ਚੰਡੀਗੜ੍ਹ ਦੇ ਰੈਲੀ ਗਰਾਊਂਡ ਵਿਚ ਅਕਾਲੀ ਦਲ ਦੀ ਵਿਸ਼ਾਲ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਵਲੋਂ ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ ਵਲੋਂ ਕਥਿਤ ਤੌਰ 'ਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਿਸ਼ਵਾਸ਼ਘਾਤ ਵਿਰੁਧ ਵਿਧਾਨ ਸਭਾ ਦਾ ਘਿਰਾਉ

Sukhbir Singh Badal

ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਸੈਕਟਰ 25 ਸਥਿਤ ਰੈਲੀ ਗਰਾਊਂਡ ਵਿਖੇ ਕਾਂਗਰਸ ਪਾਰਟੀ ਵਲੋਂ ਕਥਿਤ ਤੌਰ 'ਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਿਸ਼ਵਾਸ਼ਘਾਤ ਵਿਰੁਧ ਵਿਧਾਨ ਸਭਾ ਦਾ ਘਿਰਾਉ ਕਰਨ ਲਈ ਇਕ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਉਪਰੰਤ ਹਜ਼ਾਰਾਂ ਦੀ ਗਿਣਤੀ ਵਿਚ ਅਕਾਲੀ ਵਰਕਰਾਂ ਨੇ ਵਿਧਾਨ ਸਭਾ ਵਲ ਮਾਰਚ ਸ਼ੁਰੂ ਕੀਤਾ। ਇਸ ਦੌਰਾਨ ਰੈਲੀ ਗਰਾਊਂਡ ਤੋਂ ਕੁੱਝ ਹੀ ਦੂਰੀ 'ਤੇ ਚੰਡੀਗੜ੍ਹ ਪੁਲਿਸ ਵਲੋਂ ਲਾਇਆ ਪਹਿਲਾ ਬੈਰੀਕੇਡ ਤੋੜ ਕੇ ਅਕਾਲੀ ਦਲ ਦੇ ਵਰਕਰ ਅਤੇ ਆਗੂ ਅੱਗੇ ਤੁਰ ਪਏ ਤਾਂ ਅੱਗੇ ਲੱਗੇ ਬੈਰੀਕੇਡ ਤੋਂ ਪਾਣੀ ਦੀਆਂ ਬੁਛਾੜਾਂ ਮਾਰ ਕੇ ਚੰਡੀਗੜ੍ਹ ਪੁਲਿਸ ਨੇ ਰੋਕਿਆ। ਪਰ ਇਸ ਦੌਰਾਨ ਕੁੱਝ ਅਕਾਲੀ ਵਰਕਰਾਂ ਵਲੋਂ ਪੁਲਿਸ ਉੱਤੇ ਪੱਥਰ ਸੁੱਟੇ ਗਏ ਜਿਸ ਤੋਂ ਬਾਅਦ ਪੁਲਿਸ ਨੇ ਹਲਕਾ ਲਾਠੀਚਾਰਜ ਕਰ ਕੇ ਅਕਾਲੀ ਵਰਕਰਾਂ ਨੂੰ ਖਦੇੜ ਦਿਤਾ। ਇਸ ਉਪਰੰਤ ਸੁਖਬੀਰ ਸਿੰਘ ਬਾਦਲ ਸਮੇਤ ਬਿਕਰਮ ਸਿੰਘ ਮਜੀਠੀਆ, ਪਾਰਟੀ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ, ਮੈਂਬਰ ਪਾਰਲੀਮੈਂਟਾਂ ਨੇ ਅਪਣੀ ਗ੍ਰਿਫ਼ਤਾਰੀ ਦਿਤੀ। ਅੱਜ ਸਵੇਰੇ ਤੋਂ ਹੀ ਰੈਲੀ ਗਰਾਊਂਡ ਵਿਚ ਅਕਾਲੀ ਵਰਕਰਾਂ ਦਾ ਇਕੱਠ ਸ਼ੁਰੂ ਹੋ ਗਿਆ ਸੀ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਰੈਲੀ ਗਰਾਊਂਡ ਵਿਚ ਹੀ ਹਾਜ਼ਰ ਸਨ। ਹਾਲਾਂਕਿ ਰੈਲੀ ਦਾ ਪ੍ਰੋਗਰਾਮ 12 ਵਜੇ ਦਾ ਸੀ ਪਰ 10 ਵਜੇ ਦੇ ਲਗਭਗ ਪੰਡਾਲ ਭਰ ਗਿਆ ਸੀ। ਦੂਰੋਂ ਦੂਰੋਂ ਅਕਾਲੀ ਵਰਕਰ ਰੈਲੀ ਵਿਚ ਹਾਜ਼ਰ ਸਨ। ਇਹ ਰੈਲੀ ਵਿਧਾਨ ਸਭਾ ਦੇ ਘਿਰਾਉ ਲਈ ਘੱਟ ਅਤੇ ਅਕਾਲੀ ਦਲ ਵਲੋਂ 
