ਸੁਰੱਖਿਆ ਪੱਖੋਂ ਚੰਡੀਗੜ੍ਹ ਪ੍ਰਸ਼ਾਸਨ ਕੋਈ ਕਸਰ ਨਹੀਂ ਛੱਡ ਰਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੌਦਾ ਸਾਧ ਦੇ 25 ਅਗੱਸਤ ਨੂੰ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵਲੋਂ ਆਉਣ ਵਾਲੇ ਫ਼ੈਸਲੇ ਨੂੰ ਲੈ ਕੇ ਪ੍ਰਸ਼ਾਸਨ ਕੋਈ ਕਸਰ ਨਹੀਂ ਛੱਡ ਰਿਹਾ।

Security

 


ਪੰਚਕੂਲਾ/ਚੰਡੀਗੜ੍ਹ, 22 ਅਗੱਸਤ (ਅੰਕੁਰ) : ਸੌਦਾ ਸਾਧ ਦੇ 25 ਅਗੱਸਤ ਨੂੰ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵਲੋਂ ਆਉਣ ਵਾਲੇ ਫ਼ੈਸਲੇ ਨੂੰ ਲੈ ਕੇ ਪ੍ਰਸ਼ਾਸਨ ਕੋਈ ਕਸਰ ਨਹੀਂ ਛੱਡ ਰਿਹਾ। ਇਸ ਲਈ ਲੋਕਾਂ ਦੀ ਸੁਰੱਖਿਆ ਲਈ ਸਾਰੇ ਉਚਿਤ ਕਦਮ ਚੁਕੇ ਜਾ ਰਹੇ ਹਨ ਅਤੇ ਨਾਜ਼ੁਕ ਇਲਾਕਿਆਂ 'ਚ ਅਲਰਟ ਜਾਰੀ ਕਰ ਦਿਤਾ ਗਿਆ ਹੈ।
ਦਰਅਸਲ 17 ਅਗੱਸਤ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਸੌਦਾ ਸਾਧ ਵਿਰੁਧ ਚਲ ਰਹੇ ਸਾਧਵੀ ਯੌਨ-ਸ਼ੋਸ਼ਣ ਦੇ ਮਾਮਲੇ ਦੀ ਸੁਣਵਾਈ ਹੋਈ ਜਿਸ 'ਤੇ ਸਿਹਤ ਦਾ ਹਵਾਲਾ ਦਿੰਦੇ ਹੋਏ ਸੌਦਾ ਸਾਧ ਅਦਾਲਤ ਪੇਸ਼ ਨਹੀਂ ਹੋਇਆ। ਹੁਣ ਇਸ ਤੋਂ ਬਾਅਦ ਅਦਾਲਤ ਵਲੋਂ 25 ਅਗੱਸਤ ਨੂੰ ਉਸ ਨੂੰ ਵਿਅਕਤੀਗਤ ਰੂਪ 'ਚ ਪੇਸ਼ ਹੋਣ ਦੇ ਆਦੇਸ਼ ਹਨ। ਇਸ ਤੋਂ ਪਹਿਲਾਂ ਵੀ ਉਹ ਦੋ ਵਾਰ ਅਦਾਲਤ ਦੇ ਆਦੇਸ਼ਾਂ ਦੀ ਅਣਗਹਿਲੀ ਕਰ ਚੁਕਾ ਹੈ। ਇਸ ਮਾਮਲੇ ਸਬੰਧੀ ਡੀ.ਜੀ.