ਹੁਣ ਨਸ਼ਾ ਖ਼ਤਮ ਕਰਨ 'ਚ ਸਰਕਾਰੀ ਮੁਲਾਜ਼ਮ ਪਾਉਣਗੇ ਯੋਗਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਨਸ਼ਾ ਖ਼ਤਮ ਕਰਨ 'ਚ ਸਰਕਾਰੀ ਮੁਲਾਜ਼ਮ ਪਾਉਣਗੇ ਯੋਗਦਾਨ

captain amrinder singh

ਲੁਧਿਆਣਾ : ਪੰੰਜਾਬ 'ਚ ਕੈਪਟਨ ਦੀ ਕਾਂਗਰਸ ਸਰਕਾਰ ਬਣੀ ਨੂੰ ਇਕ ਸਾਲ ਪੂਰਾ ਹੋ ਚੁਕਾ ਹੈ। ਅਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ ਕੈਪਟਨ ਸਰਕਾਰ ਨੇ ਕਈ ਅਜਿਹੇ ਫ਼ੈਸਲੇ ਲਏ ਹਨ ਜਿਨ੍ਹਾਂ ਨਾਲ ਫ਼ੌਰੀ ਤੌਰ 'ਤੇ ਭਾਵੇਂ ਕੁੱਝ ਲੋਕਾਂ ਨੂੰ ਔਖ ਹੋ ਰਹੀ ਹੋਵੇ ਪਰ ਉਹ ਭਵਿੱਖ ਦੀ ਬਿਹਤਰੀ ਲਈ ਚੁਕੇ ਚੰਗੇ ਕਦਮ ਸਾਬਤ ਹੋ ਰਹੇ ਹਨ। ਅਜਿਹਾ ਹੀ ਫ਼ੈਸਲਾ ਕੈਪਟਨ ਸਰਕਾਰ ਨੇ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਲਿਆ ਹੈ। ਭਾਵੇਂ ਕੁੱਝ ਮੁਲਾਜ਼ਮ ਜਥੇਬੰਦੀਆਂ ਅੰਦਰੋ-ਅੰਦਰੀ ਔਖੀਆਂ ਹੋਈਆਂ ਫਿਰਦੀਆਂ ਹਨ ਪਰ ਕੈਪਟਨ ਨੇ ਨਸ਼ੇ ਖ਼ਤਮ ਕਰਨ ਲਈ ਲੱਕ ਬੰਨ੍ਹ ਲਿਆ ਹੈ। ਮੁੱਖ ਮੰਤਰੀ ਵਲੋਂ ਸੂਬੇ 'ਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਸਰਕਾਰੀ ਮੁਲਾਜ਼ਮਾਂ ਨੂੰ ਕਰੀਬ 5 ਲੱਖ ਵਲੰਟੀਅਰ ਬਣਾਉਣ ਦਾ ਟੀਚਾ ਦਿਤਾ ਗਿਆ ਹੈ, ਜਿਸ ਕਾਰਨ ਹਰ ਮੁਲਾਜ਼ਮ ਦੀ ਜਾਨ ਮੁੱਠੀ 'ਚ ਆਈ ਹੋਈ ਹੈ। 

ਇਹ ਟੀਚਾ 23 ਮਾਰਚ ਤੋਂ ਪਹਿਲਾਂ ਪੂਰਾ ਕਰਨ ਦੇ ਫ਼ੁਰਮਾਨ ਨਾਲ ਮੁਲਾਜ਼ਮ ਲੋਕਾਂ ਦੀਆਂ ਮਿੰਨਤਾਂ ਕਰਨ ਦੇ ਨਾਲ-ਨਾਲ ਧੱਕੇਸ਼ਾਹੀ ਨਾਲ ਫ਼ਾਰਮ ਭਰਵਾ ਕੇ ਉਨ੍ਹਾਂ ਨੂੰ ਵਲੰਟੀਅਰ ਬਣਾ ਰਹੇ ਹਨ। ਅਸਲ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਦਿਨ 23 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਟਕੜ ਕਲਾਂ ਦੀ ਧਰਤੀ 'ਤੇ ਸਵਾ ਤਿੰਨ ਲੱਖ ਵਲੰਟੀਅਰਾਂ ਨੂੰ ਸਹੁੰ ਦਿਵਾਉਣਗੇ ਕਿ ਉਹ ਸੂਬੇ 'ਚ ਨਸ਼ਿਆਂ ਨੂੰ ਖ਼ਤਮ ਕਰ ਕੇ ਹੀ ਦਮ ਲੈਣਗੇ। ਹੁਣ ਸਵਾਲ ਇਹ ਹੈ ਕਿ ਲੱਖਾਂ ਵਲੰਟੀਅਰਾਂ ਦੀ ਇੰਨੀ ਵੱਡੀ ਫ਼ੌਜ ਇਕ ਹਫ਼ਤੇ 'ਚ ਖੜ੍ਹੀ ਕਿਵੇਂ ਹੋਵੇਗੀ। 

ਇਸ ਲਈ ਸਰਕਾਰੀ ਮੁਲਾਜ਼ਮਾਂ ਨੂੰ ਫ਼ੁਰਮਾਨ ਜਾਰੀ ਕਰ ਦਿਤਾ ਗਿਆ ਹੈ ਕਿ ਸਾਰੇ ਕੰਮ ਰੋਕ ਕੇ ਇਹ ਫ਼ਾਰਮ ਭਰਵਾਏ ਜਾਣ। ਪੁਲਿਸ ਅਧਿਕਾਰੀ ਪਿੰਡਾਂ ਦੇ ਸਰਪੰਚਾਂ ਕੋਲੋਂ ਫ਼ਾਰਮ ਭਰਵਾਉਣ ਲਈ ਆ ਰਹੇ ਹਨ। ਕਈ ਥਾਵਾਂ 'ਤੇ ਟ੍ਰੈਫ਼ਿਕ ਪੁਲਿਸ ਵਾਲੇ ਕਿਸੇ ਕਾਰ ਜਾਂ ਸਕੂਟਰ, ਬਾਈਕ ਚਾਲਕ ਨੂੰ ਵਲੰਟੀਅਰ ਬਣਾਉਣ ਲਈ ਮਿੰਨਤਾਂ ਕਰਦੇ ਵੀ ਦੇਖੇ ਗਏ ਹਨ। ਜ਼ਿਕਰਯੋਗ ਹੈ ਕਿ 4 ਹਫ਼ਤਿਆਂ 'ਚ ਪੰਜਾਬ 'ਚੋਂ ਨਸ਼ਾ ਖ਼ਤਮ ਕਰਨ ਦੀ ਕਸਮ ਖਾਣ ਦੇ ਮਾਮਲੇ 'ਚ ਸਰਕਾਰ ਦੀ ਕਾਫੀ ਕਿਰਕਿਰੀ ਹੋਈ ਹੈ। ਇਸ ਮਾਮਲੇ ਦਾ ਹੱਲ ਲੱਭਣ ਲਈ ਕੈਪਟਨ ਨੇ ਅਫ਼ਸਰਸ਼ਾਹੀ ਨੂੰ ਨਿਰਦੇਸ਼ ਦਿਤੇ ਹਨ।