ਚੰਡੀਗੜ੍ਹ ਦੇ ਸਾਰੇ ਇਲਾਕੇ ਸੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਧਵੀ ਦੇ ਸਰੀਰਕ ਸ਼ੋਸ਼ਣ ਮਾਮਲੇ 'ਚ ਸੌਦਾ ਸਾਧ ਬਾਰੇ ਫ਼ੈਸਲਾ ਆਉਣ 'ਚ ਸਿਰਫ਼ ਇਕ ਦਿਨ ਬਾਕੀ ਰਹਿ ਗਿਆ ਹੈ ਅਤੇ ਇਲਾਕੇ ਦੇ ਮਾਹੌਲ ਅਤੇ ਮਾਮਲੇ ਦੀ ਨਜ਼ਾਕਤ ਨੂੰ ਦੇਖਦੇ ਹੋਏ...

Curfew

ਚੰਡੀਗੜ੍ਹ, 23 ਅਗੱਸਤ (ਅੰਕੁਰ): ਸਾਧਵੀ ਦੇ ਸਰੀਰਕ ਸ਼ੋਸ਼ਣ ਮਾਮਲੇ 'ਚ ਸੌਦਾ ਸਾਧ ਬਾਰੇ ਫ਼ੈਸਲਾ ਆਉਣ 'ਚ ਸਿਰਫ਼ ਇਕ ਦਿਨ ਬਾਕੀ ਰਹਿ ਗਿਆ ਹੈ ਅਤੇ ਇਲਾਕੇ ਦੇ ਮਾਹੌਲ ਅਤੇ ਮਾਮਲੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਕੋਰਟ ਨੇ ਦੋ ਹੋਰ ਮਾਮਲਿਆਂ ਦੀ ਸੁਣਵਾਈ ਟਾਲ ਦਿਤੀ ਹੈ। ਇਸ ਕਾਰਨ ਚੰਡੀਗੜ੍ਹ ਦਾ ਸਾਰਾ ਇਲਾਕਾ ਸੀਲ ਕਰ ਦਿਤਾ ਗਿਆ ਹੈ। ਸੌਦਾ ਸਾਧ ਬਾਰੇ 25 ਅਗੱਸਤ ਨੂੰ ਫ਼ੈਸਲਾ ਆਉਣਾ ਹੈ ਜਿਸ ਕਾਰਨ ਕੈਪਟਨ ਅਭਿਮਨਯੂ ਦੇ ਘਰ ਸਾੜ-ਫੂਕ ਦੇ ਮਾਮਲੇ ਦੀ ਸੁਣਵਾਈ ਹੁਣ 30 ਅਗੱਸਤ ਨੂੰ ਹੋਵੇਗੀ। ਫ਼ੈਸਲੇ ਕਾਰਨ ਹਰਿਆਣਾ 'ਚ ਸੁਰੱਖਿਆ ਵਿਵਸਥਾ ਨੂੰ ਕਾਇਮ ਰੱਖਣ ਲਈ ਚਾਰੋਂ ਪਾਸੇ ਸੀਲ ਕਰ ਦਿਤੇ ਗਏ ਹਨ। ਫ਼ੈਸਲੇ ਤੋਂ ਬਾਅਦ ਹਾਲਾਤ ਵਿਗੜਨ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੂਰੇ ਹਰਿਆਣੇ 'ਚ ਧਾਰਾ-144 ਲਾਗੂ ਕਰ ਦਿਤੀ ਗਈ ਹੈ।
ਅੱਜ ਪੰਚਕੂਲਾ ਵਾਲੀ ਸਾਈਡ ਤੋਂ ਅੱਧਾ ਦਰਜਨ ਤੋਂ ਵੱਧ ਬਸਾਂ ਅਤੇ ਟਰੱਕਾਂ 'ਚ ਜਾ ਰਹੇ ਡੇਰਾ ਪ੍ਰੇਮੀਆਂ ਨੂੰ ਪੁਲਿਸ ਨੇ ਰੋਕਿਆ ਅਤੇ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਪਰ ਡੇਰਾ ਪ੍ਰੇਮੀ ਪੈਦਲ ਹੀ ਪੰਚਕੂਲਾ ਵਲ ਨਿਕਲ ਗਏ, ਜਿਨ੍ਹਾਂ ਨੂੰ ਪੁਲਿਸ ਨੇ ਦੁਬਾਰਾ ਬਸਾਂ ਅਤੇ ਟਰੱਕਾਂ 'ਚ ਬਿਠਾ ਕੇ ਵਾਪਸ ਭੇਜਿਆ।
ਦੂਜੇ ਪਾਸੇ ਪੰਚਕੂਲਾ ਦੀ ਸੀ.ਬੀ.ਆਈ ਵਿਚ ਪੇਸ਼ੀ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਰਸਤਿਆਂ 'ਤੇ ਵੱਡੀ ਮਾਤਰਾ ਵਿਚ ਪੁਲਿਸ ਤਾਇਨਾਤ ਕੀਤੀ ਗਈ ਹੈ। ਉਥੇ ਹਰਿਆਣਾ ਤੋਂ ਪੰਚਕੂਲਾ ਜਾਣ ਵਾਲੇ ਰਸਤੇ 'ਤੇ ਵੀ ਸੁਰੱਖਿਆ ਵਧਾ ਦਿਤੀ ਗਈ ਹੈ।
ਇਸ ਦੌਰਾਨ ਡੇਰਾ ਸਿਰਸਾ ਦੇ ਸਮਰਥਕ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਹੋਰਨਾਂ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿਚ ਪੰਚਕੂਲਾ, ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਿਚ ਪਹੁੰਚਣੇ ਸ਼ੁਰੂ ਹੋ ਗਏ ਹਨ ਜੋ ਰੇਲ ਗੱਡੀਆਂ ਵਿਚ ਆ ਰਹੇ ਹਨ। ਚੰਡੀਗੜ੍ਹ ਰੇਲਵੇ ਸਟੇਸ਼ਨ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਗਿਆ ਹੈ।
