ ਮਾਲੀ ਹਾਲਤ ਠੀਕ ਨਹੀਂ ਹੈ, ਪਰ ਇਸ ਤਰ੍ਹਾਂ ਨਹੀਂ ਮੇਰੇ ਘਰ ਦਾ ਗੁਜ਼ਾਰਾ ਮੇਰੇ ਪਿਤਾ ਦੀ ਪੈਨਸ਼ਨ ਨਾਲ ਚਲਦਾ ਹੈ। ਮੈਂ ਰਿਕਸ਼ਾ ਇਸ ਕਰ ਕੇ ਚਲਾਇਆ ਕਿਉਂਕਿ ਮੇਰੇ ਗੁਰੂ ਦਾ ਸਿਧਾਂਤ ਇਹ ਸਿਖਾਉਂਦਾ ਹੈ ਕਿ ਦਸਾਂ ਨਹੂੰਆਂ ਦੀ ਕਿਰਤ ਕਰੋ। ਮੈਂ ਹੋਰ ਵੀ ਬਹੁਤ ਕੁੱਝ ਸੋਚਿਆ ਕਿ ਮੈਂ ਕੀ ਕਰਾਂ ਕੀ ਨਾ ਕਰਾਂ ਪਰ ਮੈਨੂੰ ਇਹ ਕੰਮ ਠੀਕ ਲਗਿਆ ਤਾਂ ਮੈਂ ਕੀਤਾ। ਮੈਨੂੰ ਕੋਈ ਨਹੀਂ ਸੀ ਜਾਣਦਾ ਕੋਈ ਨਹੀਂ ਸੀ ਪਛਾਣਦਾ ਤੇ ਮੈਂ ਚਾਹੁੰਦਾ ਵੀ ਇਹੀ ਸੀ। 
 

ਸਵਾਲ : ਅੱਛਾ ਕੁਰਬਾਨੀ ਕੀ ਹੁੰਦੀ ਹੈ ਕੁਰਬਾਨੀ ਤੋਂ ਕੀ ਭਾਵ ਹੈ? 
ਜਵਾਬ :
ਕੁਰਬਾਨੀ ਦਾ ਮਤਲਬ ਕੁਰਬਾਨ ਹੋ ਜਾਣਾ ਜਿਸਮਾਨੀ ਤੌਰ ’ਤੇ ਕੁਰਬਾਨ ਹੋ ਜਾਣਾ, ਮਰ ਮਿਟ ਜਾਣਾ, ਫੌਤ ਹੋ ਜਾਣਾ ਹੀ ਕੁਰਬਾਨੀ ਨਹੀਂ ਹੁੰਦਾ। ਕੁਰਬਾਨੀ ਵੱਡੀ ਚੀਜ਼ ਹੁੰਦੀ ਹੈ। ਵੱਡੇ ਲੋਕ ਵੱਡੀਆਂ ਗੱਲਾਂ ਹੀ ਕਰਦੇ ਹਨ ਉਨ੍ਹਾਂ ਸਿਰ ਵੱਡੀਆਂ ਜ਼ਿੰਮੇਵਾਰੀਆਂ ਹੀ ਹੁੰਦੀਆਂ ਹਨ। ਚੱਲੋ ਛੱਡੋ ਹੋਰ ਦੱਸੋ। 

ਸਵਾਲ : ਆਉਂਦੀ ਨਵੀਂ ਪੀੜ੍ਹੀ ਕਈ ਮੁਲਕਾਂ ਵਿਚ ਇਕ ਨਵੇਂ ਰਾਹ ’ਤੇ ਤੁਰੀ ਹੈ, ਉਹ ਵਿਆਹ ਤੋਂ ਇਨਕਾਰੀ-ਮੁਨਕਰ ਹੋ ਰਹੇ ਹਨ? 
ਜਵਾਬ :
ਸਾਡੇ ਗੁਰੂ ਨੇ ਸਾਨੂੰ ਗਿ੍ਰਹਸਤੀ ਜ਼ਿੰਦਗੀ ਜਿਊਣ ਲਈ ਕਿਹਾ ਹੈ ਤੇ ਵਿਆਹ ਜ਼ਰੂਰੀ ਹੁੰਦਾ ਹੈ ਤੇ ਇਸੇ ਕਰ ਕੇ ਮੈਂ ਵੀ ਵਿਆਹ ਕਰਵਾਇਆ, ਚਾਹੇ ਸਜ਼ਾ ਦੇ ਦੌਰਾਨ ਕਰਵਾਇਆ ਪਰ ਮੇਰੇ ਮਨ ਵਿਚ ਖ਼ਿਆਲ ਆਇਆ ਕਿ ਕੁਰਬਾਨੀ ਤਾਂ ਉਨ੍ਹਾਂ ਦੀ ਵੀ ਹੈ ਇਨ੍ਹਾਂ ਵਰਗੇ ਕਿੰਨੇ ਲੋਕਾਂ ਨਾਲ ਉਨ੍ਹਾਂ ਮਹਾਨ ਔਰਤਾਂ ਨੇ ਇਕ ਤਹਈਆ ਕੀਤਾ ਤੇ ਮਹਾਨ ਦਿਲ ਵਿਖਾਇਆ ਤੇ ਇਨ੍ਹਾਂ ਦੀ ਬਾਹਰ ਆਉਣ ਦੀ ਉਡੀਕ ਵਿਚ ਸਫ਼ਰ ਸਾਂਝਾ ਕਰਨ ਦਾ ਪ੍ਰਣ ਲਿਆ। 
ਮੈਂ ਗੁਰਮੀਤ ਸਿੰਘ ਨੂੰ ਮੋਰਚੇ ਬਾਰੇ, ਹਵਾਰੇ ਬਾਰੇ, ਰਾਜੋਆਣਾ ਬਾਰੇ ਪੈਦਾ ਹੋਏ ਸਵਾਲ ਤੇ ਬਵਾਲ ਬਾਰੇ ਪੁੱਛਿਆ ਤਾਂ ਜਵਾਬ ਸੀ ਕਿ ਵਹਿਮ ਮੇਂ ਥਾ ਤੋ ਜ਼ਿੰਦਾ ਥਾ, ਏਕ ਸੱਚ ਨੇ ਉਸ ਕੀ ਜਾਨ ਲੇ ਲੀ। 

ਗੁਰਮੀਤ ਸਿੰਘ ਨੇ ਕਿਹਾ ਕਿ ਠੀਕ ਹੈ ਜੋ ਚਲ ਰਿਹਾ ਹੈ ਉਸ ਨੇ ਇਵੇਂ ਹੀ ਚਲਣਾ ਸੀ ਬਹੁਤਾ ਜਾਣ ਕੇ ਕੀ ਲੈਣੈ। ਸਵਾਲ ਕਰਨ ਵਾਲੇ ਕੰਮ ਵੀ ਕਰ ਕੇ ਵੇਖਣ ਜੇ ਸਵਾਲ ਇਹ ਉਠਦੇ ਹਨ ਕਿ ਕਿਸੇ ਨੇ ਕਿਸੇ ਨਾਲ ਹੱਥ ਮਿਲਾ ਕੇ ਕੋਈ ਕਿਸੇ ਨਾਲ ਚਲਾ ਗਿਆ ਪਰ ਕਿਸੇ ਨੇ ਕਿਤੇ ਤਾਂ ਜੁੜਨਾ ਹੀ ਹੁੰਦੈ, ਕੁੱਝ ਤਾਂ ਕਰਨਾ ਹੀ ਹੁੰਦੈ। ਮੈਂ ਅੱਗੇ ਸਵਾਲ ਕੀਤਾ ਕਿ ਕੋਈ ਇੱਛਾ ਹੈ?  
ਜਵਾਬ ਸੀ ਕਿ ਸਿਰਫ਼ ਬੰਦੀ ਸਿੰਘ ਰਿਹਾਅ ਹੋਣ, ਸਰਕਾਰਾਂ ਅਪਣੇ ਫ਼ਰਜ਼ ਸਮਝਣ ਤੇ ਸਭ ਨੂੰ ਇਨਸਾਫ਼ ਮਿਲੇ। 