2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਵਜੋਂ ਵੱਧ ਦਿਖਾਈ ਦੇ ਰਹੀ ਸੀ।ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਅਮਰਿੰਦਰ ਸਰਕਾਰ ਅਪਣੇ ਵਾਅਦਿਆਂ ਤੋਂ ਮੁਕਰੀ ਹੈ, ਉਹ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਵੇਲੇ ਕਿਸਾਨਾਂ, ਖੇਤੀ ਮਜ਼ਦੂਰਾਂ ਅਤੇ ਹਰ ਵਰਗ ਲਈ ਖ਼ਜ਼ਾਨੇ ਦਾ ਮੂੰਹ ਸਮੇਂ ਸਮੇਂ ਸਿਰ ਖੋਲ੍ਹਿਆ ਗਿਆ ਅਤੇ ਹਜ਼ਾਰਾਂ ਕਰੋੜ ਰੁਪਏ ਵਿਕਾਸ ਉਤੇ ਵੀ ਖ਼ਰਚ ਕੀਤੇ ਗਏ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਦੀ ਆਮਦਨ ਪਿਛਲੀ ਸਰਕਾਰ ਨਾਲੋਂ ਵੱਧ ਹੈ ਤਾਂ ਫਿਰ ਖ਼ਜ਼ਾਨਾ ਕਿਵੇਂ ਖ਼ਾਲੀ ਹੈ।
ਉਨ੍ਹਾਂ ਕਿਹਾ ਕਿ ਇਹੀ ਹਾਲ ਕੈਪਟਨ ਅਮਰਿੰਦਰ ਸਿੰਘ ਦਾ ਹੈ ਜੋ ਹੱਥ ਵਿਚ ਗੁਟਕਾ ਸਾਹਿਬ ਲੈ ਕੇ ਹਰ ਘਰ ਵਿਚ ਰੁਜ਼ਗਾਰ ਅਤੇ ਕਰਜ਼ਾ ਮਾਫ਼ੀ ਦੇ ਵਾਅਦੇ ਤੋਂ ਮੁਕਰ ਗਏ ਹਨ। ਉਨ੍ਹਾਂ ਪੰਜਾਬ ਦੇ ਲੋਕਾਂ 'ਤੇ ਫਿਕਰਾ ਕਸਦਿਆਂ ਕਿਹਾ 'ਮੱਝ ਵੇਚ ਕੇ ਘੋੜੀ ਲਈ, ਦੁਧ ਤੋਂ ਵੀ ਗਿਆ ਲਿੱਦ ਚੁੱਕਣੀ ਪਈ।' ਉਨ੍ਹਾਂ ਕਿਹਾ ਕਿ ਹੁਣ ਚਾਰ ਸਾਲ ਹੋਰ ਲਿੱਦ ਚੁੱਕਣੀ ਪੈਣੀ ਹੈ।ਉਨ੍ਹਾਂ ਅਕਾਲੀ ਭਾਜਪਾ ਵਰਕਰਾਂ ਨੂੰ ਕਾਂਗਰਸ ਸਰਕਾਰ ਵਿਰੁਧ ਡਟ ਕੇ ਲੜਾਈ ਲੜਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਰਕਾਰ ਉਹੀ ਚਲਾ ਸਕਦਾ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਅਤੇ ਤਕਲੀਫ਼ਾਂ ਨੂੰ ਸਮਝਦਾ ਹੋਵੇ। 

ਇਸ ਮੌਕੇ ਬੋਲਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀਆਂ ਪੋਲ ਖੋਲ੍ਹ ਰੈਲੀਆਂ ਕਾਰਨ ਸਰਕਾਰ ਹਿੱਲੀ ਪਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਬਿਆਨ ਦਿੰਦੇ ਹਨ ਕਿ ਸੁਖਬੀਰ ਪਾਰਲੀਮੈਂਟ ਦਾ ਘਿਰਾਉ ਕਰੇ ਪਰ ਦਿੱਲੀ ਵਾਲਿਆਂ ਨੇ ਤਾਂ ਵਾਅਦੇ ਨਹੀਂ ਸੀ ਕੀਤੇ, ਇਹ ਤਾਂ ਕੈਪਟਨ ਸਾਹਿਬ ਨੇ ਕੀਤੇ ਹਨ, ਇਸ ਲਈ ਘਿਰਾਉ ਵੀ ਵਿਧਾਨ ਸਭਾ ਦਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਸਿਰਫ਼ ਇਸੇ ਕਰ ਕੇ ਹੀ ਬਣੇ ਕਿਉਂਕਿ ਉਹ ਹਮੇਸ਼ਾ ਜ਼ੁਬਾਨ ਦੇ ਪੱਕੇ ਰਹੇ ਪਰ ਕੈਪਟਨ ਅਮਰਿੰਦਰ ਸਿੰਘ ਦੀ ਇਕ ਸਾਲ ਦੀ ਸਰਕਾਰ ਨੂੰ ਹੀ ਲੋਕ ਨਫ਼ਰਤ ਕਰਨ ਲੱਗ ਪਏ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸਰਕਾਰ ਤੋਂ ਥਰਮਲ ਕਾਮੇ, ਆਂਗਨਵਾੜੀ, ਅਧਿਆਪਕ, ਠੇਕਾ ਮੁਲਾਜ਼ਮ ਸਮੇਤ ਹਰ ਵਰਗ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ ਅਤੇ ਸਰਕਾਰ ਦਾ ਇਹ ਹਾਲ ਹੈ ਕਿ ਅਗਲੇ ਸਾਲ ਦੇ ਬਜਟ ਮੌਕੇ ਪੂਰਾ ਪੰਜਾਬ ਹੀ ਇਸ ਰੈਲੀ ਵਿਚ ਇਕੱਠਾ ਹੋਵੇਗਾ। ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਵੀ ਕੀਤਾ ਕਿ ਅਕਾਲੀ ਭਾਜਪਾ ਗਠਜੋੜ 2019 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ ਸਮੂਹ 13 ਸੀਟਾਂ 'ਤੇ ਜਿੱਤ ਹਾਸਲ ਕਰੇਗਾ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਭ੍ਰਿਸ਼ਟਾਚਾਰ ਨਾਲ ਲਿਪਤ ਹੈ ਅਤੇ ਇਸ ਦੇ 90 ਫ਼ੀ ਸਦੀ ਵਿਧਾਇਕ ਗ਼ੈਰਕਾਨੂੰਨੀ ਕੰਮਾਂ ਵਿਚ ਲੱਗੇ ਹੋਏ ਹਨ। ਇਹੀ ਵਜ੍ਹਾ ਹੈ ਕਿ ਇਕ ਸਾਲ ਵਿਚ ਹੀ ਇਸ ਦੇ ਇਕ ਵਜ਼ੀਰ ਨੂੰ ਅਸਤੀਫ਼ਾ ਤਕ ਦੇਣਾ ਪਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ 2019 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਨਾਲ ਵਿਧਾਨ ਸਭਾ ਚੋਣਾਂ ਵੀ ਕਰਵਾ ਸਕਦੀ ਹੈ, ਇਸ ਲਈ ਸਾਰੇ ਅਕਾਲੀ ਭਾਜਪਾ ਵਰਕਰ ਕਮਕੱਸੇ ਕਰ ਲੈਣ।ਡੱਬੀ

ਮਜੀਠੀਆ ਨੇ ਲਗਵਾਏ ਨਾਹਰੇ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਾ ਨੇ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਬੋਲਣ ਤੋਂ ਪਹਿਲਾਂ ਅਕਾਲੀ ਵਰਕਰਾਂ ਤੋਂ ਨਾਹਰੇ ਲਗਵਾਏ। ਇਸ ਮੌਕੇ ਉਨ੍ਹਾਂ ਕਿਹਾ ਕਿ ਇੰਨੇ ਜੋਸ਼ ਨਾਲ ਜੈਕਾਰੇ ਬੁਲਾਉ ਕੇ ਬੰਟੀ ਬਬਲੀ ਭੁੜਕ ਪੈਣ ਕੁਰਸੀ ਤੋਂ। ਬੰਟੀ ਬਬਲੀ ਤੋਂ ਉਨ੍ਹਾਂ ਦਾ ਇਸ਼ਾਰਾ ਕੈਬਨਿਟ ਵਜ਼ੀਰ ਨਵਜੋਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਵਲ ਸੀ।