ਚੰਡੀਗੜ੍ਹ ਦੀਆਂ ਸੜਕਾਂ 'ਤੇ ਐਲ.ਈ.ਡੀ. ਲਾਈਟਾਂ ਲਾਉਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸ਼ਹਿਰ ਦੇ ਵੱਖ-ਵੱਖ ਮਾਰਗਾਂ ਅਤੇ ਅੰਦਰੂਨੀ ਸੜਕਾਂ 'ਤੇ ਲਗਭਗ 48525 ਲਾਈਟ ਪੁਆਇੰਟਾਂ..

LED Lights

ਚੰਡੀਗੜ੍ਹ, 23 ਅਗੱਸਤ (ਅੰਕੁਰ): ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸ਼ਹਿਰ ਦੇ ਵੱਖ-ਵੱਖ ਮਾਰਗਾਂ ਅਤੇ ਅੰਦਰੂਨੀ ਸੜਕਾਂ 'ਤੇ ਲਗਭਗ 48525 ਲਾਈਟ ਪੁਆਇੰਟਾਂ 'ਤੇ ਪੁਰਾਣੀਆਂ ਲਾਈਟਾਂ ਉਤਾਰ ਕੇ ਨਵੀਆਂ ਐਲ.ਈ.ਡੀ.  ਲਾਈਟਾਂ ਲਾਉਣ ਦਾ ਕੰਮ ਬੜੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਦੀਵਾਲੀ ਤਕ ਚੰਡੀਗੜ੍ਹ ਸ਼ਹਿਰ ਪੂਰੀ ਤਰ੍ਹਾਂ ਚਮਕਣ ਲਗੇਗਾ। ਇਸ ਲਈ ਨਗਰ ਨਿਗਮ ਨੇ ਈ.ਈ.ਐਸ.ਐਲ਼ ਕੰਪਨੀ ਲਿਮਟਿਡ ਨੂੰ 55 ਕਰੋੜ ਰੁਪਏ ਦਾ ਠੇਕਾ ਦਿਤਾ ਹੈ। ਸੂਤਰਾਂ ਅਨੁਸਾਰ ਇਸ ਕੰਪਨੀ ਵਲੋਂ ਸ਼ਹਿਰ 'ਚ 9 ਹਜ਼ਾਰ ਦੇ ਕਰੀਬ ਲੱਗੇ ਪੁਰਾਣੇ ਬਿਜਲੀ ਦੇ ਖੰਭਿਆਂ ਨੂੰ ਵੀ ਤਬਦੀਲ ਕੀਤਾ ਜਾਣਾ ਹੈ। ਇਸ ਪ੍ਰਾਜੈਕਟ ਦੀ ਨਗਰ ਨਿਗਮ ਵਲੋਂ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਸ਼ੁਰੂਆਤ ਕੀਤੀ ਗਈ ਹੈ। ਇਸ ਸਕੀਮ ਦਾ ਰਸਮੀ ਉਦਘਾਟਨ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ 29 ਜੁਲਾਈ 2017 ਨੂੰ ਸੁਖਨਾ ਝੀਲ ਤੋਂ ਆਰੰਭ ਕਰਨ ਦਾ ਰਸਮੀ ਉਦਘਾਟਨ ਕੀਤਾ ਸੀ।
ਮਿਊਂਸਪਲ ਕਾਰਪੋਰੇਸ਼ਨ ਵਲੋਂ 2017-18 ਦੇ ਬਜਟ ਪ੍ਰਸਤਾਵ ਵੀ ਇਸ ਪ੍ਰਾਜੈਕਟ ਨੂੰ ਨੇਪਰੇ ਚੜ੍ਹਾਉਣ ਲਈ ਕੰਪਨੀ ਨਾਲ ਸਮਝੌਤਾ ਕੀਤਾ ਸੀ। ਇਸ ਨਾਲ ਨਗਰ ਨਿਗਮ ਦੇ ਸਾਲਾਨਾ ਬਿਜਲੀ ਦਾ ਬਿਲ ਜਿਹੜਾ ਸਟਰੀਟ ਲਾਈਟਾਂ ਲਈ ਹਰ ਸਾਲ ਬਿਜਲੀ ਵਿਭਾਗ ਕੋਲ ਜਮ੍ਹਾਂ ਕਰਾਉਣਾ ਪੈਂਦਾ ਹੈ, ਨਵੀਆਂ ਐਲ.ਈ.ਡੀ. ਲਾਈਟਾਂ ਲਾਉਣ ਬਾਅਦ ਉਸ ਵਿਚੋਂ 7 ਕਰੋੜ ਰੁਪਏ ਦੇ ਕਰੀਬ ਬੱਚਤ ਹੋਵੇਗੀ।
ਇਸ ਪ੍ਰਾਜੈਕਟ ਲਈ ਨਗਰ ਨਿਗਮ ਚੰਡੀਗੜ੍ਹ ਵਲੋਂ ਵੀ.3 ਵੀ. 5 ਅਤੇ ਵੀ. 4 'ਤੇ ਲਾਈਟਾਂ ਲਾਉਣ ਲਈ ਯੋਜਨਾ ਬਣਾਈ ਹੈ। ਮਿਊਂਸਪਲ ਕਾਰਪੋਰੇਸ਼ਨ ਵਲੋਂ ਸ਼ਹਿਰ ਦੀਆਂ ਲਾਈਟਾਂ ਤਬਦੀਲ ਕਰਨ ਲਈ ਤੇ ਕੰਪਨੀ ਨਾਲ ਇਕਰਾਰਨਾਮਾ ਕਰਨ ਤੋਂ ਪਹਿਲਾਂ ਸ਼ਹਿਰ ਦਾ ਸਰਵੇਖਣ ਵੀ ਕੀਤਾ ਸੀ। ਇਸ ਕੰਪਨੀ ਵਲੋਂ ਨਗਰ ਨਿਗਮ ਨਾਲ 15 ਸਾਲਾਂ ਤਕ ਦਾ ਸਮਝੌਤਾ ਕੀਤਾ ਗਿਆ ਹੈ।
ਬਿਜਲੀ ਵਿਭਾਗ ਦੇ ਐਕਸੀਅਨ ਆਰ.ਐਸ. ਰੰਧਾਵਾ ਅਨੁਸਾਰ ਇਸ ਪ੍ਰਾਜੈਕਟ ਨੂੰ ਦੀਵਾਲੀ ਤਕ ਮੁਕੰਮਲ ਕਰਨ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਨਗਰ ਨਿਗਮ ਅਤੇ ਈ.ਈ.ਐਸ.ਐਲ. ਕੰਪਨੀ ਲਿਮਟਿਡ ਵਲੋਂ ਕੰਪਿਊਟਰ ਦੇ ਸਰਵਰ ਨਾਲ ਇਸ ਦਾ ਕੁਨੈਕਸ਼ਨ ਜੋੜਿਆ ਜਾਵੇਗਾ, ਜਿਸ ਕਾਰਨ ਲਾਈਆਂ ਜਾ ਰਹੀਆਂ ਈ.ਐਲ.ਡੀ. ਸਟਰੀਟ ਲਾਈਟਾਂ ਰਾਤ ਪੈਣ 'ਤੇ ਅਪਣੇ ਆਪ ਜਗ ਜਾਣਗੀਆਂ ਅਤੇ ਸੂਰਜ ਦੀ ਰੌਸ਼ਨੀ ਨਿਕਲਣ ਬਾਅਦ ਬੰਦ ਹੋ ਜਾਣਗੀਆਂ।