ਸਵਾਲ : ਜੇਲ੍ਹ ਵਿਚ ਸੱਭ ਤੋਂ ਵੱਧ ਯਾਦ ਕਿਸਦੀ ਆਉਂਦੀ ਸੀ? 
ਜਵਾਬ :
ਪਿਉ ਦੀ, ਪ੍ਰਵਾਰ ਦੀ, ਸੱਭ ਦੀ ਪਰ ਸੱਭ ਤੋਂ ਵੱਧ ਪਿਉ ਦੀ। ਇਕ ਜਗ੍ਹਾ ਉਨ੍ਹਾਂ ਨੇ ਕਿਹਾ ਕਿ ‘‘ਤੂੰ ਤਾਂ ਮੱਚ ਗਿਆ ਭਾਂਬੜ ਬਣ ਕੇ ਮੈਂ ਸੁਲਗਦਾ ਦਿਨ ਰਾਤ ਰਿਹਾ।’’ 

ਸਵਾਲ ਇਹ ਵੀ ਕੀਤਾ ਗਿਆ ਕਿ ਜੇਲ੍ਹ ਵਿਚ ਤੇ ਜੇਲ੍ਹ ਤੋਂ ਬਾਹਰ ਦਾ ਸਮਾਂ ਕਿਵੇਂ ਬੀਤਦਾ ਹੈ ਤਾਂ ਜਵਾਬ ਆਇਆ ਕਿ ਪੈਰੋਲ ਦੇ ਦਿਨ ਤਾਂ ਮਿੰਟਾਂ ਵਿਚ ਹੀ ਲੰਘ ਜਾਂਦੇ ਹਨ ਪਰ ਜੇਲ੍ਹ ਦਾ ਇਕ ਦਿਨ ਇਕ ਸਦੀ ਵਾਂਗ ਲੰਘਦਾ ਹੈ। ਫਿਰ ਅੱਗੇ ਸਵਾਲ ਕਰ ਹੀ ਨਹੀਂ ਪਾਇਆ ਕਿਉਂਕਿ ਪੈਰੋਲ ਦਾ ਪਹਿਲਾ ਦਿਨ ਸੀ ਤੇ ਪ੍ਰਵਾਰ ਦਾ ਦਿਨ ਖ਼ਰਾਬ ਨਹੀਂ ਸੀ ਕਰਨਾ ਚਾਹੁੰਦਾ ਤੇ ਉਹ ਅਪਣੇ ਦਿਨ ਉਸ ਪ੍ਰਵਾਰ ਨਾਲ ਹੀ ਬਿਤਾਉਣ ਜਿਨ੍ਹਾਂ ਦੀਆਂ ਅੱਖਾਂ ਦੇ ਹੰਝੂ ਵੀ ਸੁਕ ਗਏ ਸਨ, ਚਾਹਤ ਤੇ ਅਰਮਾਨ ਵੀ ਮੁਕ ਗਏ ਸਨ ਕਿਉਂਕਿ ਉਸ ਹਾਦਸੇ ਵਿਚ ਇਕ ਔਰਤ ਨੇ ਅਪਣਾ ਪਤੀ ਤੇ ਇਕ ਪੁੱਤ ਨੇ ਅਪਣਾ ਪਿਉ ਗਵਾਇਆ ਸੀ। ਅਖ਼ੀਰ ਵਿਚ ਗੁਰਮੀਤ ਸਿੰਘ ਨੇ ਫ਼ਤਿਹ ਬੁਲਾਈ ਤੇ ਘੁਟ ਕੇ ਜੱਫ਼ੀ ਪਾਈ ਤੇ ਕਿਹਾ ਕਿ ਇਕ ਦਿਨ ਮੈਂ ਖ਼ੁਦ ਤੁਹਾਨੂੰ ਬੁਲਾਵਾਂਗਾ ਤੇ ਇੰਟਰਵਿਊ ਕਰਾਂਗੇ ਪਰ ਅਜੇ ਮਨ ਕੈਮਰੇ ਅੱਗੇ ਇੰਟਰਵਿਊ ਕਰਨ ਦਾ ਨਹੀਂ ਹੈ। 

ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਹੁਣ ਪੈਰੋਲ ਤੇ ਆਇਆ ਹੈ ਤੇ 28 ਸਾਲ ਦੀ ਜੇਲ੍ਹ ਕੱਟ ਚੁੱਕਾ ਹੈ ਤੇ ਉਸ ’ਤੇ ਇਹ ਇਲਜ਼ਾਮ ਲੱਗੇ ਹਨ ਕਿ ਸਾਬਕਾ ਮੁੱਖ ਮੰਤਰੀ ਨੂੰ ਮਾਰਨ ਵਾਲਾ ਬੰਬ ਗੁਰਮੀਤ ਸਿੰਘ ਨੇ ਬਣਾਇਆ ਹੈ ਪਰ ਗੁਰਮੀਤ ਸਿੰਘ ਸਾਫ਼ ਮਨ੍ਹਾ ਕਰ ਰਹੇ ਹਨ ਕਿ ਇਹ ਬੰਬ ਉਨ੍ਹਾਂ ਨੇ ਨਹੀਂ ਬਣਾਇਆ ਸੀ। ਦਿਲਾਵਰ ਸਿੰਘ ਜਿਸ ਸ੍ਰੀਰ ਨਾਲ ਬੰਬ ਬੰਨਿ੍ਹਆ ਹੋਇਆ ਸੀ ਉਹ ਗੁਰਮੀਤ ਸਿੰਘ ਦਾ ਸਾਥੀ ਸੀ, ਘਰ ਕੋਲ-ਕੋਲ ਸੀ ਇਕੱਠੇ ਖੇਡਦੇ ਸੀ, ਇਕੱਠੇ ਰਹਿੰਦੇ ਸੀ। ਜਿਸ ਦਿਨ ਬੇਅੰਤ ਸਿੰਘ ਨੂੰ ਬੰਬ ਨਾਲ ਉਡਾਇਆ ਸੀ

 ਉਸ ਦਿਨ ਉਹ ਉੱਥੋਂ ਹੀ ਗਏ ਸੀ ਤਾਂ ਗੁਰਮੀਤ ਸਿੰਘ ਨੇ ਦਿਲਾਵਰ ਨੂੰ ਇਹ ਸਵਾਲ ਜ਼ਰੂਰ ਕੀਤਾ ਸੀ ਕਿ ਕੀ ਕਰ ਰਹੋ ਤਾਂ ਦਿਲਾਵਰ ਸਿੰਘ ਨੇ ਕਿਹਾ ਸੀ ਕਿ ਜੇ ਵਾਪਸ ਆਏ ਤਾਂ ਦੱਸਾਂਗੇ ਨਹੀਂ ਤਾਂ ਅਖ਼ਬਾਰ ਵਿਚ ਪੜ੍ਹ ਲੈਣਾ। ਉਸ ਤੋਂ ਬਾਅਦ ਪੁਲਿਸ ਆਉਂਦੀ ਹੈ ਗੁਰਮੀਤ ਸਿੰਘ ਨੂੰ ਚੁੱਕ ਲੈਂਦੀ ਹੈ ਤੇ ਕੇਸ ਚਲਦਾ ਹੈ, ਜੇਲ੍ਹ ਹੁੰਦੀ ਹੈ 28 ਸਾਲ ਸਜ਼ਾ ਕੱਟ ਚੁੱਕਾ ਹੈ ਤੇ ਗੁਰਮੀਤ ਸਿੰਘ ਹੁਣ 28 ਦਿਨ ਦੀ ਪੈਰੋਲ ’ਤੇ ਹੈ।