ਪੀ. ਸੰਧੂ ਨੇ ਕਿਹਾ ਹੈ ਕਿ ਜੇ 25 ਅਗੱਸਤ ਨੂੰ ਸੌਦਾ ਸਾਧ ਅਦਾਲਤ 'ਚ ਪੇਸ਼ ਨਾ ਹੋਇਆ ਤਾਂ ਆਦਲਤ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਕਾਨੂੰਨ ਤੋਂ ਵੱਡਾ ਕੋਈ ਨਹੀਂ। ਚੰਡੀਗੜ੍ਹ ਪੁਲਿਸ ਨੇ ਸਾਰੇ ਹੋਟਲਾਂ ਨੂੰ ਸਖ਼ਤ ਹੁਕਮ ਦਿਤੇ ਹਨ ਕਿ ਉਹ ਕਮਰੇ 'ਚ ਦੋ ਤੋਂ ਵੱਧ ਲੋਕਾਂ ਨੂੰ ਰਹਿਣ ਦੀ ਇਜਾਜ਼ਤ ਨਾ ਦੇਣ। ਸਾਰੀਆਂ ਧਰਮਸ਼ਲਾਵਾਂ ਅਤੇ ਸਰਾਵਾਂ 'ਚ ਇਹ ਆਦੇਸ਼ ਦਿੱਤੇ ਗਏ ਹਨ ਕਿ ਉਹ ਲੋਕਾਂ ਨੂੰ ਇਥੇ ਰੁੱਕਣ ਦੇ ਲਈ ਹਾਲ ਮੁਹੱਈਆ ਨਾ ਕਰਵਾਉਣ। ਚੰਡੀਗੜ੍ਹ ਪ੍ਰਸ਼ਾਸਨ ਨੇ ਅਪਣੇ ਬਾਰਡਰ ਏਰੀਆ ਨੂੰ 25 ਅਗੱਸਤ ਲਈ ਸੀਲ ਕਰਨ ਦਾ ਇੰਤਜ਼ਾਮ ਕੀਤਾ ਹੈ। ਤਾਕਿ ਸੌਦਾ ਸਾਧ ਦੇ ਸਮਰਥਕ ਚੰਡੀਗੜ੍ਹ 'ਚ ਦਾਖ਼ਲ ਨਾ ਹੋ ਸਕਣ।
ਇਕ ਪਾਸੇ ਜਿੱਥੇ ਸੌਦਾ ਸਾਧ ਸਾਧਵੀ ਯੌਨ ਸ਼ੋਸ਼ਣ ਦੇ ਮਾਮਲੇ 'ਚ 25 ਅਗੱਸਤ ਨੂੰ ਸੀ.ਬੀ.ਆਈ. ਕੋਰਟ ਦੇ ਫ਼ੈਸਲੇ ਮੌਕੇ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ 'ਚ ਧਾਰਾ 144 ਲਗਾ ਦਿਤੀ ਗਈ ਹੈ। ਉਥੇ ਹੀ ਸਿਰਸਾ ਸਥਿਤ ਆਸ਼ਰਮ 'ਚ ਸਤਿਸੰਗ ਕੀਤਾ ਜਿਸ ਵਿਚ ਦੋ ਲੱਖ ਦੇ ਕਰੀਬ ਚੇਲੇ ਪੁੱਜੇ।
ਜ਼ਿਕਰਯੋਗ ਹੈ ਕਿ ਹਰਿਆਣਾ ਪੁਲਿਸ ਦੀ ਸਪੈਸ਼ਲ ਟੀਮ ਅਤੇ ਬੰਬ ਸਕਵਾਇਡ ਟੀਮ ਪੰਚਕੂਲਾ ਕੋਰਟ ਪੁੱਜ ਗਈ। ਟੀਮ ਨੇ ਪੰਚਕੂਲਾ ਦੇ ਅਫ਼ਸਰਾਂ ਨੂੰ ਕਿਹਾ ਕਿ ਕੋਰਟ ਦੇ ਨੇੜਲੇ ਖੇਤਰ 'ਚ ਕਿਤੇ ਵੀ ਕੋਈ ਪੱਥਰ ਨਹੀਂ ਹੋਣਾ ਚਾਹੀਦਾ। ਮੋਹਾਲੀ 'ਚ ਕੁਲ 1800 ਜਵਾਨ ਤਾਇਨਾਤ ਕੀਤੇ ਗਏ ਹਨ।