ਲੁਟੇਰਿਆਂ ਨੇ ਏਟੀਐਮ ਕੱਟ ਕੇ 1.60 ਲੱਖ ਉਡਾਏ, ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਟਕਪੂਰਾ-ਫ਼ਰੀਦਕੋਟ ਰਾਸ਼ਟਰੀ ਰਾਜ ਮਾਰਗ ਨੰ. 15 'ਤੇ ਸਥਿਤ ਇਥੋਂ ਮਹਿਜ ਤਿੰਨ ਕਿਲੋਮੀਟਰ ਦੂਰ ਪਿੰਡ ਸੰਧਵਾਂ ਵਿਖੇ ਅੱਜ ਤੜਕਸਾਰ ਕਰੀਬ 4 ਵਜੇ ਨਕਾਬਪੋਸ਼ ਲੁਟੇਰਿਆਂ..

ATM

ਕੋਟਕਪੂਰਾ, 23 ਅਗੱਸਤ (ਗੁਰਿੰਦਰ ਸਿੰਘ) :  ਕੋਟਕਪੂਰਾ-ਫ਼ਰੀਦਕੋਟ ਰਾਸ਼ਟਰੀ ਰਾਜ ਮਾਰਗ ਨੰ. 15 'ਤੇ ਸਥਿਤ ਇਥੋਂ ਮਹਿਜ ਤਿੰਨ ਕਿਲੋਮੀਟਰ ਦੂਰ ਪਿੰਡ ਸੰਧਵਾਂ ਵਿਖੇ ਅੱਜ ਤੜਕਸਾਰ ਕਰੀਬ 4 ਵਜੇ ਨਕਾਬਪੋਸ਼ ਲੁਟੇਰਿਆਂ ਨੇ ਪੰਜਾਬ ਐਂਡ ਸਿੰਧ ਬੈਂਕ 'ਚ ਲੱਗੇ ਏਟੀਐਮ ਨੂੰ ਗੈਸ ਕਟਰ ਨਾਲ ਕੱਟ ਕੇ 1 ਲੱਖ 60 ਹਜ਼ਾਰ ਦੀ ਨਕਦੀ ਚੋਰੀ ਕਰ ਲਈ।
ਜਾਣਕਾਰੀ ਅਨੁਸਾਰ ਬੈਂਕ ਦੇ ਗੁਆਂਢ 'ਚ ਰਹਿੰਦੇ ਸੁਖਜੀਤ ਸਿੰਘ ਬਰਾੜ ਪੁੱਤਰ ਹੁਸ਼ਿਆਰ ਸਿੰਘ ਨੇ ਏਟੀਐਮ ਦੇ ਸ਼ਟਰ ਦੇ ਜਿੰਦਰੇ ਟੁੱਟਣ ਦੀ ਜਾਣਕਾਰੀ ਬੈਂਕ ਮੈਨੇਜਰ ਕਰਨ ਸਿੰਘ ਨੂੰ ਸਵੇਰੇ ਕਰੀਬ 8 ਵਜੇ ਦਿਤੀ। ਬੈਂਕ ਮੈਨੇਜਰ ਨੇ ਜਦੋਂ ਏਟੀਐਮ ਦਾ ਸ਼ਟਰ ਖੋਲ੍ਹ ਕੇ ਦੇਖਿਆ ਤਾਂ ਮਸ਼ੀਨ ਵਿਚੋਂ 1 ਲੱਖ 60 ਹਜ਼ਾਰ 900 ਰੁਪਏ ਦੀ ਨਕਦੀ ਗ਼ਾਇਬ ਸੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮੁਤਾਬਕ ਦੋ ਲੁਟੇਰਿਆਂ ਨੇ ਸਰੀਰ 'ਤੇ ਜੈਕਟ, ਹੱਥਾਂ 'ਤੇ ਦਸਤਾਨੇ ਅਤੇ ਮੂੰਹ-ਸਿਰ ਢਕਣ ਲਈ ਬਾਂਦਰ ਟੋਪੀ ਹੋਈ ਸੀ। ਲੁਟੇਰੇ 3:45 ਵਜੇ ਸਵੇਰੇ ਏਟੀਐਮ ਦੇ ਕਮਰੇ 'ਚ ਦਾਖ਼ਲ ਹੋਏ ਤੇ ਮਹਿਜ ਅੱਧੇ ਘੰਟੇ ਬਾਅਦ 4:15 ਵਜੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ।
ਪੁਲਿਸ ਸੂਤਰਾਂ ਅਨੁਸਾਰ ਬੈਂਕ ਦਾ ਗਾਰਡ ਰਾਤ ਸਮੇਂ ਨਾ ਹੋਣ ਕਰ ਕੇ ਪ੍ਰਬੰਧਕਾਂ ਵਲੋਂ ਏਟੀਐਮ ਦੇ ਕਮਰੇ ਨੂੰ ਜਿੰਦਰਾ ਲਾ ਦਿਤਾ ਜਾਂਦਾ ਹੈ। ਮੌਕੇ 'ਤੇ ਪੁੱਜੇ ਥਾਣਾ ਸਦਰ ਦੇ ਮੁਖੀ ਖੇਮ ਚੰਦ ਪਰਾਸ਼ਰ ਨੇ ਦਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਕੁਆਲਟੀ ਵਧੀਆ ਨਾ ਹੋਣ ਕਰ ਕੇ ਅਤੇ ਲੁਟੇਰਿਆਂ ਦੇ ਬਾਂਦਰ ਟੋਪੀਆਂ ਪਾਈਆਂ ਹੋਣ ਕਾਰਨ ਅਜੇ ਪਛਾਣ ਕਰਨ 'ਚ ਦਿੱਕਤ ਪੇਸ਼ ਆ ਰਹੀ ਹੈ। ਉਨ੍ਹਾ ਦਸਿਆ ਕਿ ਅਣਪਛਾਤੇ ਲੁਟੇਰਿਆਂ ਵਿਰੁਧ ਮਾਮਲਾ ਦਰਜ ਕਰ ਕੇ ਬੈਂਕ ਨੇੜਲੇ ਹੋਰਨਾਂ ਰਸਤਿਆਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਛਾਣਬੀਣ ਕੀਤੀ ਜਾ ਰਹੀ ਹੈ।