ਇਸ ਦੌਰਾਨ ਸੂਚਨਾ ਹੈ ਕਿ ਭਾਰੀ ਭੀੜ ਨੂੰ ਦੇਖਦਿਆਂ ਸੌਦਾ ਸਾਧ ਨੂੰ ਹੈਲੀਕਾਪਟਰ ਰਾਹੀਂ ਪੰਚਕੂਲਾ ਲਿਆਂਦਾ ਜਾ ਸਕਦਾ ਹੈ। ਦੂਸਰੇ ਪਾਸੇ ਹਰਿਆਣਾ ਵਿਚ ਧਾਰਾ 144 ਲੱਗੀ ਹੋਈ ਹੈ ਅਤੇ ਸਰਕਾਰ ਨੇ ਸਾਰੇ ਸੀਨੀਅਰ ਅਫ਼ਸਰਾਂ ਅਤੇ ਮੁਲਾਜ਼ਮਾਂ ਦੀਆਂ ਛੁੱਟੀਆਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁਕੀਆਂ ਹਨ। ਇਸ ਦੇ ਨਾਲ ਹੀ ਪੰਚਕੂਲਾ ਆਉਣ ਵਾਲੀਆਂ ਬਸਾਂ ਨੂੰ ਹਰਿਆਣਾ ਸਰਕਾਰ ਨੇ ਫਿਲਹਾਲ ਰੋਕ ਦਿਤਾ ਹੈ। ਪੰਚਕੂਲਾ ਦੇ ਸਕੂਲਾਂ ਨੂੰ 24 ਅਤੇ 25 ਅਗੱਸਤ ਦੀ ਛੁੱਟੀ ਕਰ ਦਿਤੀ ਗਈ ਹੈ। ਸੁਰੱਖਿਆ ਫ਼ੋਰਸ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਕੇਂਦਰ ਤੋਂ ਪੈਰਾ ਮਿਲਟਰੀ ਫ਼ੋਰਸ ਦੀਆਂ 115 ਨਵੀਆਂ ਕੰਪਨੀਆਂ ਮੰਗੀਆਂ ਗਈਆਂ ਹਨ।
ਉਨ੍ਹਾਂ ਦਸਿਆ ਕਿ 10 ਆਈ.ਪੀ.ਐਸ ਅਧਿਕਾਰੀਆਂ ਦੀ ਜ਼ੋਨ-ਵਾਈਸ ਡਿਊਟੀ ਲਗਾਈ ਗਈ ਹੈ ਅਤੇ ਸਾਰੇ ਹਸਪਤਾਲਾਂ 'ਚ ਵੀ ਐਮਰਜੈਂਸੀ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ ਅਤੇ ਪੰਚਕੂਲਾ 'ਚ 25 ਐਂਬੂਲੈਂਸ ਦਾ ਇੰਤਜ਼ਾਮ ਕੀਤਾ ਗਿਆ ਹੈ।
ਪੰਚਕੂਲਾ 'ਚ ਹਰ ਹਾਲਾਤ 'ਤੇ ਤਿੱਖੀ ਨਜ਼ਰ ਰੱਖਣ ਦੇ ਲਈ ਡ੍ਰੋਨ ਕੈਮਰਿਆਂ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ। ਦੋ ਕੈਮਰੇ ਸੀ.ਬੀ.ਆਈ. ਕੋਰਟ ਦੇ ਆਸਪਾਸ ਦੀਆਂ ਗਤੀਵੀਧੀਆਂ 'ਤੇ ਨਜ਼ਰ ਰੱਖਣ ਲਈ ਲਗਾਏ ਗਏ ਹਨ।
ਪੈਰਾ ਮਿਲਟਰੀ ਫ਼ੋਰਸ ਦੀਆਂ 8 ਹੋਰ ਕੰਪਨੀਆਂ ਹਰਿਆਣੇ ਪਹੁੰਚ ਗਈਆਂ ਹਨ। ਹਰਿਆਣਾ ਸਰਕਾਰ ਨੇ ਕੇਂਦਰ ਤੋਂ 150 ਪੈਰਾ ਮਿਲਟਰੀ ਕੰਪਨੀਆਂ ਦੀ ਮੰਗ ਕੀਤੀ ਹੈ ਜਿਨ੍ਹਾਂ 'ਚੋਂ 43 ਕੰਪਨੀਆਂ ਨੇ ਹਰਿਆਣੇ 'ਚ ਮੋਰਚਾ ਸੰਭਾਲ ਲਿਆ ਹੈ।
ਫ਼ੈਸਲੇ ਕਾਰਨ ਪੰਚਕੂਲਾ ਦੇ ਸਾਰੇ ਵਿਧਾਇਕਾਂ, ਮੰਤਰੀਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਵਧਾ ਦਿਤੀ ਗਈ ਹੈ। ਇਸ ਦੇ ਨਾਲ ਹੀ ਸੀ.ਬੀ.ਆਈ. ਕੋਰਟ ਦੇ ਜੱਜਾਂ ਅਤੇ ਵਕੀਲਾਂ ਦੀ ਸੁਰੱਖਿਆ 'ਚ ਵੀ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵ ਡੇਰਾ ਪ੍ਰੇਮੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।