ਮਜੀਠੀਆ ਵਲੋਂ ਸਿੱਧੂ ਜੋੜੇ ਤੇ ਸਾਥੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੇ ਜਾਣ ਦੀ ਮੰਗ
ਮਜੀਠੀਆ ਵਲੋਂ ਸਿੱਧੂ ਜੋੜੇ ਤੇ ਸਾਥੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੇ ਜਾਣ ਦੀ ਮੰਗ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਕੋਰਟ ਵਲੋਂ ਲਿਫ਼ਾਫ਼ਾ ਬੰਦ ਕੀਤੀ ਐਸ.ਟੀ.ਐਫ ਰਿਪੋਰਟ ਨੂੰ ਜਾਰੀ ਕਰਨ ਲਈ ਐਫ.ਆਈ.ਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਮਜੀਠੀਆ ਨੇ ਸਿੱਧੂ ਜੋੜੀ ਦੁਆਰਾ ਕੀਤੀ ਪ੍ਰੈੱਸ ਕਾਨਫਰੰਸ ਦੀ ਇਕ ਵੀਡਿਓ ਵਿਖਾਉਂਦਿਆਂ ਪੁੱਛਿਆ ਕਿ ਨਵਜੋਤ ਕੌਰ ਸਿੱਧੂ ਨੇ ਕਿਸ ਹੈਸੀਅਤ ਵਿਚ ਸਿੱਧੂ ਟੀਮ ਵਲੋਂ ਬਣਾਈ ਮਨਘੜਤ ਰਿਪੋਰਟ ਫੜੀ ਹੋਈ ਹੈ। ਉਨ੍ਹਾ ਨੇ ਇਹ ਵੀ ਪੁੱਛਿਆ ਕਿ ਉਨ੍ਹਾਂ ਨੇ ਕਿਸ ਹੈਸੀਅਤ ਵਿਚ ਇਹ ਰਿਪੋਰਟ ਹਾਸਿਲ ਕੀਤੀ ਸੀ।
ਉਨ੍ਹਾਂ ਕਿਹਾ ਕਿ ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ ਕਿ ਇਕ ਲਿਫ਼ਾਫ਼ਾ-ਬੰਦ ਰਿਪੋਰਟ, ਜਿਸ ਨੂੰ ਹਾਈਕੋਰਟ ਦੀਆਂ ਹਦਾਇਤਾਂ 'ਤੇ ਦੁਬਾਰਾ ਬੰਦ ਕੀਤਾ ਗਿਆ ਹੋਵੇ, ਨੂੰ ਕਿਸੇ ਵੀ ਸਰਕਾਰੀ ਅਹੁਦੇ 'ਤੇ ਨਾ ਬੈਠੀ ਔਰਤ ਅਤੇ ਇਸ ਦਸਤਾਵੇਜ਼ ਨੂੰ ਹਾਸਿਲ ਕਰਨ ਦੀ ਤਾਕਤ ਨਾ ਰੱਖਣ ਵਾਲਾ ਬੰਦਾ ਚੁੱਕੀ ਫਿਰੇ।
ਸਿਰਫ਼ ਕੇਸ ਦਰਜ ਕਰਕੇ ਕੀਤੀ ਜਾਂਚ ਹੀ ਇਸ ਸਾਰੀ ਸਾਜ਼ਿਸ਼ ਅਤੇ ਇਸ ਨਾਲ ਜੁੜੇ ਲੋਕਾਂ ਦੇ ਚਿਹਰਿਆਂ ਨੂੰ ਨੰਗਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤਕ ਉਨ੍ਹਾਂ ਦਾ ਸੰਬੰਧ ਹੈ, ਸਾਰੇ ਤੱਥ ਬਿਲਕੁੱਲ ਸਪੱਸ਼ਟ ਹਨ। ਮੇਰਾ ਅਕਸ ਖ਼ਰਾਬ ਕਰਨ ਲਈ ਸਿੱਧੂ ਐਂਡ ਸੰਨਜ਼ ਦਾ ਟੋਲਾ ਇਕੱਠਾ ਹੋ ਗਿਆ ਹੈ।
ਐਸ.ਟੀ.ਐਫ ਦੀ ਰਿਪੋਰਟ ਦੇ ਲੀਕ ਹੋਣ ਦੀ ਘਟਨਾ ਨੂੰ ਇਕ ਗੰਭੀਰ ਅਪਰਾਧਿਕ ਮਾਣਹਾਨੀ ਕਰਾਰ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਮਾਮਲਾ ਇਕ ਬਹੁਤ ਵੱਡੀ ਸਾਜ਼ਿਸ਼ ਪ੍ਰਤੀਤ ਹੁੰਦਾ ਹੈ, ਜਿਸ ਵਿਚ ਨਿਆਂਇਕ ਪ੍ਰਕਿਰਿਆ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।